ਪੰਜਾਬ ਸਰਕਾਰ ਨੇ ਕੀਤਾ ਸਪੱਸ਼ਟ, ਡਿਗਰੀ ਦੇਣ ਵਾਲੇ ਹੋ ਸਕਦੇ ਹਨ ਦੋਸ਼ੀ, ਹਰਮਨਪ੍ਰੀਤ ਨਹੀਂ ਦੋਸ਼ੀ | Harmanpreet Kaur
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਜਾਅਲੀ ਡਿਗਰੀ ਵਿਵਾਦ ਵਿੱਚ ਪੰਜਾਬ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹਰਮਨਪ੍ਰੀਤ ਖ਼ਿਲਾਫ਼ ਕੋਈ ਵੀ ਮਾਮਲਾ ਦਰਜ ਨਹੀਂ ਹੋਵੇਗਾ, ਕਿਉਂਕਿ ਹਰਮਨਪ੍ਰੀਤ ਕੌਰ ਨੇ ਨਾ ਹੀ ਇਹ ਜਾਣ-ਬੁੱਝ ਕੇ ਕੀਤਾ ਅਤੇ ਨਾ ਹੀ ਉਨ੍ਹਾਂ ਦੀ ਜਾਅਲੀ ਡਿਗਰੀ ਲੈਣ ਦੀ ਕੋਈ ਮਨਸ਼ਾ ਸੀ। ਇਸ ਲਈ ਹਰਮਨਪ੍ਰੀਤ ਖ਼ਿਲਾਫ਼ ਕੋਈ ਵੀ ਐਫ.ਆਈ.ਆਰ. ਦਰਜ ਨਹੀਂ ਹੋਵੇਗੀ ਸਗੋਂ ਪੰਜਾਬ ਦਾ ਨਾਅ ਵਿਦੇਸ਼ਾਂ ਵਿੱਚ ਰੋਸ਼ਨ ਕਰਨ ਵਾਲੀ ਹਰਮਨਪ੍ਰੀਤ ਨੂੰ ਹੁਣ ਡਿਗਰੀ ਕਰਨ ਦੀ ਵੀ ਜ਼ਰੂਰਤ ਨਹੀਂ ਪਵੇਗੀ, ਕਿਉਂਕਿ ਸਰਕਾਰ ਜਲਦ ਹੀ ਨਵੀਂ ਖੇਡ ਨੀਤੀ ਲੈ ਕੇ ਆ ਰਹੀ ਹੈ, ਜਿਸ ਵਿੱਚ ਕੌਮੀ ਖਿਡਾਰੀਆਂ ਨੂੰ ਇਸ ਤਰ੍ਹਾਂ ਦੀ ਨੌਕਰੀ ਲਈ ਡਿਗਰੀ ਨਹੀਂ ਸਗੋਂ ਬਾਰਵੀਂ ਪਾਸ ਹੀ ਯੋਗਤਾ ਰੱਖੀ ਜਾਵੇਗੀ।
ਪਿਛਲੇ ਕੁਝ ਦਿਨਾਂ ਤੋਂ ਕੌਮੀ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਦਾ ਨਾਂਅ ਜਾਅਲੀ ਡਿਗਰੀ ਨਾਲ ਜੁੜਨ ਤੋਂ ਬਾਅਦ ਕੁਝ ਲੋਕਾਂ ਨੇ ਹਰਮਨਪ੍ਰੀਤ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਵਾਉਣ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਸਰਕਾਰ ਨੇ ਇਸ ਮਾਮਲੇ ਵਿੱਚ ਫੈਸਲਾ ਕਰਨਾ ਸੀ ਕਿ ਉਹ ਖ਼ਿਲਾਫ਼ ਨੌਕਰੀ ਲੈਣ ਲਈ ਜਾਅਲੀ ਡਿਗਰੀ ਤਹਿਤ ਮਾਮਲਾ ਦਰਜ਼ ਕੀਤਾ ਜਾਵੇ ਜਾਂ ਫਿਰ ਨਹੀਂ।
ਇਹ ਵੀ ਪੜ੍ਹੋ : ਫੌਜ ਦੇ ਜਵਾਨਾਂ ਨੇ ਸੈਂਕੜੇ ਲੋਕਾਂ ਨੂੰ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ, ਵੇਖੋ ਤਸਵੀਰਾਂ
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਸਾਫ਼ ਕਰ ਦਿੱਤਾ ਹੈ ਕਿ ਸਰਕਾਰ ਨੇ ਇਹ ਫੈਸਲਾ ਲੈ ਲਿਆ ਹੈ ਕਿ ਉਹ ਖ਼ਿਲਾਫ਼ ਕੋਈ ਵੀ ਐਫ.ਆਈ.ਆਰ. ਦਰਜ਼ ਨਹੀਂ ਹੋਏਗੀ। ਉਨਾਂ ਕਿਹਾ ਕਿ ਇਸ ਤਰਾਂ ਦੀ ਖਿਡਾਰਨ ਨੂੰ ਤਾਂ ਪਲਕਾਂ ‘ਤੇ ਸਰਕਾਰ ਨੂੰ ਬਿਠਾਉਣਾ ਚਾਹੀਦਾ ਹੈ, ਜਿਹਨੇ ਦੇਸ਼ ‘ਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਪੰਜਾਬ ਦਾ ਨਾਅ ਉੱਚਾ ਕੀਤਾ ਹੈ, ਇਸ ਲਈ ਹਰਮਨਪ੍ਰੀਤ ਦੇ ਖ਼ਿਲਾਫ਼ ਕੋਈ ਮਾਮਲਾ ਦਰਜ਼ ਨਹੀਂ ਹੋਏਗਾ। ਉਨਾਂ ਦੱਸਿਆ ਕਿ ਉਨਾਂ ਦੀ ਗਲ ਹਰਮਨਪ੍ਰੀਤ ਨਾਲ ਹੋਈ ਹੈ ਅਤੇ ਹਰਮਨਪ੍ਰੀਤ ਨੇ ਸਾਰੀ ਗਲ ਦੱਸੀ ਹੈ, ਜਿਸ ਤੋਂ ਨੌਕਰੀ ਲੈਣ ਲਈ ਕੋਈ ਗਲਤ ਮਨਸ਼ਾ ਨਹੀਂ ਦਿਸ ਰਹੀਂ ਹੈ। (Harmanpreet Kaur)
ਉਨਾਂ ਕਿਹਾ ਕਿ ਹਰਮਨਪ੍ਰੀਤ ਵਰਗੇ ਖਿਡਾਰੀਆਂ ਲਈ ਉਹ ਖ਼ਾਸ ਨੀਤੀ ਤਿਆਰ ਕਰ ਰਹੇ ਹਨ, ਜਿਸ ਵਿੱਚ ਡਿਗਰੀ ਕਰਨ ਦੀ ਕੋਈ ਜਰੂਰਤ ਨਹੀਂ ਪਏਗੀ। ਕੌਮੀ ਖਿਡਾਰੀ ਸਿਰਫ਼ ਬਾਰਵੀਂ ਪਾਸ ਕਰ ਲਵੇ ਤਾਂ ਉਸ ਨੂੰ ਸਰਕਾਰ ਕੋਈ ਵੀ ਪੋਸਟ ‘ਤੇ ਬਿਰਾਜਮਾਨ ਕਰ ਸਕੇਗੀ। ਉਨਾਂ ਦੱਸਿਆ ਕਿ ਹਰਮਨਪ੍ਰੀਤ ਜੇਕਰ ਬੀ.ਏ. ਕਰਨਾ ਚਾਹੁੰਦੀ ਹੈ ਤਾਂ ਠੀਕ, ਨਹੀਂ ਤਾਂ ਇਸ ਖੇਡ ਨੀਤੀ ਦਾ ਫਾਇਦਾ ਉਹਨੂੰ ਵੀ ਮਿਲੇਗਾ। ਇਸ ਖੇਡ ਨੀਤੀ ਨੂੰ ਅਗਲੇ 1-2 ਮਹੀਨੇ ਵਿੱਚ ਐਲਾਨ ਦਿੱਤਾ ਜਾਏਗਾ। (Harmanpreet Kaur)