ਨਾਭਾ ਡਕੈਤੀ ਮਾਮਲਾ: ਹਵਾਲਦਾਰ ਹੀ ਸੀ ਡਕੈਤ

ਹੌਲਦਾਰ ਸਮੇਤ ਚਾਰ ਵਿਅਕਤੀ ਲੁੱਟੀ ਗਈ ਰਕਮ, ਗਹਿਣੇ, ਸਕੂਟਰ ਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ

ਪੈਸੇ ਦੇ ਲੋਭ ਨੇ ਸਟਾਰ ਲੁਹਾ, ਲੁਆ ਦਿੱਤੀਆਂ ਹਨ ਹਥਕੜੀਆਂ, ਹੌਲਦਾਰ ਨੇ ਲੁੱਟੇ ਸਨ 6 ਲੱਖ ਰੁਪਏ

 

 
ਖੁਸ਼ਵੀਰ ਸਿੰਘ ਤੂਰ
ਪਟਿਆਲਾ, 8 ਸਤੰਬਰ

 
ਨਾਭਾ ‘ਚ ਇੱਕ ਡਾਕਟਰ ਦੇ ਘਰ ਡਕੈਤੀ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਇਸ ਡਕੈਤੀ ਨੂੰ ਕਿਸੇ ਹੋਰ ਨੇ ਨਹੀਂ, ਸਗੋਂ ਪੰਜਾਬ ਪੁਲਿਸ ਦੇ ਹੀ ਇੱਕ ਹੌਲਦਾਰ ਵੱਲੋਂ ਆਪਣੇ ਸਾਥੀਆਂ ਸਮੇਤ ਅੰਜਾਮ ਦਿੱਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ‘ਚ ਹੌਲਦਾਰ ਸਮੇਤ ਚਾਰ ਵਿਅਕਤੀਆਂ ਨੂੰ ਲੁੱਟੀ ਗਈ ਰਕਮ, ਗਹਿਣੇ, ਸਕੂਟਰ ਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਹੈ।

 

 

ਮਨਜੀਤ ਬਰਾੜ ਐੱਸਪੀ (ਡੀ) ਦੀ ਨਿਗਰਾਨੀ ਹੇਠ ਸਪੈਸ਼ਲ ਟੀਮ ਗਠਿਤ ਕੀਤੀ ਗਈ ਸੀ

ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਡਾ. ਰਾਜੇਸ਼ ਗੋਇਲ ਵਾਸੀ ਨਵਦੀਪ ਮਾਰਗਹੀਰਾ ਮਹਿਲ ਨਾਭਾ (ਰਿਟਾਇਡ ਐੱਸਐੱਮਓ) ਜਿਸ ਦਾ ਆਪਣੇ ਘਰ ਦੇ ਸਾਹਮਣੇ ਆਰ. ਜੀ. ਨਰਸਿੰਗ ਹੋਮ ਐਂਡ ਹਾਰਟ ਕੇਅਰ ਸੈਂਟਰ ਹਸਪਤਾਲ ਹੈ, 3 ਸਤੰਬਰ ਨੂੰ ਜਦੋਂ ਉਹ ਆਪਣੇ ਹਸਪਤਾਲ ਤੋਂ ਘਰ ਅੰਦਰ ਦਾਖਲ ਹੋਇਆ ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ‘ਤੇ ਤਿੱਖੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਕਰੀਬ 6 ਲੱਖ 30 ਹਜ਼ਾਰ ਰੁਪਏ ਦੀ ਨਗਦੀ, ਗਹਿਣੇ ਆਦਿ ਲੁੱਟ ਲਏ ਇਸ ਕੇਸ ਨੂੰ ਟਰੇਸ ਕਰਨ ਲਈ ਮਨਜੀਤ ਸਿੰਘ ਬਰਾੜ ਐੱਸਪੀ (ਡੀ) ਦੀ ਨਿਗਰਾਨੀ ਹੇਠ ਸਪੈਸ਼ਲ ਟੀਮ ਗਠਿਤ ਕੀਤੀ ਗਈ।

 

ਨਾਕਾਬੰਦੀ ਦੌਰਾਨ 4 ਮੁਲਜ਼ਮ ਕਾਬੂ

ਸੀਆਈਏ ਦੇ ਇੰਚਾਰਜ਼ ਇੰਸਪੈਕਟਰ ਸ਼ਮਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਪੁਲ ਨਹਿਰ ਪਿੰਡ ਭੋਜੋਮਾਜਰੀ ਵਿਖੇ ਨਾਕਾਬੰਦੀ ਦੌਰਾਨ 4 ਮੁਲਜ਼ਮਾਂ ਜਿਨ੍ਹਾਂ ‘ਚ ਗੁਰਇਕਬਾਲ ਸਿੰਘ ਉਰਫ ਗਗਨ ਉਰਫ ਗੁਰੀ (ਹੌਲਦਾਰ ਜ਼ਿਲ੍ਹਾ ਪੁਲਿਸ ਸੰਗਰੂਰ) ਵਾਸੀ ਨਾਭਾ, ਸਤਗੁਰ ਦਾਸ ਵਾਸੀ ਲੁਬਾਣਾ ਕਰਮੁ ਥਾਣਾ ਸਦਰ ਨਾਭਾ ਨੂੰ ਇੱਕ ਸਕੂਟਰ ਤੇ ਲਾਡੀ ਦਾਸ ਉਰਫ ਲਾਡੀ ਵਾਸੀ ਲੁਬਾਣਾ ਕਰਮੁ ਤੇ ਰਣਜੀਤ ਸਿੰਘ ਉਰਫ ਜੀਤ ਪੁੱਤਰ ਵਾਸੀ ਬਿਰੜਵਾਲ ਨਾਭਾ ਨੂੰ ਮੋਟਰਸਾਈਕਲ ਤੋਂ ਕਾਬੂ ਕਰਕੇ ਉਨ੍ਹਾਂ ਪਾਸੋਂ ਡਕੈਤੀ ਦੌਰਾਨ ਲੁੱਟੀ ਗਈ ਰਕਮ, ਸੋਨੇ ਦੇ ਗਹਿਣੇ ਤੇ ਹੋਰ ਸਮਾਨ ਬਰਾਮਦ ਕੀਤੇ ਗਏ।

 

ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ

 

ਐੱਸਐੱਸਪੀ ਨੇ ਦੱਸਿਆ ਕਿ ਇਸ ਗਿਰੋਹ ਦਾ ਮੁੱਖ ਸਰਗਨਾ ਗੁਰਇਕਬਾਲ ਸਿੰਘ ਉਮਰ ਕਰੀਬ 30 ਸਾਲ ਜੋ ਮਹਿਕਮਾ ਪੰਜਾਬ ਪੁਲਿਸ ਜ਼ਿਲ੍ਹਾ ਸੰਗਰੂਰ ਵਿੱਚ ਸਾਲ 2010 ‘ਚ ਬਤੌਰ ਸਿਪਾਹੀ ਭਰਤੀ ਹੋਇਆ ਸੀ ਜੋ ਹੁਣ ਬਤੌਰ ਹੌਲਦਾਰ ਚੰਡੀਗੜ੍ਹ ਵਿਖੇ ਡਿਊਟੀ ਨਿਭਾ ਰਿਹਾ ਹੈ। ਸਤਗੁਰ ਦਾਸ ਲੇਬਰ ਦਾ ਕੰਮ ਕਰਦਾ ਹੈ, ਲਾਡੀ ਦਾਸ ਗੱਡੀਆਂ ਦੀ ਰਿਪੇਅਰ ਦਾ ਕੰਮ ਭਾਦਸੋਂ ਰੋਡ ਨਾਭਾ ਵਿਖੇ ਬਣੀ ਵਰਕਸ਼ਾਪ ਵਿੱਚ ਕੰਮ ਕਰਦਾ ਹੈ ਤੇ ਰਣਜੀਤ ਸਿੰਘ ਜੀਤ ਪਹਿਲਵਾਨੀ ਤੇ ਕਬੱਡੀ ਖੇਡਦਾ ਹੈ। ਇਨ੍ਹਾਂ ਦੀ ਆਪਸੀ ਜਾਣ ਪਹਿਚਾਣ ਤੇ ਦੋਸਤੀ ਗੋਲੂ
ਪਹਿਲਵਾਨ ਦਾ ਅਖਾੜਾ ਪਿੰਡ ਬਿਰੜਵਾਲ ਵਿਖੇ ਹੋਈ ਸੀ, ਜਿੱਥੇ ਇਹ ਆਮ ਤੌਰ ‘ਤੇ ਮਿਲਦੇ ਸਨ। ਮੁਲਜਮ ਗੁਰਇਕਬਾਲ ਸਿੰਘ ਨੇ ਡਾਕਟਰ ਰਾਜੇਸ਼ ਗੋਇਲ ਪਾਸ ਚੰਗੇ ਪੈਸੇ ਹੋਣ ਦੇ ਲਾਲਚ ਵਿੱਚ ਆ ਕੇ ਆਪਣੇ ਸਾਥੀਆਂ ਨਾਲ ਪਹਿਲਾਂ ਰੈਕੀ ਕੀਤੀ, ਫਿਰ ਸਮਾਂ ਆਉਣ ‘ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਮੁਲਜਮਾਂ ਨੂੰ ਅਦਾਲਤ ‘ਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਪਾਸੋਂ ਅੱਗੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਨ੍ਹਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।