Sunam News: ਸੁਨਾਮ ’ਚ ਨਿਕਲੀ ‘ਸਵਦੇਸੀ ਅਪਣਾਓ, ਖਾਦੀ ਖਰੀਦੋ, ਖਾਦੀ ਪਹਿਨੋ’ ਰੈਲੀ

Sunam News
ਸੁਨਾਮ: ਹੱਥਾਂ ਵਿੱਚ ਬੈਨਰ ਤੇ ਤਖ਼ਤੀਆਂ ਫੜ ਕੇ ਰੈਲੀ ਦੀ ਸ਼ੁਰੂਆਤ ਸਮੇਂ ਵਿਦਿਆਰਥੀ। ਤਸਵੀਰ: ਕਰਮ ਥਿੰਦ

ਖਾਦੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵਿਸ਼ੇਸ਼ ਮੁਹਿੰਮ

Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਵਿੱਚ ਦੇਸ਼ ਭਗਤੀ ਅਤੇ ਸਵਦੇਸੀ ਜਜ਼ਬੇ ਨਾਲ ਭਰਪੂਰ ਇੱਕ ਵਿਸ਼ੇਸ਼ ਰੈਲੀ ਕੱਢੀ ਗਈ। ਇਸ ਰੈਲੀ ਦਾ ਮਕਸਦ ਲੋਕਾਂ ਵਿੱਚ ਖਾਦੀ ਦੇ ਮਹੱਤਵ ਨੂੰ ਉਜਾਗਰ ਕਰਨਾ ਅਤੇ ਦੇਸ਼ ਵਿੱਚ ਬਣੇ ਸਮਾਨ ਦੇ ਉਪਯੋਗ ਨੂੰ ਉਤਸ਼ਾਹਿਤ ਕਰਨਾ ਸੀ। ‘ਸਵਦੇਸੀ ਅਪਣਾਓ, ਖਾਦੀ ਖਰੀਦੋ, ਖਾਦੀ ਪਹਿਨੋ’ ਦੇ ਨਾਅਰਿਆਂ ਨਾਲ ਗੂੰਜ ਰਹੀ ਇਸ ਰੈਲੀ ਨੇ ਪੂਰੇ ਸ਼ਹਿਰ ਦਾ ਮਾਹੌਲ ਦੇਸ਼ ਭਗਤੀ ਨਾਲ ਰੰਗ ਦਿੱਤਾ।

ਰੈਲੀ ਦੀ ਸ਼ੁਰੂਆਤ ਮਾਡਲ ਬੇਸਿਕ ਸਕੂਲ, ਸੁਨਾਮ ਤੋਂ ਹੋਈ, ਜਿੱਥੇ ਖਾਦੀ ਇੰਡੀਆ ਦੀ ਅਧਿਕਾਰੀ ਸ਼ਾਂਤਾ ਫੂਲ ਅਤੇ ਅਧਿਆਪਕਾ ਆਸ਼ਾ ਕਾਂਸਲ ਦੀ ਅਗਵਾਈ ਹੇਠ ਸੈਂਕੜੇ ਵਿਦਿਆਰਥੀ, ਸਮਾਜਿਕ ਸੰਗਠਨ, ਅਧਿਆਪਕ ਅਤੇ ਸਥਾਨਕ ਨਾਗਰਿਕ ਸ਼ਾਮਲ ਹੋਏ। ਭਾਗੀਦਾਰਾਂ ਨੇ ਹੱਥਾਂ ਵਿੱਚ ਬੈਨਰ ਤੇ ਤਖ਼ਤੀਆਂ ਫੜ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਰਾਹੀਂ ਮਾਰਚ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਤਿਉਹਾਰੀ ਮੌਸਮ ਵਿੱਚ ਖਾਦੀ ਉਤਪਾਦਾਂ ਨੂੰ ਪਹਿਲ ਦੇਣ। ਰੈਲੀ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ‘ਖਾਦੀ ਸਾਡਾ ਮਾਨ ਹੈ’, ‘ਦੇਸੀ ਅਪਣਾਓ, ਦੇਸ਼ ਬਣਾਓ’ ਦੇ ਨਾਅਰੇ ਲਗਾਏ।

ਇਹ ਵੀ ਪੜ੍ਹੋ: Australia Vs India: ਦੂਜੇ ਵਨਡੇ ’ਚ ਆਸਟ੍ਰੇਲੀਆ ਨੇ ਭਾਰਤ ਨੂੰ 2 ਵਿਕਟਾਂ ਨਾਲ ਹਰਾਇਆ

ਇਸ ਮੌਕੇ ਖਾਦੀ ਇੰਡੀਆ ਅਧਿਕਾਰੀ ਸ਼ਾਂਤਾ ਫੂਲ ਨੇ ਕਿਹਾ ਕਿ ਇਸ ਰੈਲੀ ਦਾ ਮਕਸਦ ਲੋਕਾਂ ਨੂੰ ਸਵਦੇਸੀ ਉਤਪਾਦਾਂ ਪ੍ਰਤੀ ਜਾਗਰੂਕ ਕਰਨਾ ਅਤੇ ਦੇਸ਼ ’ਚ ਬਣੇ ਕੱਪੜਿਆਂ ਦੇ ਪ੍ਰਯੋਗ ਨੂੰ ਵਧਾਵਾ ਦੇਣਾ ਹੈ। ਖਾਦੀ ਸਿਰਫ਼ ਕੱਪੜਾ ਨਹੀਂ, ਸਗੋਂ ਆਤਮਨਿਰਭਰਤਾ ਤੇ ਸਵਭਿਮਾਨ ਦਾ ਪ੍ਰਤੀਕ ਹੈ।” ਇਸ ਮੌਕੇ ਅਧਿਆਪਕਾ ਆਸ਼ਾ ਮੈਡਮ ਨੇ ਕਿਹਾ ਕਿ “ਗਾਂਧੀ ਜਯੰਤੀ ਸਾਨੂੰ ਇਹ ਯਾਦ ਦਿਲਾਉਂਦੀ ਹੈ ਕਿ ਸਵਦੇਸੀ ਅਪਣਾਉਣਾ ਹੀ ਅਸਲੀ ਦੇਸ਼ ਭਗਤੀ ਹੈ। ਵਿਦਿਆਰਥੀਆਂ ਨੂੰ ਖਾਦੀ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ।” ਭਰੂਰ ਪਿੰਡ ਦੇ ਸਰਪੰਚ ਹਰਬੰਸ ਸਿੰਘ ਨੇ ਵੀ ਰੈਲੀ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਕਿਹਾ ਕਿ ਖਾਦੀ ਸਾਡੇ ਦੇਸ਼ ਦੀ ਪਹਿਚਾਣ ਹੈ। ਇਸ ਨਾਲ ਲੱਖਾਂ ਬੁਨਕਰਾਂ ਅਤੇ ਕਾਰਿਗਰਾਂ ਦੀ ਰੋਜ਼ੀ-ਰੋਟੀ ਜੁੜੀ ਹੈ। ਅਸੀਂ ਖਾਦੀ ਨੂੰ ਅਪਣਾਕੇ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰ ਸਕਦੇ ਹਾਂ।”