
Farmer Success Story: ਡਾਕਟਰਾਂ ਨੇ ਦੱਸਿਆ ਕਿ ਖੇਤ ’ਚ ਖੁਰਾਕੀ ਤੱਤਾਂ ਦੀ ਘਾਟ ਕਾਰਨ ਹੋਈ ਸੀ ਬਿਮਾਰੀ
- 12 ਸਾਲਾਂ ਤੋਂ ਪਰਾਲੀ ਨੂੰ ਵੀ ਨਹੀਂ ਲਾ ਰਿਹਾ ਅੱਗ
Farmer Success Story: ਮਾਨਸਾ (ਸੁਖਜੀਤ ਮਾਨ)। ਪੰਜਾਬ ਦੀਆਂ ਜ਼ਮੀਨਾਂ ’ਚੋਂ ਸੋਨਾ ਉੱਗਦਾ ਸੀ ਪਰ ਹੁਣ ਫਸਲਾਂ ਜ਼ਹਿਰੀ ਹੋ ਗਈਆਂ। ਝਾੜ ਵਧਾਉਣ ਲਈ ਮਜ਼ਬੂਰੀਵੱਸ ਕੀਤੀਆਂ ਜਾਂਦੀਆਂ ਰੇਹਾਂ-ਸਪਰੇਆਂ ਨੇ ਬਿਮਾਰੀਆਂ ਵਧਾ ਦਿੱਤੀਆਂ। ਵੱਡੀ ਗਿਣਤੀ ਲੋਕ ਜਾਗਰੂਕ ਹੋ ਕੇ ਹੁਣ ਬਦਲਵੀਂ ਤੇ ਕੁਦਰਤੀ ਖੇਤੀ ਦੇ ਰਾਹ ਪਏ ਹਨ। ਜ਼ਿਲ੍ਹਾ ਮਾਨਸਾ ਦੇ ਪਿੰਡ ਬੀਰੋਕੇ ਕਲਾਂ ਦੇ ਕਿਸਾਨ ਸੁਖਜੀਤ ਸਿੰਘ ਨਾਲ ਵੀ ਇਹੋ ਬੀਤੀ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗ੍ਰੈਜੂਏਟ ਕਿਸਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਸਾਲ 2012 ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਕਰਕੇ ਖੇਤ ਵਿਚ ਉਸ ਨੇ ਸੱਪ ਅਤੇ ਕੁਝ ਹੋਰ ਜੀਵ-ਜੰਤੂ ਮਰੇ ਵੇਖੇ। ਇਸ ਤੋਂ ਇਲਾਵਾ ਉਸਦੇ ਭਰਾ ਦੇ ਨਵਜੰਮੇ ਪੁੱਤਰ ਨੂੰ ਜ਼ਮਾਂਦਰੂ ਬਿਮਾਰੀ ਦਾ ਪਤਾ ਲੱਗਿਆ । ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਇਹ ਜ਼ਮੀਨ ਵਿੱਚ ਖੁਰਾਕੀ ਤੱਤਾਂ ਦੀ ਘਾਟ ਅਤੇ ਖੇਤੀ ਰਸਾਇਣਾਂ ਦੀ ਵਧਦੀ ਵਰਤੋਂ ਕਾਰਨ ਹੋ ਸਕਦਾ ਹੈ।
Read Also : ਹੁਣ ਹੋ ਜਾਓ ਕੜਾਕੇ ਦੀ ਠੰਢ ਲਈ ਤਿਆਰ, ਭਲਕੇ 10 ਡਿਗਰੀ ਪਹੁੰਚ ਸਕਦਾ ਹੈ ਘੱਟੋ-ਘੱਟ ਤਾਪਮਾਨ
ਇਸ ਤੋਂ ਬਾਅਦ ਉਨ੍ਹਾਂ ਨੇ ਖੇਤੀ ਲਈ ਕਿਸੇ ਵੀ ਰਸਾਇਣ ਦੀ ਵਰਤੋਂ ਨਾ ਕਰਨ ਦਾ ਫ਼ੈਸਲਾ ਕੀਤਾ ਅਤੇ ਪਰਾਲੀ ਸਾੜਨੀ ਵੀ ਛੱਡ ਦਿੱਤੀ। ਇਹ ਕਿਸਾਨ ਸਾਲ 2013 ਤੋਂ ਪਰਾਲੀ ਦਾ ਨਿਬੇੜਾ ਕਰਕੇ ਅਤੇ ਕੁਦਰਤੀ ਖੇਤੀ ਨਾਲ ਜੁੜ ਕੇ ਸਫਲ ਅਤੇ ਉੱਦਮੀ ਕਿਸਾਨ ਵਜੋਂ ਉਭਰਿਆ ਹੈ। ਸੁਖਜੀਤ ਸਿੰਘ ਕਰੀਬ 12 ਸਾਲਾਂ ਤੋਂ ਆਪਣੇ ਭਰਾ ਨਾਲ ਮਿਲ ਕੇ ਆਪਣੀ ਅੱਠ ਏਕੜ ਜ਼ਮੀਨ ਵਿੱਚ ਪਰਾਲੀ ਦਾ ਖੇਤ ਵਿਚ ਨਿਬੇੜਾ ਅਤੇ ਮਲਚਿੰਗ ਕਰ ਰਿਹਾ ਹੈ।
Farmer Success Story
ਇਸ ਸਾਲ ਵੀ ਉਹ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰੇਗਾ। ਇਸ ਕਿਸਾਨ ਨੇ ਦੱਸਿਆ ਕਿ ਪਰਾਲੀ ਦਾ ਨਿਬੇੜਾ ਅਤੇ ਜੈਵਿਕ ਖੇਤੀ ਨਾਲ ਜਿੱਥੇ ਕਣਕ-ਝੋਨੇ ਦੀ ਫ਼ਸਲ ਦੀ 40 ਤੋਂ 50 ਫ਼ੀਸਦੀ ਲਾਗਤ ਘਟੀ, ਉੱਥੇ ਉਸਦੇ ਖੇਤ ਦੀ ਮਿੱਟੀ ਦੀ ਸਿਹਤ ਵਿੱਚ ਵੱਡਾ ਸੁਧਾਰ ਹੋਇਆ। ਉਹ ਤਕਰੀਬਨ 2 ਸਾਲ ਬਾਅਦ ਮਿੱਟੀ ਦੇ ਜੈਵਿਕ ਤੱਤਾਂ ਦੇ ਟੈਸਟ ਕਰਾਉਂਦਾ ਹੈ ਅਤੇ ਹਰ ਵਾਰ ਮਿੱਟੀ ਦੀ ਸਿਹਤ ਵਿੱਚ ਸੁਧਾਰ ਦੇਖਣ ਨੂੰ ਮਿਲਦਾ ਹੈ।
ਉਹ ਕਣਕ, ਝੋਨੇ ਤੋਂ ਇਲਾਵਾ ਛੋਲੇ, ਦਾਲਾਂ, ਗੰਨਾ, ਹਲਦੀ ਆਦਿ ਵੀ ਲਾਉਂਦਾ ਹੈ। ਇਨ੍ਹਾਂ ਫ਼ਸਲਾਂ ਵਿੱਚ ਉਹ ਪਰਾਲੀ ਨੂੰ ਮਲਚ ਕਰਦਾ ਹੈ, ਜਿਸ ਨਾਲ ਇਨ੍ਹਾਂ ਫ਼ਸਲਾਂ ਖਾਸ ਕਰਕੇ ਹਲਦੀ ਦੇ ਝਾੜ ਵਿੱਚ ਵੱਡਾ ਫਰਕ ਦੇਖਣ ਨੂੰ ਮਿਲਿਆ ਹੈ। ਉਹ ਦਾਲਾਂ, ਮੋਟੇ ਅਨਾਜ, ਹਲਦੀ ਤੇ ਹੋਰ ਖਾਦ ਪਦਾਰਥਾਂ ਦੀ ਪ੍ਰੋਸੈਸਿੰਗ ਵੀ ਕਰ ਰਿਹਾ ਹੈ। ਉਸਨੇ ਆਪਣੇ ਘਰ ਵਿਚ ਸਟੋਰ ਬਣਾਇਆ ਹੈ ਜਿੱਥੇ ਉਹ ਮੋਟੇ ਅਨਾਜ, ਮੋਟੇ ਅਨਾਜਾਂ ਦਾ ਆਟਾ, ਬਿਸਕੁਟ, ਹਲਦੀ, ਹਲਦੀ ਪੰਜੀਰੀ, ਵੱਖ-ਵੱਖ ਤਰ੍ਹਾਂ ਦੇ ਤੇਲ, ਗੁੜ, ਸ਼ੱਕਰ, ਜੈਵਿਕ ਮਸਾਲੇ ਆਦਿ ਰੱਖਦਾ ਹੈ ਅਤੇ ਇਸਦਾ ਸਮਾਨ ਘਰ ਤੋਂ ਜਾਂ ਆਨਲਾਈਨ ਵਿਕ ਜਾਂਦਾ ਹੈ।
ਉਸਦੇ ਬੀਰੋਕੇ ਨੈਚੁਰਲ ਫਾਰਮ ਦੇ ਉਤਪਾਦ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਅਤੇ ਬਾਹਰਲੇ ਦੇਸ਼ਾਂ ਵਿੱਚ ਵੀ ਜਾ ਰਹੇ ਹਨ। ਉਹ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਸਣੇ ਕਰੀਬ 6 ਬਾਹਰਲੇ ਦੇਸ਼ਾਂ ਵਿੱਚ ਜੈਵਿਕ ਉਤਪਾਦ ਭੇਜ ਰਹੇ ਹਨ। ਉਸਦੇ ਦੇਸੀ ਬੀਜਾਂ ਦੀ ਮੰਗ ਬਹੁਤ ਜਿਆਦਾ ਹੈ ਜਿਸ ਤੋਂ ਉਹ ਵਧੀਆ ਕਮਾਈ ਕਰ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕੀਤੀ ਸ਼ਲਾਘਾ
ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਉੱਦਮੀ ਕਿਸਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੁਖਜੀਤ ਸਿੰਘ ਨੇ ਪਰਾਲੀ ਪ੍ਰਬੰਧਨ ਅਤੇ ਜੈਵਿਕ ਖੇਤੀ ਵਿੱਚ ਨਵੀਆਂ ਪੈੜਾਂ ਪਾਈਆਂ ਹਨ। ਸੁਖਜੀਤ ਸਿੰਘ ਨਵੀਆਂ ਤਕਨੀਕਾਂ ਜਿਵੇਂ ਬੈਡ ਪਲਾਂਟਿੰਗ, ਸੁਪਰ ਸੀਡਰ ਆਦਿ ਮਸ਼ੀਨਰੀ ਦਾ ਲਾਹਾ ਲੈਂਦਾ ਹੈ। ਇਹ ਕਿਸਾਨ ਜਿੱਥੇ ਸਫਲ ਕਿਸਾਨ ਵਜੋਂ ਉਭਰਿਆ ਹੈ, ਉੱਥੇ ਸਫ਼ਲ ਉੱਦਮੀ ਵਜੋਂ ਜੈਵਿਕ ਖਾਦ ਪਦਾਰਥਾਂ ਦੀ ਪ੍ਰੋਸੈਸਿੰਗ ਦੇ ਕਾਰੋਬਾਰ ਅਤੇ ਦੂਜੇ ਕਿਸਾਨਾਂ ਨੂੰ ਸੇਧ ਦੇਣ ਵਾਲੇ ਅਗਾਂਹਵਧੂ ਕਿਸਾਨ ਵਜੋਂ ਪਛਾਣ ਬਣਾ ਚੁੱਕਾ ਹੈ। ਇਸ ਕਿਸਾਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਉਹ ਜ਼ਿਲ੍ਹੇ ਦੇ ਕਿਸਾਨਾਂ ਲਈ ਵੱਡੀ ਉਦਾਹਰਨ ਹੈ।
ਲਾਗਤ ਘਟਣ ਨਾਲ 20 ਤੋਂ 30 ਫੀਸਦੀ ਆਮਦਨ ਵਧੀ
ਸੁਖਜੀਤ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਜ਼ਮੀਨ ਵਿਚ ਵਾਹੁਣ ਅਤੇ ਕੁਦਰਤੀ ਖੇਤੀ ਨਾਲ ਉਸਦੀ ਆਮਦਨ 20 ਤੋਂ 30 ਫੀਸਦੀ ਵਧੀ ਹੈ। ਕਿਸਾਨ ਦੇ ਦੱਸਣ ਮੁਤਾਬਿਕ ਆਮ ਤੌਰ ’ਤੇ ਕਣਕ ਦੀ ਫ਼ਸਲ ਦਾ ਪ੍ਰਤੀ ਏਕੜ ਖਰਚਾ 10 ਹਜ਼ਾਰ ਰੁਪਏ ਤੱਕ ਆ ਜਾਂਦਾ ਹੈ, ਜਦੋਂਕਿ ਉਸਦਾ 4 ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਹੀ ਆਉਂਦਾ ਹੈ। ਇਸੇ ਤਰ੍ਹਾਂ ਝੋਨੇ ਦਾ ਆਮ ਕਿਸਾਨ ਦਾ ਖ਼ਰਚਾ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਆਉਂਦਾ ਹੈ, ਜਦਕਿ ਉਸਦਾ ਖਰਚਾ 8 ਤੋਂ 10 ਹਜ਼ਾਰ ਰੁਪਏ ਤੱਕ ਹੀ ਆਉਂਦਾ ਹੈ। ਰਸਾਇਣਾਂ ਦੀ ਲਾਗਤ ਘਟਣ, ਮਿੱਟੀ ਦੇ ਸਿਹਤ ਸੁਧਾਰ ਅਤੇ ਪ੍ਰੋਸੈਸਿੰਗ ਬਦੌਲਤ ਉਸਦੀ 20 ਤੋਂ 30 ਫੀਸਦੀ ਆਮਦਨ ਵਧੀ ਹੈ।













