ਨਸ਼ਿਆਂ ਵਿਰੁੱਧ ਢਿੱਲੀ ਕਾਰਗੁਜ਼ਾਰੀ ਤੇ ਅਪਰਾਧ ਨਾ ਠੱਲ੍ਹ ਸਕਣ ਦੇ ਦੋਸ਼ਾਂ ਤਹਿਤ ਐੱਸਐੱਚਓ ਮੁਅੱਤਲ | Sangat Mandi News
- ਇਲਾਕੇ ’ਚ ਐਸਐਚਓ ਵੱਲੋਂ ਨਸ਼ਾ ਤਸਕਰਾਂ ਨੂੰ ਛੱਡਣ ਤੇ ਕਿਸੇ ਕੈਬਨਿਟ ਮੰਤਰੀ ਦਾ ਫੋਨ ਨਾ ਸੁਣਨ ਦੇ ਵੀ ਚਰਚੇ
ਸੰਗਤ ਮੰਡੀ (ਸੁਖਤੇਜ ਧਾਲੀਵਾਲ)। ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਥਾਣਾ ਸੰਗਤ ਦੇ ਐਸਐਚਓ ਦਲਜੀਤ ਸਿੰਘ ਇੰਸਪੈਕਟਰ ਨੂੰ ਬੀਤੀ ਰਾਤ ਮੁਅੱਤਲ ਕਰ ਦਿੱਤਾ ਗਿਆ ਹੈ। ਹਰਵਿੰਦਰ ਸਿੰਘ ਸਰਾਂ ਉੱਪ ਪੁਲਿਸ ਕਪਤਾਨ ਬਠਿੰਡਾ ਦਿਹਾਤੀ ਨੇ ਦੱਸਿਆ ਕਿ ਨਸ਼ਿਆਂ ਨੂੰ ਰੋਕਣ ਵਿਰੁੱਧ ਢਿੱਲੀ ਕਾਰਗੁਜ਼ਾਰੀ ਤੇ ਇਲਾਕੇ ਅੰਦਰ ਅਪਰਾਧਾਂ ਨੂੰ ਠੱਲ੍ਹ ਸਕਣ ’ਚ ਅਸਮਰੱਥ ਰਹਿਣ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਵੇਖਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਵੱਲੋਂ ਥਾਣਾ ਸੰਗਤ ਦੇ ਐਸਐਚਓ ਦਲਜੀਤ ਸਿੰਘ ਖਿਲਾਫ ਕਾਰਵਾਈ ਕੀਤੀ ਗਈ ਹੈ ਥਾਣਾ ਮੁਖੀ ਦਲਜੀਤ ਸਿੰਘ ਨੂੰ ਮੁਅੱਤਲ ਕੀਤੇ ਜਾਣ ਬਾਰੇ ਇਲਾਕੇ ਅੰਦਰ ਕਈ ਤਰ੍ਹਾਂ ਦੀ ਚਰਚਾ ਛਿੜੀ ਹੋਈ ਹੈ।
ਇਹ ਖਬਰ ਵੀ ਪੜ੍ਹੋ : Punjab: ਪਾਣੀ ਦੀ ਟੈਂਕੀ ’ਚ ਡਿੱਗਣ ਕਾਰਨ ਲੜਕੀ ਦੀ ਮੌਤ
ਬੀਤੇ ਦਿਨੀਂ ਅੰਤਰਰਾਜੀ ਪੁਲਿਸ ਨਾਕਾ ਡੂੰਮਵਾਲੀ ਤੋਂ ਫੜੀ ਅੱਧਾ ਕੁਇੰਟਲ ਤੋਂ ਵੱਧ ਭੁੱਕੀ ਦੇ ਮਾਮਲੇ ’ਚ ਤਿੰਨ ਵਿਅਕਤੀ ਛੱਡਣ ਅਤੇ ਇੱਕ ’ਤੇ ਪਰਚਾ ਦਰਜ ਕੀਤੇ ਜਾਣ ਦੀ ਚਰਚਾ ਹੋ ਰਹੀ ਹੈ, ਮਾਮਲਾ ਇੱਕ ਲੱਖ ਰੁਪਏ ’ਚ ਹੋਈ ਸੌਦੇਬਾਜੀ ਦਾ ਵੀ ਦੱਸਿਆ ਜਾ ਰਿਹਾ ਹੈ । ਇਸ ਤੋਂ ਇਲਾਵਾ ਐੱਸਐੱਚਓ ਦਲਜੀਤ ਸਿੰਘ ਦੀ ਮੁਅੱਤਲੀ ਬਾਰੇ ਇਹ ਵੀ ਚਰਚਾ ਹੈ ਕਿ ਨਜਦੀਕੀ ਪਿੰਡ ਮਛਾਣਾ ’ਚ ਕਿਸੇ ਕੈਬਨਿਟ ਮੰਤਰੀ ਦੀ ਪੈਂਦੀ ਰਿਸ਼ਤੇਦਾਰੀ ਕਾਰਨ ਉਨ੍ਹਾਂ ਦੇ ਵਾਰ-ਵਾਰ ਫੋਨ ਕਰਨ ’ਤੇ ਵੀ ਐੱਸਐੱਚਓ ਕੰਮ ਨਹੀਂ ਕਰ ਰਹੇ ਸਨ।
ਜਿਸ ਕਾਰਨ ਉਚ ਅਧਿਕਾਰੀਆਂ ਦੇ ਦਖ਼ਲ ਤੋਂ ਬਾਅਦ ਹੀ ਮਛਾਣਾ ਦੇ ਦੋ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਹੋਇਆ ਹੈ, ਜਿਸ ਦਾ ਖ਼ਮਿਆਜ਼ਾ ਵੀ ਐੱਸਐੱਚਓ ਨੂੰ ਭੁਗਤਣਾ ਪਿਆ ਦੱਸਿਆ ਜਾ ਰਿਹਾ ਹੈ। ਇਸ ਬਾਰੇ ਡੀਐਸਪੀ. ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੂੰ ਪੱਤਰਕਾਰਾਂ ਦੇ ਬਹੁਤ ਫੋਨ ਆ ਰਹੇ ਹਨ ਪਰ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਅਜੇ ਤੱਕ ਸਾਹਮਣੇ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਹਿਨਾਂ ਗੁਪਤਾ ਐੱਸਪੀ ਬਠਿੰਡਾ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ, ਜਿਸ ਤੋਂ ਬਾਅਦ ਹੀ ਸਹੀ ਜਾਣਕਾਰੀ ਮਿਲ ਸਕੇਗੀ। Sangat Mandi News














