Triple Death Case: ਮਾਮਲਾ ਪਿੰਡ ਭੂਦਨ ਵਿਖੇ ਹੋਈਆਂ ਤਿੰਨ ਮੌਤਾਂ ਦਾ : ਥਾਣਾ ਸੰਦੌੜ ਅੱਗੇ ਰੋਸ ਧਰਨਾ ਪੰਜਵੇਂ ਦਿਨ ਵੀ ਜਾਰੀ

Triple Death Case
ਮਾਲੇਰਕਟੋਲਾ : ਪੁਲਿਸ ਪ੍ਰਸ਼ਾਸਨ ਖਿਲਾਫ ਦੋਵੇ ਧਿਰਾਂ ਧਰਨਾ ਦਿੰਦੀਆਂ ਹੋਈਆਂ।

ਅੱਜ ਵੀ ਪੁਲਿਸ ਚੌਥੇ ਕਥਿਤ ਦੋਸ਼ੀ ਨੂੰ ਫੜਨ ਵਿੱਚ ਅਸਫਲ

  • ਦੂਸਰੀ ਧਿਰ ਨੇ ਨਿਰਪੱਖ ਜਾਂਚ ਲਈ ਡਿਪਟੀ ਕਮਿਸ਼ਨਰ ਦਫਤਰ ਘੇਰਿਆ

Triple Death Case: (ਗੁਰਤੇਜ ਜੋਸ਼ੀ) ਸੰਦੌੜ /ਮਾਲੇਰਕੋਟਲਾ। ਮਾਲੇਰਕੋਟਲਾ ਲਾਗਲੇ ਪਿੰਡ ਭੂਦਨ ਵਿਖੇ ਬੀਤੇ ਦਿਨ ਇੱਕੋ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ ਹੋ ਜਾਣ ਦੇ ਮਾਮਲੇ ਵਿੱਚ ਮ੍ਰਿਤਕ ਪਰਿਵਾਰ ਤੇ ਕਿਸਾਨ ਯੂਨੀਅਨ ਵੱਲੋਂ ਪਰਚੇ ਵਿੱਚ ਨਾਮਜ਼ਦ 10 ਵਿਅਕਤੀਆਂ ਦੀ ਛੇਤੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਥਾਣਾ ਸੰਦੌੜ ਅੱਗੇ ਲਗਾਇਆ ਜਾ ਰਿਹਾ ਰੋਸ ਧਰਨਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ।

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਇਕੱਠੇ ਹੋਏ ਲੋਕਾਂ ਨੇ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕਰਕੇ ਸਾਰੇ ਕਥਿਤ ਦੋਸ਼ੀਆਂ ਨੂੰ ਤੁਰੰਤ ਫੜਨ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਸਾਰੇ ਵਿਅਕਤੀ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਸੰਘਰਸ਼ ਜਾਰੀ ਰਹੇਗਾ, ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਦੱਸਣਯੋਗ ਹੈ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਨਾਮਜ਼ਦ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਅਤੇ ਸੱਤ ਵਿਅਕਤੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।

ਪੁਲਿਸ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਾ ਕਰਨ ’ਤੇ ਭੜਕੇ ਧਰਨਾਕਾਰੀਆਂ ਨੇ ਜਦੋਂ ਮਾਲੇਰਕੋਟਲਾ ਵਿਖੇ ਸੜਕਾਂ ਜਾਮ ਕਰਨ ਲਈ ਮਾਲੇਰਕੋਟਲਾ ਵੱਲ ਕੂਚ ਕੀਤਾ ਤਾਂ ਮਾਲੇਰਕੋਟਲਾ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿਚ ਪਿੰਡ ਬੁਕਣਵਾਲ ਕੋਲ ਅੱਗੇ ਜਾਣ ਤੋਂ ਰੋਕ ਕੇ ਵਿਸ਼ਵਾਸ ਦਿਵਾਇਆ ਕਿ ਪਰਚੇ ਵਿੱਚ ਨਾਮਜ਼ਦ ਵਿਅਕਤੀਆਂ ਦੀ ਭਾਲ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਕੱਲ੍ਹ ਤੱਕ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।

ਇਹ ਵੀ ਪੜ੍ਹੋ: Murder: ਪਤਨੀ ਨੇ ਗਲਾ ਘੁੱਟ ਕੇ ਕੀਤਾ ਪਤੀ ਦਾ ‘ਕਤਲ’

ਉੱਧਰ ਇਸ ਖੁਦਕੁਸ਼ੀ ਦੇ ਮਾਮਲੇ ਵਿਚ ਅੱਜ ਪਿੰਡ ਭੂਦਨ ਦੇ ਵਸਨੀਕਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਡੀ.ਸੀ. ਦਫ਼ਤਰ ਮਾਲੇਰਕੋਟਲਾ ਅੱਗੇ ਧਰਨਾ ਦਿੱਤਾ, ਜਿੱਥੇ ਉਨ੍ਹਾਂ ਡੀ.ਸੀ. ਮਾਲੇਰਕੋਟਲਾ ਨੂੰ ਮੰਗ-ਪੱਤਰ ਸੌਂਪਦਿਆਂ ਪੁਲਿਸ ਵੱਲੋਂ ਨਾਮਜ਼ਦ ਕੀਤੇ ਵਿਅਕਤੀਆਂ ਨੂੰ ਨਿਰਦੋਸ਼ ਦੱਸਿਆ ਉਥੇ ਹੀ ਇਸ ਦੁੱਖਦਾਈ ਘਟਨਾ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਵੱਡੀ ਗਿਣਤੀ ‘ਚ ਇਕੱਤਰ ਹੋਏ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਮ੍ਰਿਤਕਾ ਦੇ ਮੋਬਾਇਲ ਫੋਨ, ਮਰਨ ਤੋਂ ਦੋ ਦਿਨ ਪਹਿਲਾਂ ਮ੍ਰਿਤਕਾ ਦੇ ਘਰ ਤੋਂ ਕਣਕ, ਤੂੜੀ, ਪਸ਼ੂ ਅਤੇ ਇਨਵਰਟਰ ਵਗੈਰਾ ਗਾਇਬ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਦੀ ਪਛਾਣ ਕੀਤੀ ਜਾਵੇ ਅਤੇ ਕਿਸੇ ਵੀ ਨਿਰਦੋਸ਼ ਨੂੰ ਮਾਮਲੇ ਵਿਚ ਨਾ ਫਸਾਇਆ ਜਾਵੇ।

ਪਿੰਡ ਵਾਸੀਆਂ ਦੀ ਅਗਵਾਈ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਨੇ ਕੀਤੀ। ਇਸ ਮੌਕੇ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਨੇ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਸੰਦੌੜ ਥਾਣੇ ਅੱਗੇ ਧਰਨਾ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਗ੍ਰਿਫਤਾਰੀ ਦੇ ਨਾਲ ਨਾਲ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕਰਨ ਤਾਂ ਬੀਕੇਯੂ ਉਗਰਾਹਾਂ ਵੀ ਉਨ੍ਹਾਂ ਦੇ ਨਾਲ ਧਰਨੇ .ਚ ਸ਼ਾਮਲ ਹੋਵੇਗੀ। ਉਨ੍ਹਾਂ ਕਿਹਾ ਕਿ ਮ੍ਰਿਤਕਾ ਦੇ ਫੋਨ ਦੀ ਇੱਕ ਸਾਲ ਦੀ ਕਾਲ ਡਿਟੇਲ, ਮਰਨ ਤੋਂ ਦੋ ਮਹੀਨੇ ਪਹਿਲਾਂ ਲਿਖੀ ਵਸ਼ੀਅਤ ਅਤੇ ਕੌਡੀਆਂ ਦੇ ਭਾਅ ਵੇਚੀ ਜ਼ਮੀਨ ਦੇ ਕਰੋੜਾਂ ਰੁਪਏ ਆਦਿ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ। Triple Death Case