ਸਿੰਚਾਈ ਵਿਭਾਗ ਦੇ ਇੰਜੀਨੀਅਰ ‘ਤੇ ਵਿਜੀਲੈਂਸ ਦਾ ਖੌਫ਼ ਬਰਕਰਾਰ, ਨਹੀਂ ਕੱਢ ਰਹੇ ਟੈਂਡਰ | Cleaning Of Canals
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਵੱਡੇ ਘਪਲਿਆਂ ‘ਚ ਕਾਰਵਾਈ ਤੋਂ ਬਾਅਦ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਵਿੱਚ ਵਿਜੀਲੈਂਸ ਦਾ ਖ਼ੌਫ ਇਸ ਕਦਰ ਬਰਕਰਾਰ ਹੈ ਕਿ ਮੁੱਖ ਮੰਤਰੀ ਦੇ ਆਦੇਸ਼ ਵੀ ਕੰਮ ਨਹੀਂ ਆ ਰਹੇ ਹਨ। ਵਿਜੀਲੈਂਸ ਦੇ ਖ਼ੌਫ ਕਾਰਨ ਸਿੰਚਾਈ ਵਿਭਾਗ ਦੇ ਅਧਿਕਾਰੀ ਵਿਭਾਗੀ ਕੰਮ ਲਈ ਟੈਂਡਰ ਕੱਢਣ ਤੋਂ ਹੀ ਘਬਰਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 31 ਮਈ ਨੂੰ ਤਿੰਨ ਪ੍ਰਮੁੱਖ ਨਦੀਆਂ ਸਤਲੁਜ, ਬਿਆਸ ਅਤੇ ਰਾਵੀ ਦੀ ਸਫ਼ਾਈ ਲਈ ਆਦੇਸ਼ ਜਾਰੀ ਕੀਤੇ ਸਨ। (Cleaning Of Canals)
ਇਨ੍ਹਾਂ ਆਦੇਸ਼ਾਂ ਨੂੰ ਜਾਰੀ ਹੋਏ 1 ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਫ਼ਾਈ ਲਈ ਹੁਣ ਤੱਕ ਟੈਂਡਰ ਤੱਕ ਨਹੀਂ ਕੱਢੇ ਗਏ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੀਤੇ ਮਹੀਨੇ ਕੀਤੀ ਮੀਟਿੰਗ ਦੌਰਾਨ ਨਦੀਆਂ ਦੀ ਸਫਾਈ ਲਈ ਇੱਕ ਯੋਜਨਾ ਨੂੰ ਪਾਸ ਕੀਤਾ ਸੀ, ਜਿਸ ਤਹਿਤ ਤਿੰਨ ਮੁੱਖ ਨਦੀਆਂ ਦੇ 18 ਮੁੱਖ ਥਾਂਵਾਂ ਨੂੰ ਅੰਤਿਮ ਰੂਪ ਦਿੰਦੇ ਹੋਏ ਟੈਂਡਰ ਕੱਢਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਵਾਰ ਟੈਂਡਰ ਪ੍ਰਕ੍ਰਿਆ ਵਿੱਚ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਫੇਰ ਬਦਲ ਕਰਵਾਇਆ ਗਿਆ ਸੀ, ਕਿਉਂਕਿ ਇਸ ਵਾਰ ਨਦੀਆਂ ਵਿੱਚੋਂ ਨਿਕਲਣ ਵਾਲੀ ਰੇਤ ਅਤੇ ਬਜਰੀ ਦਾ ਕੰਮ ਠੇਕੇਦਾਰਾਂ ਨੂੰ ਦੇਣ ਦੀ ਥਾਂ ‘ਤੇ ਸਰਕਾਰ ਵੱਲੋਂ ਆਪਣੇ ਪੱਧਰ ‘ਤੇ ਕਰਵਾਏ ਜਾਣ ਦਾ ਫੈਸਲਾ ਲਿਆ ਗਿਆ ਸੀ। ਇਸ ਯੋਜਨਾ ਸਬੰਧੀ ਫੈਸਲਾ ਹੋਏ ਇੱਕ ਮਹੀਨੇ ਤੋਂ ਜਿਆਦਾ ਸਮਾਂ ਹੋ ਗਿਆ ਹੈ ਪਰ ਸਿੰਚਾਈ ਵਿਭਾਗ ਦੇ ਅਧਿਕਾਰੀ ਟੈਂਡਰ ਕੱਢਣ ਤੋਂ ਹੀ ਘਬਰਾ ਰਹੇ ਹਨ।
ਮੁੱਖ ਮੰਤਰੀ ਦਾ ਆਦੇਸ਼ ਵੀ ਨਹੀਂ ਆ ਰਿਹਾ ਕੰਮ, 1 ਮਹੀਨਾ ਪਹਿਲਾਂ ਦਿੱਤੇ ਸਨ ਆਦੇਸ਼
ਸਿੰਚਾਈ ਵਿਭਾਗ ਦੇ ਅਧਿਕਾਰੀ ਅੱਜ ਵੀ ਵਿਜੀਲੈਂਸ ਤੋਂ ਡਰ ਰਹੇ ਹਨ ਕਿ ਕਿਤੇ ਉਨ੍ਹਾਂ ਵੱਲੋਂ ਠੀਕ ਕੀਤੇ ਗਏ ਕੰਮ ‘ਤੇ ਵੀ ਕੋਈ ਉਂਗਲ ਨਾ ਚੁੱਕ ਦੇਵੇ। ਵਿਜੀਲੈਂਸ ਵਿਭਾਗ ਵੱਲੋਂ ਸਿੰਚਾਈ ਵਿਭਾਗ ਵਿੱਚ 1 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਵਿੱਚ ਸਾਬਕਾ ਚੀਫ਼ ਇੰਜੀਨੀਅਰ ਸਣੇ ਕਈ ਮੌਜੂਦਾ ਇੰਜੀਨੀਅਰਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਜੇਲ੍ਹ ਭੇਜਿਆ ਹੋਇਆ ਹੈ ਜਿਸ ਕਾਰਨ ਵਿਭਾਗ ਵਿੱਚ ਨਾ ਸਿਰਫ਼ ਨਰਾਜ਼ਗੀ ਹੈ, ਸਗੋਂ ਉੱਚ ਅਧਿਕਾਰੀ ਹੁਣ ਇਸ ਤਰ੍ਹਾਂ ਦੇ ਕੋਈ ਵੀ ਟੈਂਡਰ ਕੱਢਣ ਤੋਂ ਵੀ ਘਬਰਾ ਰਹੇ ਹਨ। ਸਿੰਚਾਈ ਵਿਭਾਗ ਦੇ ਸਕੱਤਰ ਕੁਮਾਰ ਰਾਹੁਲ ਨੇ ਦੱਸਿਆ ਕਿ ਕੁਝ ਤਕਨੀਕੀ ਦਿੱਕਤਾਂ ਸਨ, ਜਿਨ੍ਹਾਂ ਨੂੰ ਦੂਰ ਕਰ ਲਿਆ ਗਿਆ ਹੈ ਅਤੇ ਅਗਲੇ ਹਫ਼ਤੇ ਤੱਕ ਲੁਧਿਆਣਾ ਦੇ ਨੇੜੇ ਤੇੜੇ ਸਤਲੁਜ ਦੀਆਂ ਕੁਝ ਥਾਂਵਾਂ ਦੇ ਟੈਂਡਰ ਕੱਢ ਦਿੱਤੇ ਜਾਣਗੇ, ਜਿਸ ਤੋਂ ਬਾਅਦ ਕੰਮ ਤੇਜ਼ੀ ਨਾਲ ਸ਼ੁਰੂ ਹੋ ਜਾਏਗਾ। ਇਥੇ ਹੀ ਬਾਕੀ ਰਹਿੰਦੇ ਟੈਂਡਰ ਵੀ ਜਲਦ ਕੱਢਣ ਦੀ ਕੋਸ਼ਸ਼ ਕਰਨਗੇ। (Cleaning Of Canals)