ਮਾਝੇ ‘ਚ ਅਕਾਲੀ ਦਲ ‘ਚ ਫੁੱਟ ਉੱਭਰਨ ਦੇ ਸੰਕੇਤ
ਪ੍ਰੈਸ ਕਾਨਫਰੰਸ ਤੋਂ ਪਹਿਲਾਂ ਇੱਕ ਘੰਟਾ ਕਰਦੇ ਰਹੇ ਮੀਟਿੰਗ
ਬ੍ਰਹਮਪੁਰਾ ਨੇ ਪਰਕਾਸ਼ ਸਿੰਘ ਬਾਦਲ ਤੋਂ ਬਾਅਦ ਆਪਣੇ-ਆਪ ਨੂੰ ਦੱਸਿਆ ਪਾਰਟੀ ਦਾ ਵੱਡਾ ਲੀਡਰ
ਅੰਮ੍ਰਿਤਸਰ/ਚੰਡੀਗੜ੍ਹ, ਰਾਜਨ ਮਾਨ/ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ
ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫ਼ੇ ਤੋਂ ਬਾਅਦ ਸੁਖ਼ਬੀਰ ਬਾਦਲ ਨੂੰ ਅੱਖਾਂ ਦਿਖਾਉਣ ਦੀ ਤਿਆਰੀ ਵਿੱਚ ਮਾਝੇ ਦੇ ਟਕਸਾਲੀ ਆਗੂ ਸ਼ਾਮ ਤੱਕ ਇਸ ਤਰ੍ਹਾਂ ਢਿੱਲੇ ਪੈ ਗਏ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦੇ ਪ੍ਰਧਾਨ ਖ਼ਿਲਾਫ਼ ਇੱਕ ਵੀ ਸ਼ਬਦ ਬੋਲਣ ਤੋਂ ਸਾਫ਼ ਇਨਕਾਰ ਕਰਦੇ ਹੋਏ ਸਿਰਫ਼ ਇੰਨਾ ਹੀ ਕਹਿ ਕੇ ਚਲਦੇ ਬਣੇ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਕੁਝ ਠੀਕ ਨਹੀਂ ਚਲ ਰਿਹਾ ਹੈ ਪਰ ਉਹ ਆਪਣਾ ਘਰ ਸੰਭਾਲਣਾ ਜਾਣਦੇ ਹਨ। ਇਨ੍ਹਾਂ ਆਗੂਆਂ ਨੇ ਇਸ਼ਾਰਿਆਂ ‘ਚ ਬਿਕਰਮ ਸਿੰਘ ਮਜੀਠੀਆ ਨੂੰ ਮਾਝੇ ਦਾ ਜਰਨੈਲ ਮੰਨਣ ਤੋਂ ਨਾਂਹ ਕਰ ਦਿੱਤੀ। ਸੁਖਬੀਰ ਬਾਦਲ ਖ਼ਿਲਾਫ਼ ਬੋਲਣ ਦੀ ਤਿਆਰੀ ਵਿੱਚ ਆਏ ਦੋ ਟਕਸਾਲੀ ਆਗੂਆਂ ਨੇ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰਦੇ ਹੋਏ ਨੋ ਕਮੈਂਟ, ਨਾਲ ਹੀ ਕੰਮ ਚਲਾਇਆ ਗਿਆ।
ਪ੍ਰੈਸ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਮਾਝੇ ਦੇ ਟਕਸਾਲੀ ਆਗੂਆਂ ਨੇ ਇੱਕ ਲੰਬੀ ਬੰਦ ਕਮਰਾ ਮੀਟਿੰਗ ਕੀਤੀ ਸੀ, ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਕੇਂਦਰ ਦੀ ਭਾਜਪਾ ਖ਼ਿਲਾਫ਼ ਨਜ਼ਲਾ ਝਾੜਦੇ ਹੋਏ ਚੰਡੀਗੜ ਦੇ ਮਾਮਲੇ ਵਿੱਚ ਹੀ ਬੋਲਣਾ ਸ਼ੁਰੂ ਕਰ ਦਿੱਤਾ। ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕਰਨ ਲਈ ਪੁੱਜੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਸਣੇ ਸੇਵਾ ਸਿੰਘ ਸੇਖਵਾਂ ਨੇ ਚਰਚਾ ਤੋਂ ਉਲਟ ਪਲਟੀ ਮਾਰਦੇ ਹੋਏ ਕਿਹਾ ਕਿ ਉਹ ਤਾਂ
ਸ਼੍ਰੋਮਣੀ ਅਕਾਲੀ ਦਲ ਦੇ ਸੱਚੇ ਸੁੱਚੇ ਸਿਪਾਹੀ ਹਨ ਅਤੇ ਕਿਸੇ ਵੀ ਕੀਮਤ ‘ਤੇ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਵੀ ਨਹੀਂ ਸਕਦੇ ਹਨ। ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਕੁਝ ਠੀਕ ਨਹੀਂ ਚਲ ਰਿਹਾ ਹੈ, ਜਿਸ ਕਾਰਨ ਸੁਖਦੇਵ ਢੀਂਡਸਾ ਨੇ ਆਪਣਾ ਅਸਤੀਫ਼ਾ ਦਿੱਤਾ ਹੈ, ਇਸ ਲਈ ਜਿਆਦਾ ਕੁਝ ਦੱਸਣ ਦੀ ਜਰੂਰਤ ਨਹੀਂ ਹੈ, ਇਥੇ ਹੀ ਉਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਜਿਹੜਾ ਕੁਝ ਗਲਤ ਚਲ ਰਿਹਾ ਹੈ, ਉਸ ਨੂੰ ਠੀਕ ਕਰਨ ਦੀ ਕੋਸ਼ਸ਼ ਕਰਨਗੇ। ਇਥੇ ਹੀ ਉਨਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਚਰਚਾ ਕੀਤਾ ਜਾਏਗਾ, ਇਸ ਲਈ ਮੀਡੀਆ ਵਿੱਚ ਕੁਝ ਵੀ ਬੋਲਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ ਹੈ।
ਬ੍ਰਹਮਪੁਰਾ ਨੇ ਕਿਹਾ ਕਿ ਉਹ ਇਥੇ ਮਾਝੇ ਇਲਾਕੇ ਬਾਰੇ ਮੀਟਿੰਗ ਕਰਨ ਲਈ ਆਏ ਸਨ ਅਤੇ ਹੁਣ ਹਮੇਸ਼ਾ ਹੀ ਪੱਕੇ ਤੌਰ ‘ਤੇ 2-3 ਹਫ਼ਤੇ ਬਾਅਦ ਇਥੇ ਮੀਟਿੰਗ ਕੀਤੀ ਜਾਇਆ ਕਰੇਗੀ, ਇਸ ਮੀਟਿੰਗ ਵਿੱਚ ਬਿਕਰਮ ਮਜੀਠਿਆ ਨੂੰ ਸੱਦਣ ਬਾਰੇ ਉਨਾਂ ਨੇ ਇਨਕਾਰ ਕਰ ਦਿੱਤਾ। ਇਥੇ ਹੀ ਟਕਸਾਲੀ ਲੀਡਰਾਂ ਨੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਸੁਆਲ ਚੁਕਦੇ ਹੋਏ ਕਿਹਾ ਕਿ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਕਿਸੇ ਨੂੰ ਵੀ ਦੋਸ਼ੀ ਕਰਾਰ ਨਹੀਂ ਦਿੱਤਾ ਹੈ। ਜਿਸ ਕਾਰਨ ਕਿਸੇ ਖ਼ਿਲਾਫ਼ ਕਾਰਵਾਈ ਕਰਨ ਤੋਂ ਪਹਿਲਾਂ ਪੁਲਿਸ ਨੂੰ ਆਪਣੀ ਜਾਂਚ ਮੁਕੰਮਲ ਕਰ ਲੈਣੀ ਚਾਹੀਦੀ ਹੈ ਕਿ ਆਖ਼ਰਕਾਰ ਕੌਣ ਦੋਸ਼ੀ ਹੈ ਅਤੇ ਕੌਣ ਦੋਸ਼ੀ ਨਹੀਂ ਹੈ।
ਰੂਪੋਸ਼ ਹੋ ਗਏ ਸੁਖਦੇਵ ਢੀਂਡਸਾ, ਲੱਭਦਾ ਫਿਰ ਰਿਹੈ ਅਕਾਲੀ ਦਲ
ਸੁਖਦੇਵ ਢੀਂਡਸਾ ਆਪਣਾ ਅਸਤੀਫ਼ਾ ਦੇਣ ਤੋਂ ਬਾਅਦ ਰੂਪੋਸ਼ ਹੋ ਗਏ ਹਨ ਅਤੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਲੱਭਦੀ ਨਜ਼ਰ ਆ ਰਹੀ ਹੈ। ਸੁਖਦੇਵ ਢੀਂਡਸਾ ਨਾਲ ਫੋਨ ਰਾਹੀਂ ਵੀ ਸ਼੍ਰੋਮਣੀ ਅਕਾਲੀ ਦਲ ਸੰਪਰਕ ਨਹੀਂ ਕਰ ਸਕਿਆ ਹੈ ਤਾਂ ਉਨ੍ਹਾਂ ਦੀਆਂ ਕੋਠੀਆਂ ਸਣੇ ਰਿਸ਼ਤੇਦਾਰਾਂ ਤੱਕ ਦੀਆਂ ਕੋਠੀਆਂ ਵਿੱਚ ਸੁਖਦੇਵ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਲੱਭਣ ਦੀ ਕੋਸ਼ਸ਼ ਕੀਤੀ ਹੈ ਪਰ ਉਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ ਹੈ, ਜਿਸ ਕਾਰਨ ਹੁਣ ਤੱਕ ਉਨ੍ਹਾਂ ਨਾਲ ਪਾਰਟੀ ਦਾ ਕੋਈ ਵੀ ਆਗੂ ਮੁਲਾਕਾਤ ਨਹੀਂ ਕਰ ਸਕਿਆ
ਬਾਦਲ ਨੇ ਕੀਤੀ ਅਪੀਲ, ਢੀਂਡਸਾ ਨੇ ਨਕਾਰੀ
ਪਰਕਾਸ਼ ਸਿੰਘ ਬਾਦਲ ਨੇ ਸੁਖਦੇਵ ਢੀਂਡਸਾ ਸਣੇ ਟਕਸਾਲੀ ਅਕਾਲੀ ਲੀਡਰਾਂ ਨੂੰ ਔਖੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰਨ ਤੇ ਇਸ ਤਰ੍ਹਾਂ ਛੱਡ ਕੇ ਨਹੀਂ ਭੱਜਣ ਦੀ ਅਪੀਲ ਕੀਤੀ ਹੈ। ਇਸ ਅਪੀਲ ‘ਚ ਪਰਕਾਸ਼ ਸਿੰਘ ਬਾਦਲ ਨੇ ਸੁਖਦੇਵ ਢੀਂਡਸਾ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਲਈ ਵੀ ਕਿਹਾ ਹੈ। ਇਸ ਅਪੀਲ ਤੋਂ ਬਾਅਦ ਸੁਖਦੇਵ ਢੀਂਡਸਾ ਨੇ ਕੁਝ ਪੱਤਰਕਾਰਾਂ ਨਾਲ ਕਿਸੇ ਹੋਰ ਦੇ ਫੋਨ ‘ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਪਰਕਾਸ਼ ਸਿੰਘ ਬਾਦਲ ਦੀ ਅਪੀਲ ਨੂੰ ਮੰਨਣ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿਹਤ ਹੀ ਜਦੋਂ ਠੀਕ ਨਹੀਂ ਹੈ ਤਾਂ ਉਹ ਸਰਗਰਮ ਸਿਆਸਤ ‘ਚ ਕਿਵੇਂ ਵਾਪਸੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਆਪਣਾ ਸਟੈਂਡ ਸਪੱਸ਼ਟ ਕਰ ਚੁੱਕੇ ਹਨ ਤੇ ਹੁਣ ਸਟੈਂਡ ਤੋਂ ਪਿੱਛੇ ਹਟਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।