Paddy in Punjab: ਮੀਂਹ ਕਾਰਨ ਰੁਕੀ ਝੋਨੇ ਦੀ ਵਾਢੀ ਨੇ ਮੁੜ ਜੋਰ ਫੜਿਆ
Paddy in Punjab: ਮਾਨਸਾ (ਸੁਖਜੀਤ ਮਾਨ)। ਲੰਘੇ ਹਫ਼ਤੇ ਦੌਰਾਨ ਪਏ ਬੇਰੁੱਤੇ ਮੀਂਹ ਕਾਰਨ ਝੋਨ ਦੀ ਵਾਢੀ ਕੁੱਝ ਦਿਨਾਂ ਲਈ ਪਛੜਨ ਮਗਰੋਂ ਮੁੜ ਤੇਜ਼ ਹੋ ਗਈ ਹੈ। ਪੇਂਡੂ ਤੇ ਸ਼ਹਿਰੀ ਖਰੀਦ ਕੇਂਦਰਾਂ ’ਚ ਹੁਣ ਝੋਨੇ ਦੇ ਵੱਡੇ-ਵੱਡੇ ਢੇਰ ਲੱਗਣ ਲੱਗੇ ਹਨ। ਵਾਤਾਵਰਨ ’ਚ ਮੀਂਹ ਕਾਰਨ ਵਧੀ ਨਮੀ ਕਰਕੇ ਝੋਨੇ ’ਚ ਨਮੀ ਦੀ ਸਮੱਸਿਆ ਆਉਣ ਦਾ ਡਰ ਕਿਸਾਨਾਂ ਨੂੰ ਸੀ ਪਰ ਤੇਜ਼ ਧੁੱਪ ਨੇ ਡਰ ਖਤਮ ਕਰ ਦਿੱਤਾ। ਜੋ ਕਿਸਾਨ ਅਨਾਜ ਮੰਡੀਆਂ ’ਚ ਝੋਨਾ ਲਿਆ ਰਹੇ ਹਨ ਉਨ੍ਹਾਂ ਮੁਤਾਬਿਕ ਝੋਨੇ ’ਚ ਨਮੀ ਦੀ ਮਾਤਰਾ ਤੈਅ ਮਾਪਦੰਡਾਂ ਤੋਂ ਬਹੁਤੀ ਜ਼ਿਆਦਾ ਨਹੀਂ ਹੈ।
ਵੇਰਵਿਆਂ ਮੁਤਾਬਿਕ ਪੰਜਾਬ ’ਚ ਲੰਘੇ ਹਫਤੇ ਦੌਰਾਨ ਪਏ ਮੀਂਹ ਨੇ ਜਿੱਥੇ ਨਰਮੇ ਤੇ ਝੋਨੇ ਦੀ ਫਸਲ ਨੂੰ ਮਧੋਲ ਦਿੱਤਾ ਸੀ ਉੱਥੇ ਹੀ ਵਾਢੀ ਤੇ ਚੁਗਾਈ ਦੇ ਕੰਮ ’ਚ ਵੀ ਖੜੋਤ ਆ ਗਈ ਸੀ। ਮੀਂਹ ਹਟਣ ਮਗਰੋਂ ਲੱਗੀਆਂ ਚੰਗੀਆਂ ਧੁੱਪਾਂ ਨੇ ਖੇਤਾਂ ’ਚ ਛੇਤੀ ਹੀ ਕੰਬਈਨਾਂ ਚਲਦੀਆਂ ਕਰ ਦਿੱਤੀਆਂ। ਉਂਝ ਸਰਕਾਰੀ ਤੌਰ ’ਤੇ ਝੋਨੇ ਦੀ ਖਰੀਦ 16 ਸਤੰਬਰ ਤੋਂ ਸ਼ੁਰੂ ਹੋਈ ਹੈ ਪਰ ਮਾਲਵਾ ਪੱਟੀ ’ਚ ਬਾਕੀ ਖੇਤਰਾਂ ਦੇ ਮੁਕਾਬਲੇ ਹੁਣ ਵਾਢੀ ਦਾ ਜ਼ੋਰ ਹੋਣ ਕਰਕੇ ਅਨਾਜ਼ ਮੰਡੀਆਂ ’ਚ ਰੌਣਕ ਲੱਗੀ ਹੈ।
Mansa-Bathinda News
ਮਾਨਸਾ ਦੀ ਅਨਾਜ਼ ਮੰਡੀ ’ਚ ਝੋਨਾ ਲੈ ਕੇ ਆਏ ਪਿੰਡ ਅਕਲੀਆ ਦੇ ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਲਿਆਂਦੇ ਗਏ ਝੋਨੇ ਨੂੰ ਝਾਰ ਲੱਗ ਰਿਹਾ ਹੈ। ਨਮੀ ਬਾਰੇ ਪੁੱਛਣ ’ਤੇ ਕਿਸਾਨ ਨੇ ਆਖਿਆ ਕਿ ਸਰਕਾਰ ਨੇ 17 ਫੀਸਦੀ ਨਮੀਂ ਤੈਅ ਕੀਤੀ ਹੈ ਜਦੋਂਕਿ ਉਸਦੇ ਝੋਨੇ ਦੀ 19-20 ਨਮੀ ਆ ਰਹੀ ਹੈ, ਜੋ ਵਾਲੀ ਜ਼ਿਆਦਾ ਨਹੀਂ ਹੈ। ਪਿੰਡ ਨੰਗਲ ਦੇ ਕਿਸਾਨ ਹਰਦੇਵ ਸਿੰਘ ਨੇ ਆਖਿਆ ਕਿ ਇਸ ਵਾਰ ਝੋਨਾ ਪਿਛਲੇ ਸਾਲਾਂ ਦੇ ਮੁਕਾਬਲੇ 15 ਦਿਨ ਪਹਿਲਾਂ ਲੱਗਣਾ ਸ਼ੁਰੂ ਹੋ ਗਿਆ ਸੀ ਪਰ ਮੀਂਹਾਂ ਕਰਕੇ ਵਾਢੀ ਥੋੜ੍ਹੀ ਪਛੜੀ ਜ਼ਰੂਰ ਹੈ ਪਰ ਪਹਿਲਾਂ ਨਾਲੋਂ ਫਿਰ ਵੀ ਹਫਤਾ ਕੁ ਪਹਿਲਾਂ ਹੀ ਹੈ। Paddy in Punjab
Read Also : MSG All Trading International ਦਾ ਸ਼ਾਨਦਾਰ ਦੀਵਾਲੀ ਸਨਮਾਨ ਸਮਾਰੋਹ ਹੋਇਆ
ਇਸ ਕਿਸਾਨ ਦਾ ਤਰਕ ਸੀ ਕਿ ਧੁੰਦਾਂ ਆਦਿ ਪੈਣੀਆਂ ਸ਼ੁਰੂ ਹੋਣ ’ਤੇ ਫਸਲ ਜ਼ਿਆਦਾ ਨਮੀ ਖਿੱਚ ਲੈਂਦੀ ਹੈ ਪਰ ਹਾਲੇ ਤੱਕ ਅਜਿਹਾ ਮੌਸਮ ਨਹੀਂ ਹੈ। ਪਿੰਡ ਜਵਾਹਰਕੇ ਤੋਂ ਫਸਲ ਲੈ ਕੇ ਆਏ ਦਰਸ਼ਨ ਸਿੰਘ ਨੇ ਆਖਿਆ ਕਿ ਉਸਨੇ ਪੂਰਾ ਬੱਤ ’ਤੇ ਆਇਆ ਝੋਨਾ ਹੀ ਵੱਢਿਆ ਹੈ, ਜੋ ਹਾਲੇ ਨਹੀਂ ਵੱਢਣ ਵਾਲਾ ਉਹ ਨਹੀਂ ਵੱਢਿਆ। ਜੋ ਮੰਡੀ ’ਚ ਲਿਆਂਦਾ ਹੈ ਉਸਨੂੰ ਵੇਚਣ ’ਚ ਸੁੱਕਾ ਹੋਣ ਕਰਕੇ ਦਿੱਕਤ ਨਹੀਂ ਆਈ। ਕੁਝ ਕਿਸਾਨਾਂ ਨੇ ਇਹ ਵੀ ਆਖਿਆ ਕਿ ਜੋ ਝੋਨਾ ਗਿੱਲਾ ਹੈ, ਉਸਨੂੰ ਦਿਨ ਵੇਲੇ ਸੁਕਾਉਣ ਲਈ ਵਿਛਾ ਦਿੰਦੇ ਹਾਂ ਤੇ ਸ਼ਾਮ ਨੂੰ ਇਕੱਠਾ ਕਰ ਦਿੰਦੇ ਹਾਂ।
ਰਾਤਾਂ ਕੱਟ ਲਵਾਂਗੇ, ਵੱਧ ਕਾਟ ਨਹੀਂ ਕੱਟਣ ਦਿੰਦੇ : ਕਿਸਾਨ ਆਗੂ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਦਾ ਕਹਿਣਾ ਹੈ ਕਿ ਸ਼ੈਲਰਾਂ ਵਾਲਿਆਂ ਵੱਲੋਂ ਝੋਨੇ ਦੀ ਖਰੀਦ ਮੌਕੇ ਜੇਕਰ ਕੁਇੰਟਲ ਮਗਰ ਦੋ ਕਿੱਲੋ ਕਾਟ ਕੱਟੀ ਜਾਂਦੀ ਹੈ ਤਾਂ ਜਾਇਜ਼ ਹੈ ਜੇਕਰ ਜਿਆਦਾ ਕਾਟ ਕੱਟਣਗੇ ਤਾਂ ਉਹ ਕਾਟ ਦੀ ਬਜਾਏ ਮੰਡੀਆਂ ’ਚ ਰਾਤਾਂ ਕੱਟ ਲੈਣਗੇ ਪਰ ਆਪਣਾ ਨੁਕਸਾਨ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਹੁਣ ਜੋ ਝੋਨੇ ਦੀ ਕਟਾਈ ਹੋ ਰਹੀ ਹੈ ਉਸ ’ਚ ਨਵੀਂ ਦੀ ਕੋਈ ਦਿੱਕਤ ਨਹੀਂ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਜਦੋਂ ਸ਼ੈਲਰਾਂ ਵਾਲੇ ਅਨਾਜ਼ ਮੰਡੀਆਂ ’ਚ ਝੋਨੇ ਦੀ ਨਮੀ ਨਾਪਦੇ ਹਨ ਤਾਂ ਨਮੀ ਵਾਲੀਆਂ ਮਸ਼ੀਨਾਂ ਮਾਰਕੀਟ ਕਮੇਟੀ ਦੀਆਂ ਹੀ ਵਰਤੀਆਂ ਜਾਣ ਕਿਉਂਕਿ ਸ਼ੈਲਰਾਂ ਵਾਲਿਆਂ ਦੀਆਂ ਮਸ਼ੀਨਾਂ ਤੇ ਮਾਰਕੀਟ ਕਮੇਟੀ ਦੀਆਂ ਮਸ਼ੀਨਾਂ ’ਚ ਨਮੀ ਦੀ ਮਾਤਰਾ ਦਾ ਫਰਕ ਪੈ ਰਿਹਾ ਹੈ।