ਛੋਟੇ ਕਿਸਾਨਾਂ ਨੂੰ ਖੇਤ ਧੰਦੇ ਵਿੱਚੋਂ ਬਾਹਰ ਕੱਢਣ ਲਈ ਸਰਕਾਰਾਂ ਕਰ ਰਹੀਆਂ ਚਲਾਕੀਆਂ : ਕਿਸਾਨ ਆਗੂ
ਮਮਦੋਟ/ ਫਿਰੋਜ਼ਪੁਰ, ਸਤਪਾਲ ਥਿੰਦ/ਬਲਜੀਤ ਸਿੰਘ/ਸੱਚ ਕਹੂੰ ਨਿਊਜ
ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਦੇ ਸੱਦੇ ‘ਤੇ ਅੱਜ ਵੱਖ-ਵੱਖ ਥਾਵਾਂ ‘ਤੇ ਕਿਸਾਨ-ਮਜ਼ਦੂਰਾਂ ਵੱਲੋਂ ਰੇਲਵੇ ਟ੍ਰੈਕ ਜਾਮ ਕਰਕੇ ਸਰਕਾਰਾਂ ਖਿਲ਼ਾਫ਼ ਰੋਸ ਜਤਾਇਆ ਗਿਆ। ਜ਼ਿਲ੍ਹਾਂ ਫਿਰੋਜ਼ਪੁਰ ‘ਚ ਫਿਰੋਪਜ਼ੁਰ-ਜਲੰਧਰ ਰੇਲਵੇ ਟ੍ਰੈਕ ‘ਤੇ ਬੂਟਾ ਵਾਲਾ ਸਟੇਸ਼ਨ ਅਤੇ ਫਿਰੋਜ਼ਪੁਰ-ਫਾਜ਼ਿਲਕਾ ਰੇਲਵੇ ਟ੍ਰੈਕ ‘ਤੇ ਸਟੇਸ਼ਨ ਝੋਕ ਟਹਿਲ ਸਿੰਘ ਵਾਲਾ ‘ਤੇ ਕਿਸਾਨ-ਮਜ਼ਦੂਰਾਂ ਵੱਲੋਂ ਦੁਪਹਿਰ 1 ਵਜੇ ਤੋਂ 4 ਵਜੇ ਤੱਕ ਰੇਲਵੇ ਟ੍ਰੈਕ ਜਾਮ ਰੱਖਿਆ ਗਿਆ।
ਇਸ ਮੌਕੇ ਅਗਵਾਈ ਕਰਦਿਆਂ ਕਿਸਾਨ ਆਗੂਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਧਰਮ ਸਿੰਘ ਸਿੰਧੂ, ਨਰਿੰਦਰਪਾਲ ਸਿੰਘ ਜਤਾਲਾ ਤੇ ਸੁਖਵੰਤ ਸਿੰਘ ਮਾਦੀਕੇ ਨੇ ਕਿਹਾ ਕਿ ਛੋਟੇ ਕਿਸਾਨਾਂ ਨੂੰ ਖੇਤੀ ਧੰਦੇ ਵਿੱਚੋਂ ਬਾਹਰ ਕੱਢਣ ਲਈ ਤਿਆਰੀ ਸੂਬਾ ਤੇ ਕੇਂਦਰ ਸਰਕਾਰਾਂ ਵੱਲੋਂ ਬੜੀ ਚਲਾਕੀ ਨਾਲ ਕੀਤੀ ਜਾ ਰਹੀ ਹੈ, ਜਿਸ ਤਹਿਤ ਕਿਸਾਨਾਂ ਨੂੰ ਗੰਨੇ ਵਰਗੀਆਂ ਫਸਲਾਂ ਦੇ ਪੈਸੇ ਇੱਕ ਸਾਲ ਬਾਅਦ ਵੀ ਨਹੀਂ ਮਿਲਦੇ।
ਇਸੇ ਤਰ੍ਹਾਂ ਝੋਨੇ ਦੀ ਪਰਾਲੀ ਨੂੰ ਮੁੱਦਾ ਬਣਾ ਕੇ ਸਰਕਾਰਾਂ ਵਾਤਾਵਰਨ ਖਰਾਬ ਕਰਨ ਦਾ ਦੋਸ਼ੀ ਕਿਸਾਨਾਂ ਨੂੰ ਬਣਾ ਰਹੀਆਂ ਹਨ ਅਤੇ ਕਿਸਾਨਾਂ ‘ਤੇ ਪਰਚੇ ਅਤੇ ਜ਼ੁਰਮਾਨੇ ਕੀਤੇ ਜਾ ਰਹੇ ਹਨ ਜੋ ਅਤਿ ਨਿੰਦਣਯੋਗ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਗੰਨੇ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਪਰਾਲੀ ਸਾਂਭਣ ਲਈ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਜ਼ੁਰਮਾਨੇ ਅਤੇ ਪਰਚੇ ਰੱਦ ਕੀਤੇ ਜਾਣ ਸਮੇਤ ਆਦਿ ਮੰਗਾਂ ਨੂੰ ਸਰਕਾਰਾਂ ਨੇ ਜਲਦ ਹੱਲ ਨਾ ਕੀਤਾ ਤਾਂ ਮਜ਼ਬੂਰੀ ਵੱਸ ਕਿਸਾਨਾਂ ਨੂੰ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ।
ਇਸ ਮੌਕੇ ਜਸਵਿੰਦਰ ਸਿੰਘ ਮੱਤੜ, ਮੰਗਲ ਸਿੰਘ ਗੁੰਦੜ ਢੰਡੀ, ਗੁਰਦਿਆਲ ਸਿੰਘ ਟਿੱਬੀ ਕਲਾਂ, ਬੂਟਾ ੰਿਸੰਘ, ਮੇਜਰ ਸਿੰਘ ਕਰੀਆਂ, ਗੁਰਬਨਸ਼ ਸਿੰਘ, ਸਵਰਣ ਸਿੰਘ ਚੱਕ ਬੁੱਢੇ ਸ਼ਾਹ, ਸੁਖਦੇਵ ਸਿੰਘ, ਅਮਰ ਸਿੰਘ ਲੱਖਾ ਸਿੰਘ ਵਾਲਾ, ਬਲਰਾਜ ਸਿੰਘ ਜੱਲੋ ਕੇ, ਸੁਖਦੇਵ ਸਿੰਘ ਆਤੂਵਾਲਾ, ਮਿਲਖਾ ਸਿੰਘ ਅਹਿਮਦ ਢੰਡੀ, ਲਖਬੀਰ ਸਿੰਘ ਮਾੜੇ ਕਲਾ ਆਦਿ ਹਾਜ਼ਰ ਸਨ।
ਰੇਲ ਆਵਾਜਾਈ ਹੋਈ ਪ੍ਰਭਾਵਿਤ
ਕਿਸਾਨਾਂ ਵੱਲੋਂ ਜਾਮ ਕੀਤੇ ਗਏ ਰੇਲਵੇ ਟ੍ਰੈਕ ਕਾਰਨ ਕਈ ਰੇਲਾਂ ਪ੍ਰਭਾਵਿਤ ਹੋਈਆਂ ਅਤੇ ਰੇਲਵੇ ਯਾਤਰੀਆਂ ਨੂੰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਰੇਲਵੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੀਬ 5 ਰੇਲਾਂ ਰੱਦ ਕੀਤੀਆਂ ਗਈ ਅਤੇ ਦੋ ਰੇਲਾਂ ਨੂੰ ਰਸਤੇ ‘ਚ ਰੁਕਣਾ ਪਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।