ਜ਼ਿਲ੍ਹਾ ਪੁਨਰਵਾਸ ਕੇਂਦਰ ਨਸ਼ੇ ਵਾਲਿਆਂ ਦੀ ਬਦਲ ਰਿਹੈ ਤਕਦੀਰ | Patiala News
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ‘ਚਿੱਟੇ ਨੇ ਤਾਂ ਮੇਰੀ ਜਿੰਦਗੀ ਨਰਕ ਹੀ ਬਣਾ ਦਿੱਤੀ ਸੀ, ਮੇਰਾ ਪਰਿਵਾਰ ਮੇਰੀ ਹਾਲਤ ‘ਤੇ ਹੰਝੂ ਵਹਾ ਰਿਹਾ ਸੀ, ਪਰੰਤੂ ਸਾਕੇਤ ਨਸ਼ਾ ਮੁਕਤੀ ਕੇਂਦਰ ਤੋਂ ਕਰਵਾਏ ਇਲਾਜ ਨਾਲ ਮੈਂ ਹੁਣ ਆਪਣੇ ਪਰਿਵਾਰ ਨੂੰ ਪਾਲਣ ਪੋਸ਼ਣ ਜੋਗਾ ਹੋ ਗਿਆ ਹਾਂ ਤੇ ਮੁੜ ਨਵੀਂ ਜਿੰਦਗੀ ਜੀਅ ਰਿਹਾ ਹਾਂ।’ ਇਹ ਦਰਦ ਨਸ਼ਾ ਮੁਕਤ ਹੋਏ ਇੱਕ ਨੌਜਵਾਨ ਦਾ ਹੈ, ਜਿਹੜਾ ਕਿ ਮਾੜੀ ਸੰਗਤ ਕਰਕੇ ਚਿੱਟੇ ਦੀ ਲਤ ਲਗਾ ਬੈਠਾ ਸੀ ਪਰੰਤੂ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਨਸ਼ਾ ਮੁਕਤੀ ਤੇ ਜ਼ਿਲ੍ਹਾ ਪੁਨਰਵਾਸ ਕੇਂਦਰ ਸਾਕੇਤ ਹਸਪਤਾਲ ‘ਚੋਂ ਇਲਾਜ ਕਰਵਾ ਕੇ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਚੁੱਕਾ ਹੈ। (Patiala News)
ਇਹ ਕਹਾਣੀ ਤਾਂ ਸਿਰਫ਼ ਇੱਕ ਨੌਜਵਾਨ ਦੀ ਹੈ ਪਰ ਅਜਿਹੀ ਕਹਾਣੀ ਦੇ ਪਾਤਰ ਹੋਰ ਵੀ ਸੈਂਕੜੇ ਨੌਜਵਾਨ ਹਨ, ਜਿਹੜੇ ਨਸ਼ਿਆਂ ਵਿਰੋਧੀ ਜੰਗ ‘ਚ ਹੁਣ ਖ਼ੁਦ ਵੀ ਨਿੱਤਰ ਪਏ ਹਨ ਤੇ ਆਪਣੀ ਨਸ਼ਾ ਮੁਕਤੀ ਤੋਂ ਬਾਅਦ ਹੋਰਨਾਂ ਲਈ ਚਾਨਣ ਮੁਨਾਰੇ ਬਣਕੇ ਸੂਬੇ ਦੀ ਨੌਜਵਾਨੀ ਨੂੰ ਬਚਾਉਣ ਲਈ ਅੱਗੇ ਆ ਰਹੇ ਹਨ। ਆਪਣਾ ਨਾਂਅ ਪਤਾ ਗੁਪਤ ਰੱਖਦਿਆਂ ਇਨ੍ਹਾਂ ਨੌਜਵਾਨਾਂ ਨੇ ਨਸ਼ਿਆਂ ਦੀ ਲਤ ਲਈ ਸਿਰਫ਼ ਮਾੜੀ ਸੰਗਤ ਤੇ ਢਹਿੰਦੀ ਕਲਾ ਨੂੰ ਹੀ ਜਿੰਮੇਵਾਰ ਠਹਿਰਾਇਆ ਹੈ। (Patiala News)
ਪਟਿਆਲਾ-ਸੰਗਰੂਰ ਰੋਡ ‘ਤੇ ਵੱਸੇ ਇੱਕ ਪਿੰਡ ਦੇ 28 ਸਾਲਾ ਬਾਰ੍ਹਵੀਂ ਪਾਸ ਨੌਜਵਾਨ ‘ਸੂਰਜ’ (ਬਦਲਿਆ ਨਾਂਅ), ਜਿਸਦੇ ਇੱਕ ਬੱਚੀ ਵੀ ਹੈ, ਨੇ ਆਪਣੀ ਕਹਾਣੀ ਦਸਦਿਆਂ ਕਿਹਾ ਕਿ ਉਹਨੂੰ ਤਾਂ ਮੁੰਡੇ-ਖੁੰਡੇ ਇਕੱਠੇ ਹੋ ਕੇ ਚਿੱਟੇ ‘ਤੇ ਲਾ ਗਏ ਪਰੰਤੂ ਉਸਦੀ ਕਿਸਮਤ ਚੰਗੀ ਸੀ ਕਿ ਉਹ ਸਾਕੇਤ ਹਸਪਤਾਲ ‘ਚ ਦਾਖਲ ਹੋ ਗਿਆ, ਜਿੱਥੇ ਤਿੰਨ ਮਹੀਨਿਆਂ ਦੇ ਇਲਾਜ ਨੇ ਉਸਨੂੰ ਤੰਦਰੁਸਤ ਕਰ ਦਿੱਤਾ। (Patiala News)
ਨਸ਼ਿਆਂ ਤੋਂ ਖਹਿੜਾ ਛੁਡਾਉਣ ਵਾਲੇ ਨੌਜਵਾਨਾਂ ਨੇ ਬਿਆਨ ਕੀਤੀ ਕਹਾਣੀ | Patiala News
ਸੂਰਜ ਨੇ ਦੱਸਿਆ ਕਿ ‘ਉਂਜ ਨਸ਼ਾ ਤਾਂ ਭਾਵੇਂ ਕੋਈ ਵੀ ਹੋਵੇ ਪਰ ਚਿੱਟਾ ਤਾਂ ਬੰਦੇ ਨੂੰ ਖਾ ਹੀ ਜਾਂਦਾ ਹੈ, ਸਾਹ ਔਖਾ, ਫ਼ਤੂਰ ਸਿਰ ਨੂੰ ਚੜ੍ਹਦਾ, ਦਿਮਾਗ ਫਟਣ ਨੂੰ ਤਿਆਰ, ਭੁੱਖ ਖ਼ਤਮ ਆਦਿ ਅਲਾਮਤਾਂ ਪੈਦਾ ਕਰ ਦਿੰਦਾ ਹੈ ਅਤੇ ਪੈਰ ਤੋਂ ਸਿਰ ਤੱਕ ਸਾਰਾ ਸਰੀਰ ਤਬਾਹ ਹੋ ਜਾਂਦਾ ਹੈ।’ ਉਸ ਦਾ ਕਹਿਣਾ ਸੀ ਕਿ ਜਵਾਨੀ ਤਬਾਹ ਕਰਨ ਨਾਲੋਂ ਇਸਦਾ ਇਲਾਜ ਕਰਵਾਉਣਾ ਬਿਹਤਰ ਹੈ ਕਿਉਂਕਿ ਇਹ ਤਾਂ ਗੰਦੇ ਥਾਂਵੇਂ ਬੈਠਕੇ ਹੀ ਪੀਣਾ ਪੈਂਦਾ ਸੀ ਕਿਉਂਕਿ ਨਸ਼ੇੜੀ ਨੂੰ ਤਾਂ ਕੋਈ ਨੇੜੇ ਵੀ ਨਹੀਂ ਬੈਠਣ ਦਿੰਦਾ ਤੇ ਹੁਣ ਜਦੋਂ ਨਸ਼ੇ ਮਿਲਣੇ ਔਖੇ ਹੋ ਗਏ ਹਨ ਤਾਂ ਅਜਿਹੀਆਂ ਅਲਾਮਤਾਂ ਤੋਂ ਬਚਣਾ ਹੀ ਚੰਗਾ ਹੈ। (Patiala News)
ਇਸੇ ਤਰ੍ਹਾਂ ਸਮਾਣਾ ਇਲਾਕੇ ਦੇ ਇੱਕ ਹੋਰ ਬਾਰਵੀਂ ਪਾਸ ਤੇ 27 ਸਾਲਾ ਨੌਜਵਾਨ ਜਗਮੋਹਨ ਸਿੰਘ (ਬਦਲਿਆ ਨਾਂਅ) ਦੀ ਪਤਨੀ ਦਾ ਕਹਿਣਾ ਸੀ ਕਿ ਉਸਦਾ ਪਤੀ ਵੀ ਸਮੈਕ, ਗੋਲੀਆਂ, ਜਰਦਾ, ਸ਼ਰਾਬ ਆਦਿ ਭੈੜੇ ਨਸ਼ਿਆਂ ਦਾ ਆਦੀ ਹੋ ਚੁੱਕਾ ਸੀ, ਜਿਸ ਕਾਰਨ ਉਸਦੀ ਤੇ ਉਸਦੇ ਨੰਨ੍ਹੇ ਬੱਚੇ ਦੀ ਜਿੰਦਗੀ ਤਬਾਹ ਹੋਣ ਕਿਨਾਰੇ ਸੀ, ਪਰੰਤੂ ਮਾੜੀ ਸੋਭਤ ਕਾਰਨ ਲੱਗੇ ਨਸ਼ੇ ਦੀ ਲਤ ਤੋਂ ਛੁਟਕਾਰਾ ਸਾਕੇਤ ਹਸਪਤਾਲ ਤੋਂ ਮਿਲ ਹੀ ਗਿਆ ਤੇ ਉਸਦਾ ਪਤੀ ਹੁÎਣ ਠੀਕ ਠਾਕ ਹੋ ਕੇ ਵਿਦੇਸ਼ ‘ਚ ਚੰਗੀ ਕਮਾਈ ਕਰ ਰਿਹਾ ਹੈ। (Patiala News)
ਜਦੋਂਕਿ ਪਟਿਆਲਾ ਨੇੜਲੇ ਇੱਕ ਪਿੰਡ ਦੇ ਵਸਨੀਕ ਇੱਕ ਹੋਰ 21 ਸਾਲਾ ਨੌਜਵਾਨ ਦੀ ਮਾਤਾ ਦਾ ਕਹਿਣਾ ਸੀ ਕਿ ਉਹ ਤਾਂ ਦੋਵੇਂ ਜੀ ਦਿਹਾੜੀ ਆਦਿ ਕਰਕੇ ਘਰ ਦਾ ਗੁਜ਼ਾਰਾ ਕਰਦੇ ਸਨ ਤੇ ਉਨ੍ਹਾਂ ਦੀ ਆਸ ਉਨ੍ਹਾਂ ਦਾ ਇਹੋ ਇਕਲੌਤਾ ਪੁੱਤਰ ਸੀ ਪਰੰਤੂ ਮਾੜੀ ਸੰਗਤ ਤੇ ਨਸ਼ਿਆਂ ਨੇ ਉਸਨੂੰ ਕਿਸੇ ਕੰਮ ਜੋਗਾ ਨਾ ਛੱਡਿਆ ਪਰੰਤੂ ਸਾਕੇਤ ਨਸ਼ਾ ਮੁਕਤੀ ਕੇਂਦਰ, ਜਿਥੇ ਉਸਦੇ ਪੁੱਤਰ ਨੇ ਆਪ ਹੀ ਜਾਣ ਦੀ ਜਿੱਦ ਕੀਤੀ, ਵਿਖੇ ਉਸਦਾ ਇੱਕ ਹਫ਼ਤੇ ‘ਚ ਇਲਾਜ ਹੋ ਗਿਆ ਤੇ ਹੁਣ ਉਹ ਕੰਮ ਕਰਕੇ ਕੁਝ ਕਮਾਉਣ ਜੋਗਾ ਹੋ ਗਿਆ ਹੈ।
ਨੌਜਵਾਨ ਸਾਕੇਤ ਹਸਪਤਾਲ ‘ਚ ਮੁਫਤ ਇਲਾਜ ਕਰਵਾਉਣ : ਡੀਸੀ | Patiala News
ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੀ ਗ੍ਰਿਫ਼ਤ ‘ਚ ਆਏ ਵਿਅਕਤੀਆਂ ਦੇ ਮੁਫ਼ਤ ਇਲਾਜ ਲਈ ਜ਼ਿਲ੍ਹੇ ‘ਚ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਤੇ ਪੰਜਾਬ ਸਰਕਾਰ ਦੇ ਓਟ ਕਲੀਨਿਕ (ਓ.ਓ.ਏ.ਟੀ.) ਦਾ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਦੇ ਸਾਕੇਤ ਹਸਪਤਾਲ ‘ਚ ਲੰਘੇ ਵਰ੍ਹੇ 1085 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਤੇ ਇਸ ਵਿੱਤੀ ਸਾਲ ਦੇ ਤਿੰਨ ਮਹੀਨਿਆਂ ‘ਚ 320 ਮਰੀਜ਼ ਇੱਥੇ ਪੁੱਜੇ। ਜਦੋਂਕਿ ਸਾਕੇਤ ਹਸਪਤਾਲ ਦੀ ਪ੍ਰੋਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਦਾ ਕਹਿਣਾ ਸੀ ਕਿ ਇੱਥੇ ਪਾਠ-ਪੂਜਾ, ਮਰੀਜ਼ ਤੇ ਉਸਦੇ ਪਰਿਵਾਰ ਦੀ ਕਾਊਂਸਲਿੰਗ, ਲੈਕਚਰ, ਯੋਗਾ, ਮੈਡੀਟੇਸ਼ਨ, ਦਵਾਈਆਂ ਤੇ ਪ੍ਰੇਰਣਾ ਆਦਿ ਨਾਲ ਨਸ਼ਿਆਂ ਤੋਂ ਖਹਿੜਾ ਛੁਡਾਇਆ ਜਾਂਦਾ ਹੈ। (Patiala News)