ਭਾਗ – ਚੌਥਾ
ਬੇਅਦਬੀ ਕਾਂਡ ਦਾ ਦੋਸ਼ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਸਿਰ ਮੜ੍ਹਨ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਪੰਜਾਬ ‘ਚ ਐੱਮਐੱਸਜੀ ਦ ਮੈਸੰਜਰ ਫਿਲਮ ‘ਤੇ ਲੱਗੀ ਪਾਬੰਦੀ ਦੇ ਨਾਂਅ ‘ਤੇ ਬੇਬੁਨਿਆਦ ਕਹਾਣੀ ਘੜ ਲਈ ਹਾਲਾਂਕਿ ਇਸ ਫਿਲਮ ਦਾ ਬੇਅਦਬੀ ਦੀਆਂ ਘਟਨਾਵਾਂ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਸੀ।
ਕਮਿਸ਼ਨ ਨੇ ਦਾਅਵਾ ਕੀਤਾ ਹੈ ਕਿ ‘ਐੱਮਐੱਸਜੀ-2 ਦ ਮੈਸੰਜਰ’ ਫਿਲਮ ਪੰਜਾਬ ‘ਚ ਰਿਲੀਜ਼ ਨਹੀਂ ਕੀਤੀ ਗਈ ਸੀ। ਪੰਜਾਬ ਸਰਕਾਰ ਨੇ ਫਿਲਮ ‘ਤੇ ਪਾਬੰਦੀ ਲਾ ਦਿੱਤੀ ਸੀ। ਇਸ ਲਈ ਡੇਰਾ ਪ੍ਰੇਮੀਆਂ ਨੇ ਭੜਕ ਕੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਕੀਤੀ। ਇਹ ਗੱਲਾਂ ਬੜੀਆਂ ਬੇਤੁਕੀਆਂ ਹਨ ਇੱਕ ਪਾਸੇ ਤਾਂ ਕਮਿਸ਼ਨ ਕਹਿ ਰਿਹਾ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਡੇਰਾ ਪ੍ਰੇਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।
ਦੂਜੇ ਪਾਸੇ ਕਮਿਸ਼ਨ ਹੀ ਕਹਿ ਰਿਹਾ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਹੀ ਫਿਲਮ ‘ਤੇ ਪਾਬੰਦੀ ਲਾਈ ਸੀ। ਫਿਲਮ ‘ਤੇ ਪਾਬੰਦੀ ਲਾਉਣ ਵਾਲੀ ਅਕਾਲੀ-ਭਾਜਪਾ ਸਰਕਾਰ ਪ੍ਰੇਮੀਆਂ ਦੇ ਪੱਖ ‘ਚ ਕਿਵੇਂ ਹੋਈ? ਕਮਿਸ਼ਨ ਨੇ ਗਵਾਹਾਂ ਦੇ ਅਧਾਰ ‘ਤੇ ਦਾਅਵਾ ਕੀਤਾ ਹੈ ਕਿ ਫਿਲਮ ਨੂੰ ਚਲਾਉਣ ਲਈ ਅਕਾਲੀਆਂ ਨੇ ਡੇਰੇ ਨਾਲ ਮੁੰਬਈ ਵਿਖੇ ਅਦਾਕਾਰ ਅਕਸ਼ੈ ਕੁਮਾਰ ਦੇ ਘਰ 100 ਕਰੋੜ ਦੀ ਡੀਲ ਕੀਤੀ, ਜਿਸ ਦੇ ਤਹਿਤ ਸਿੱਖਾਂ ਦੀ ਸਰਵੋਤਮ ਸੰਸਥਾ ਵੱਲੋਂ ਡੇਰੇ ਦੇ ਬਾਈਕਾਟ ਸਬੰਧੀ ਹੁਕਮਨਾਮਾ ਵਾਪਸ ਲੈ ਕੇ ਫਿਲਮ ਰਿਲੀਜ਼ ਕਰਵਾਈ ਗਈ ਪਰ ਅਕਸ਼ੈ ਕੁਮਾਰ ਕਹਿ ਰਹੇ ਹਨ ਕਿ ਉਸ ਦੇ ਘਰ ਤਾਂ ਕੋਈ ਅਕਾਲੀ ਆਗੂ ਆਇਆ ਹੀ ਨਹੀਂ।
ਕਮਿਸ਼ਨ ਕੋਲ ਕੋਈ ਅਜਿਹਾ ਸਬੂਤ ਜਾਂ ਤਸਵੀਰਾਂ ਵੀ ਨਹੀਂ ਜਿਸ ਤੋਂ ਸਾਬਤ ਹੋਵੇ ਕਿ ਸੁਖਬੀਰ ਬਾਦਲ ਅਕਸ਼ੈ ਕੁਮਾਰ ਦੇ ਘਰ ਆਏ ਸਨ। ਕਮਿਸ਼ਨ ਦੀ ਰਿਪੋਰਟ ਸਿਰਫ ਝੂਠੀ ਗਵਾਹੀ ‘ਤੇ ਖੜ੍ਹੀ ਸੀ, ਜਿਸ ਦਾ ਪਰਦਾਫਾਸ਼ ਗਵਾਹ ਹਿੰਮਤ ਸਿੰਘ ਨੇ ਰਿਪੋਰਟ ਪੇਸ਼ ਹੋਣ ਤੋਂ ਪਹਿਲਾਂ ਹੀ ਕਰ ਦਿੱਤਾ, ਫਿਰ ਅਕਸ਼ੈ ਕੁਮਾਰ ਬਿਆਨ ਤੋਂ ਬਾਅਦ ਬਿੱਲੀ ਥੈਲਿਓਂ ਬਾਹਰ ਆ ਹੀ ਗਈ। ਨਾ ਤਾਂ ਅਕਾਲੀਆਂ ਨੇ ਕੋਈ ਡੀਲ ਕੀਤੀ ਸੀ ਤੇ ਨਾ ਹੀ ਡੇਰਾ ਪ੍ਰੇਮੀਆਂ ਦਾ ਸਾਥ ਦਿੱਤਾ ਹੁਣ ਸਵਾਲ ਇਹ ਉੱਠਦਾ ਹੈ ਫਿਲਮ ‘ਤੇ ਪਾਬੰਦੀ ਤਾਂ ਅਕਾਲੀ-ਭਾਜਪਾ ਸਰਕਾਰ ਨੇ ਲਾਈ ਸੀ।
ਕਿਸੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਤਾਂ ਲਾਈ ਨਹੀਂ ਸੀ, ਜਿਸ ਕਾਰਨ ਡੇਰਾ ਸ਼ਰਧਾਲੂਆਂ ਦਾ ਕਿਸੇ ਗੁਰੂ ਘਰ ਨਾਲ ਵਿਰੋਧ ਹੁੰਦਾ ਨਾ ਹੀ ਬੇਅਦਬੀ ਦੀਆਂ ਘਟਨਾਵਾਂ ਨਾਲ ਸਬੰਧਿਤ ਪਿੰਡਾਂ ਦੇ ਕਿਸੇ ਵੀ ਧਾਰਮਿਕ ਆਗੂ ਨੇ ਅਜਿਹਾ ਕੋਈ ਐਲਾਨ ਹੀ ਕੀਤਾ ਸੀ ਕਿ ਉਹ ਫਿਲਮ ਨਹੀਂ ਚੱਲਣ ਦੇਣਗੇ ਫਿਰ ਡੇਰਾ ਸ਼ਰਧਾਲੂ ਕਿਸ ਤੋਂ ਬਦਲਾ ਲੈਣ ਦੀ ਸੋਚਦੇ? ਦਰਅਸਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਹਿਲੀ ਫਿਲਮ ਫਰਵਰੀ 2015 ‘ਚ ਪੰਜਾਬ ਨੂੰ ਛੱਡ ਕੇ ਸਾਰੇ ਦੇਸ਼ ‘ਚ ਰਿਲੀਜ਼ ਹੋਈ ਸੀ।
ਪੰਜਾਬ ਦੇ ਡੇਰਾ ਪ੍ਰੇਮੀਆਂ ਨੇ ਵੱਡੀ ਗਿਣਤੀ ‘ਚ ਚੰਡੀਗੜ੍ਹ ਤੇ ਹਰਿਆਣਾ ਦੇ ਸ਼ਹਿਰਾਂ ‘ਚ ਜਾ ਕੇ ਇਹ ਫਿਲਮ ਵੇਖੀ ਪਹਿਲੀ ਫਿਲਮ ਦਾ ਵਿਰੋਧ ਹਰਿਆਣਾ ਦੀ ਇੱਕ ਸਿਆਸੀ ਪਾਰਟੀ ਦੇ ਵਰਕਰਾਂ ਨੇ ਕੀਤਾ ਸੀ। ਇਸ ਤੋਂ ਇਲਾਵਾ ਕੁਝ ਗੈਰ-ਸਿਆਸੀ ਜਾਂ ਅਖੌਤੀ ਧਾਰਮਿਕ ਆਗੂਆਂ ਨੇ ਕੀਤਾ ਜੋ ਕਈ ਦਹਾਕਿਆਂ ਤੋਂ ਹੀ ਡੇਰੇ ਦੇ ਵਿਰੁੱਧ ਸਰਗਰਮੀਆਂ ਚਲਾ ਰਹੇ ਸਨ। ਇਨ੍ਹਾਂ ਸੰਗਠਨਾਂ ਦਾ ਵੀ ਸਿਆਸੀ ਪਾਰਟੀਆਂ ਨਾਲ ਸਬੰਧ ਹੈ ਜੋ ਧਰਮ ਦੇ ਨਾਂਅ ‘ਤੇ ਡੇਰੇ ਦਾ ਵਿਰੋਧ ਕਰਕੇ ਆਪਣੀ ਪਾਰਟੀ ਦੇ ਹੁਕਮ ਅਨੁਸਾਰ ਕੰਮ ਕਰ ਰਹੇ ਸਨ।
ਪੰਜਾਬ ‘ਚ ਜਦੋਂ ਫਿਲਮ ਸਰਕਾਰ ਨੇ ਹੀ ਚੱਲਣ ਨਹੀਂ ਦਿੱਤੀ ਸੀ ਤਾਂ ਸ਼ਰਧਾਲੂਆਂ ਰੋਸ ਵੀ ਸਰਕਾਰ ਅੱਗੇ ਹੀ ਪ੍ਰਗਟ ਕੀਤਾ ਸੀ ਨਾ ਕਿ ਕਿਸੇ ਧਾਰਮਿਕ ਅਸਥਾਨ ਅੱਗੇ ਅਸਲ ਸੱਚਾਈ ਇਹ ਹੈ ਕਿ ਪਹਿਲੀ ਫਿਲਮ ਐੱਮਐੱਸਜੀ ਦ ਮੈਸੰਜਰ ਨੂੰ ਦੇਸ਼-ਵਿਦੇਸ਼ ‘ਚ ਭਰਪੂਰ ਹੁੰਗਾਰਾ ਮਿਲਿਆ ਸੀ। ‘ਬਾਰਡਰ’ ਫਿਲਮ ਦੇ ਡਾਇਰੈਕਟਰ ਸਮੇਤ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਤੇ ਬੁੱਧੀਜੀਵੀਆਂ ਨੇ ਫਿਲਮ ਨੂੰ ਸਮਾਜ ਸੁਧਾਰ ਦੇ ਖੇਤਰ ‘ਚ ਵੱਡੀ ਕ੍ਰਾਂਤੀ ਕਰਾਰ ਦਿੱਤਾ ਸੀ।
ਇਹ ਫਿਲਮ ਨਸ਼ਿਆਂ ਦੇ ਖਿਲਾਫ ਵੱਡੀ ਚੋਟ ਸੀ ਤੇ ਉਸ ਵੇਲੇ ਪੰਜਾਬ ਨਸ਼ਿਆਂ ਦੀ ਮਾਰ ਹੇਠ ਬੁਰੀ ਤਰ੍ਹਾਂ ਆਇਆ ਹੋਇਆ ਸੀ। ਕਾਂਗਰਸ ਨੇ ਨਸ਼ਿਆਂ ਨੂੰ ਅਕਾਲੀ-ਭਾਜਪਾ ਸਰਕਾਰ ਖਿਲਾਫ ਮੁੱਦਾ ਬਣਾ ਲਿਆ ਸੀ। ਇਸ ਲਈ ਨਸ਼ਿਆਂ ਖਿਲਾਫ ਸੰਦੇਸ਼ ਦੇਣ ਵਾਲੀ ਫਿਲਮ ਦਾ ਪੰਜਾਬ ‘ਚ ਰਿਲੀਜ਼ ਨਾ ਹੋਣਾ ਅਕਾਲੀ-ਭਾਜਪਾ ਸਰਕਾਰ ਲਈ ਨਮੋਸ਼ੀ ਬਣ ਗਿਆ। ਫਿਲਮ ‘ਤੇ ਪਾਬੰਦੀ ਲਾਉਣ ਕਾਰਨ ਸਰਕਾਰ ਬੁਰੀ ਤਰ੍ਹਾਂ ਬਦਨਾਮ ਹੋ ਚੁੱਕੀ ਸੀ।
ਫਿਲਮ ਦੇ ਉੱਚੇ-ਸੁੱਚੇ ਸੰਦੇਸ਼ ਕਾਰਨ ਤੇ ਪੰਜਾਬ ‘ਚ ਨਸ਼ਿਆਂ ਦੀ ਮਾਰ ਕਾਰਨ ਸਰਕਾਰ ਨੂੰ ਅਕਤੂਬਰ 2015 ‘ਚ ਦੂਜੀ ਫਿਲਮ ਐੱਮਐੱਸਜੀ-2 ਮੈਸੰਜਰ ਰਿਲੀਜ਼ ਕਰਨੀ ਹੀ ਪਈ। ਜਿੱਥੋਂ ਤੱਕ ਡੇਰੇ ਦਾ ਬਾਈਕਾਟ ਵਾਪਸ ਕਰਨ ਦਾ ਸਬੰਧ ਹੈ ਜੇਕਰ ਫਿਲਮ ਖਾਤਰ ਹੀ ਇਹ ਵਾਪਸ ਕਰਵਾਉਣਾ ਸੀ ਤਾਂ ਪਹਿਲੀ ਫਿਲਮ ਤੋਂ ਪਹਿਲਾਂ ਹੀ ਕਿਉਂ ਨਾ ਕਰਵਾਇਆ ਗਿਆ। ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਰਿਪੋਰਟ ਤੇ ਜਸਟਿਸ ਕਮਿਸ਼ਨ ਕਹਿ ਰਹੇ ਹਨ ਕਿ ਡੇਰਾ ਸ਼ਰਧਾਲੂਆਂ ਨੇ ਫਿਲਮ ਨਾ ਚੱਲਣ ਦੇ ਰੋਸ ਵਜੋਂ ਬੇਅਦਬੀ ਕੀਤੀ ਪਰ ਉਹ ਇਸ ਗੱਲ ‘ਤੇ ਚੁੱਪ ਹਨ ਕਿ ਹਿੰਦੂ ਤੇ ਮੁਸਲਮਾਨ ਧਰਮ ਗੰ੍ਰਥਾਂ ਦੀ ਬੇਅਦਬੀ ਵੀ ਸੰਨ 2015 ‘ਚ ਹੋਈ ਸੀ ਕੀ ਕਿਸੇ ਹੋਰ ਸੰਸਥਾਂ ਨੇ ਆਪਣੀ ਫਿਲਮ ਰਿਲੀਜ਼ ਨਾ ਹੋਣ ਕਰਕੇ ਇਹ ਹਰਕਤ ਕੀਤੀ ਸੀ ਕੀ ਹਿੰਦੂ ਜਾਂ ਮੁਸਲਮਾਨ ਧਰਮ ਦੇ ਲੋਕਾਂ ਨੇ ਕਿਸੇ ਫਿਲਮ ਦਾ ਵਿਰੋਧ ਕੀਤਾ ਸੀ?
ਦਰਅਸਲ ਇਹ ਸਾਰਾ ਝੂਠ ਅਡੰਬਰ ਸੀ ਜੋ ਕਮਿਸ਼ਨ ਨੇ ਘੜ ਲਿਆ। ਨਾਲੇ ਇਹ ਸਵਾਲ ਵੀ ਉਠਦਾ ਹੈ ਕੀ ਕੋਈ ਚੋਰੀ ਕਰਨ ਜਾਂ ਡਾਕਾ ਮਾਰਨ ਵਾਲਾ ਵਿਅਕਤੀ ਕੁਝ ਦਿਨ ਪਹਿਲਾਂ ਐਲਾਨ ਕਰੇਗਾ ਕਿ ਉਹ ਆਉਣ ਵਾਲੇ ਦਿਨਾਂ ‘ਚ ਡਾਕਾ ਮਾਰੇਗਾ? ਇਹ ਤਾਂ ਡੇਰਾ ਪ੍ਰੇਮੀਆਂ ਨੂੰ ਫਸਾਉਣ ਲਈ ਉਨ੍ਹਾਂ ਦੇ ਨਾਂਅ ‘ਤੇ ਪੋਸਟਰ ਲਾਏ ਗਏ ਸਨ। ਦੇਸ਼ ਅੰਦਰ ਪੁਲਿਸ ਦੀਆ ਕਹਾਣੀਆਂ ਨੂੰ ਕੌਣ ਨਹੀਂ ਜਾਣਦਾ? ਕਿਸ ਤਰ੍ਹਾਂ ਬੇਕਸੂਰਾਂ ਨੂੰ ਅੱਤਵਾਦੀ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ।
ਇਹ ਤਾਂ ਪੰਜਾਬੀਆਂ ਨੇ ਹੀ ਵੇਖਿਆ ਹੈ ਜਦੋਂ ਸੰਨ 2007 ‘ਚ ਦੋ ਡੇਰਾ ਸ਼ਰਧਾਲੂ ਮਹਿਲਾਵਾਂ ਨੂੰ ਮਨੁੱਖੀ ਬੰਬ ਕਰਾਰ ਦਿੱਤਾ ਗਿਆ ਪਰ ਸੱਚਾਈ ਸਾਹਮਣੇ ਆਉਣ ‘ਤੇ ਪੁਲਿਸ ਮੂੰਹ ਨਹੀਂ ਲੁਕਾ ਸਕੀ ਸੀ। ਕਮਿਸ਼ਨ ਦੀ ਸਿਆਸੀ ਮਨੋਰਥਾਂ ਅਨੁਸਾਰ ਢਾਲੀ ਗਈ ਰਿਪੋਰਟ ਨੇ ਡੇਰਾ ਪ੍ਰੇਮੀਆਂ ਨੂੰ ਕਸੂਰਵਾਰ ਦੱਸ ਕੇ ਸੱਚਾਈ, ਨਿਰਪੱਖਤਾ ਤੇ ਤੱਥਾਂ ਨੂੰ ਖੂਹ ਖਾਤੇ ਪਾ ਦਿੱਤਾ ਹੈ।
ਇਹੀ ਚਾਲਾਂ 1947 ਤੋਂ ਪਹਿਲਾਂ ਦੇਸ਼ ਵੰਡ ਦਾ ਕਾਰਨ ਬਣੀਆਂ, ਇਹੀ ਚਾਲਾਂ 1980 ਦੇ ਦਹਾਕੇ ‘ਚ ਵਾਪਰੀਆਂ ਜਦੋਂ ਮੰਦਰ ‘ਚ ਗਊਆਂ ਦੀਆਂ ਪੂਛਾਂ ਸੁੱਟੀਆਂ ਤੇ ਗੁਰਦੁਆਰਿਆਂ ‘ਚ ਤੰਬਾਕੂ ਵਾਲੀਆਂ ਚੀਜ਼ਾਂ ਹੁਣ ਫਿਰ ਸਿਆਸੀ ਨਿਸ਼ਾਨਿਆਂ ਦੀ ਪੂਰਤੀ ਲਈ ਪੰਜਾਬ ਦੇ ਅਮਨ-ਚੈਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਝੂਠ ਪਹਿਲਾਂ ਹੀ ਸਾਹਮਣੇ ਆ ਗਿਆ ਉਮੀਦ ਹੈ ਕਿ ਪੰਜਾਬ ਦੇ ਲੋਕ ਸਿਆਸੀ ਚਾਲਾਂ ਕਾਮਯਾਬ ਨਹੀਂ ਹੋਣ ਦੇਣਗੇ।
ਤਿਲਕ ਰਾਜ ਸ਼ਰਮਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।