10 ਅਕਤੂਬਰ ਦੀ ਪੈਨਲ ਮੀਟਿੰਗ ਲਿਖਤੀ ਰੂਪ ‘ਚ ਲੈ ਕੇ ਧਰਨਾ ਸਮਾਪਤ ਕੀਤਾ
- ਬਿਨਾਂ ਕਿਸੇ ਸਰਕਾਰੀ ਸਹੂਲਤਾਂ ਤੋਂ ਠੇਕੇ ਉੱਪਰ ਸਿਰਫ਼ 15000 ਪ੍ਰਤੀ ਮਹੀਨਾ ਉੱਪਰ ਆਪਣਾ ਸ਼ੋਸ਼ਣ ਕਰਵਾ ਰਹੇ ਹਾਂ : ਯੂਨੀਅਨ
Punjab Protest: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਰਕਾਰੀ ਆਈ.ਟੀ.ਆਈਜ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਬੈਨਰ ਹੇਠ ਅੱਜ ਸੂਬਾ ਕਮੇਟੀ ਮੈਂਬਰਾਂ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਪ੍ਰਧਾਨ, ਕੱਚਿਆਂ ਨੂੰ ਪੱਕਾ ਕਰਨ ਲਈ ਬਣਾਈ ਸਬ ਕਮੇਟੀ ਦੇ ਮੈਂਬਰ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦੇ ਨੇੜੇ ਰੋਸ ਧਰਨਾ ਦਿੱਤਾ ਗਿਆ।
ਜਿਸ ਵਿੱਚ ਵੱਡੀ ਗਿਣਤੀ ਵਿੱਚ ਕੱਚੇ ਇੰਸਟਰਕਟਰ ਹਾਜ਼ਰ ਹੋਏ ਜਿੰਨਾਂ ਵਿੱਚ ਵੱਡੀ ਗਿਣਤੀ ਮਹਿਲਾਂ ਕਰਮਚਾਰੀਆਂ ਦੀ ਸੀ। ਵੱਖ-ਵੱਖ ਸੂਬਾ ਕਮੇਟੀ ਮੈਂਬਰਾਂ ਜਿੰਨਾਂ ਵਿੱਚ ਸੇਵਾ ਸਿੰਘ, ਨਵਨੀਤ ਸਿੰਘ, ਜਸਵਿੰਦਰ ਸਿੰਘ, ਕੁਲਜੀਤ ਕੌਰ, ਸਤੀਸ਼ ਕੁਮਾਰ, ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਸੀਂ ਪਿਛਲੇ 15-16 ਸਾਲਾ ਤੋਂ ਪੰਜਾਬ ਦੀਆਂ ਸਰਕਾਰੀ ਆਈ ਟੀ ਆਈਆਂ ਵਿੱਚ ਗਰੁੱਪ ਬੀ ਕਰਾਫਟ ਇੰਸਟਰਕਟਰ ਵਜੋਂ ਬਿਨਾਂ ਕਿਸੇ ਸਰਕਾਰੀ ਸਹੂਲਤਾਂ ਤੋਂ ਠੇਕੇ ਉੱਪਰ ਸਿਰਫ਼ 15000 ਪ੍ਰਤੀ ਮਹੀਨਾ ਉੱਪਰ ਆਪਣਾ ਸ਼ੋਸ਼ਣ ਕਰਵਾ ਰਹੇ ਹਾਂ। ਸਾਡੀ ਭਰਤੀ ਵਿਭਾਗ ਵੱਲੋਂ ਸਮੇਂ-ਸਮੇਂ ਉੱਪਰ ਜਾਰੀ ਹਦਾਇਤਾਂ ਰਾਹੀਂ ਪਾਰਦਰਸ਼ੀ ਢੰਗ ਨਾਲ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ, ਰੋਜ਼ਗਾਰ ਦਫ਼ਤਰਾਂ ਰਾਹੀਂ ਕੀਤੀ ਗਈ ਹੈ।
ਜੇਕਰ ਸਰਕਾਰ ਮੀਟਿੰਗ ‘ਚ ਮਸਲਾ ਹੱਲ ਨਹੀਂ ਕਰਦੀ ਤਾਂ ਅਗਲਾ ਧਰਨਾ ਬਹੁਤ ਛੇਤੀ ਹੋਵੇਗਾ : ਆਗੂ
ਅਸੀਂ ਡੀਜੀਟੀ ਭਾਰਤ ਸਰਕਾਰ ਵੱਲੋਂ ਮੰਗੀਆਂ ਜਾਂਦੀਆਂ ਸਾਰੀਆਂ ਵਿੱਦਿਅਕ ਯੋਗਤਾਵਾਂ ਪੂਰੀਆਂ ਕਰਦੇ ਹਾਂ। ਪ੍ਰੰਤੂ ਫਿਰ ਵੀ ਸਾਡੇ ਨਾਲ ਪੰਜਾਬ ਸਰਕਾਰ ਸ਼ਰੈਆਮ ਧੱਕਾ ਕਰ ਰਹੀ ਹੈ। ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਬਹੁਤ ਮਿਹਨਤ ਕੀਤੀ ਸੀ ਕਿ ਸ਼ਾਇਦ ਇਹ ਪਾਰਟੀ ਸਾਡੀਆਂ ਮੰਗਾਂ ਪੂਰੀਆਂ ਕਰੇਗੀ ਪ੍ਰੰਤੂ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਹੀ ਨਿਕਲੀ। ਅਸੀਂ ਇਸ ਸਰਕਾਰ ਵਿੱਚ ਪਿਛਲੇ 3 ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਗੱਲਬਾਤ ਰਾਹੀਂ ਕੋਈ ਹੱਲ ਨਿਕਲੇ ਇਸੇ ਦੇ ਚੱਲਦਿਆਂ ਬਹੁਤ ਵਾਰ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਵਿੱਤ ਮੰਤਰੀ ਹਰਪਾਲ ਚੀਮਾਂ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹੋਰ ਕੈਬਨਿਟ ਮੰਤਰੀਆਂ ਨੂੰ ਮਿਲ ਚੁੱਕੇ ਹਾਂ ਪ੍ਰੰਤੂ ਇਹਨਾਂ ਵਿੱਚੋਂ ਕਿਸੇ ਨੇ ਵੀ ਸਾਡੀ ਗੱਲ ਉੱਪਰ ਗੌਰ ਨਹੀਂ ਕੀਤੀ। Punjab Protest
ਇਸ ਤੋਂ ਇਲਾਵਾ ਆਮ ਲੋਕਾਂ ਦੇ ਮੁੱਖ ਮੰਤਰੀ ਕਹਾਉਣ ਵਾਲੇ ਭਗਵੰਤ ਮਾਨ ਦੀ ਸਰਕਾਰੀ ਕੋਠੀ ਦੇ 50-60 ਚੱਕਰ ਲਗਾ ਚੁੱਕੇ ਹਾਂ ਪ੍ਰੰਤੂ ਉਹਨਾਂ ਵੱਲੋਂ ਅੱਜ ਤੱਕ ਇੱਕ ਮਿੰਟ ਦਾ ਵੀ ਸਮਾਂ ਨਹੀਂ ਦਿੱਤਾ ਗਿਆ। ਹੁਣ ਜੱਥੇਬੰਦੀ ਨੇ ਮਜ਼ਬੂਰ ਹੋ ਕੇ ਪੰਜਾਬ ਸਰਕਾਰ ਵਿਰੁੱਧ ਖੁੱਲ੍ਹ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਇਸੇ ਦੇ ਚੱਲਦਿਆਂ ਸੰਘਰਸ਼ ਦੀ ਸ਼ੁਰੂਆਤ ਪਾਰਟੀ ਪ੍ਰਧਾਨ ਅਮਨ ਅਰੋੜਾ ਦੇ ਹਲਕੇ ਸੁਨਾਮ ਤੋਂ ਕੀਤੀ ਗਈ ਹੈ। Punjab Protest
ਹੱਲ ਨਾ ਹੋਣ ’ਤੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੀ ਦਿੱਤੀ ਚੇਤਾਵਨੀ
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਹੁਣ ਸਰਕਾਰ ਮਸਲਾ ਹੱਲ ਨਹੀਂ ਕਰਦੀਂ ਤਾਂ ਇਹ ਸਿਲਸਲਾ ਲਗਾਤਾਰ ਵਧਦਾ ਹੀ ਜਾਣਾ ਹੈ। ਜੱਥੇਬੰਦੀ ਨੇ ਪ੍ਰਸ਼ਾਸਨ ਅੱਗੇ ਮੰਗ ਰੱਖੀ ਕਿ ਜੇਕਰ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਵਿਭਾਗ ਦੇ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਨਹੀਂ ਮਿਲਦੀ ਤਾਂ ਇਹ ਧਰਨਾਂ ਮੰਤਰੀ ਦੀ ਕੋਠੀ ਅੱਗੇ ਪੱਕੇ ਧਰਨੇ ਵਿੱਚ ਬਦਲਿਆਂ ਜਾਵੇਗਾ।
ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਲਗਾਤਾਰ ਯਕਨ ਕੀਤੇ ਗਏ ਜਿਸਦੇ ਚੱਲਦਿਆਂ 10-10-25 ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਦੀ ਹਾਜਰੀ ਵਿੱਚ ਪੈਨਲ ਮੀਟਿੰਗ ਲਿਖਤੀ ਰੂਪ ਵਿੱਚ ਦਿਤੀ ਗਈ। ਜਿਸ ਉੱਪਰੰਤ ਜੱਥੇਬੰਦੀ ਵੱਲੋਂ ਧਰਨਾ ਖਤਮ ਕਰਨ ਦਾ ਐਲਾਨ ਕੀਤਾ ਅਤੇ ਨਾਲ ਇਹ ਵੀ ਕਿਹਾ ਕਿ ਜੇਕਰ ਸਰਕਾਰ ਮੀਟਿੰਗ ਵਿੱਚ ਮਸਲਾ ਹੱਲ ਨਹੀਂ ਕਰਦੀ ਤਾਂ ਅਗਲਾ ਧਰਨਾ ਬਹੁਤ ਛੇਤੀ ਅਨਾਉਂਸ ਕੀਤਾ ਜਾਵੇਗਾ ਅਤੇ ਲੋੜ ਪੈਣ ’ਤੇ ਬਾਕੀ ਦੇ ਕੈਬਨਿਟ ਮੰਤਰੀਆਂ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਵੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Punjab Holidays: ਪੰਜਾਬ ’ਚ ਰੱਦ ਹੋਈਆਂ ਛੁੱਟੀਆਂ, ਨਵੇਂ ਆਦੇਸ਼ ਜਾਰੀ
ਜੇਕਰ ਜ਼ਰੂਰਤ ਪੈਂਦੀ ਹੈ ਤਾਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਘਰ ਦਿੱਲ੍ਹੀ ਜਾਣਾ ਪਿਆ ਤਾਂ ਜ਼ਰੂਰ ਪੱਕਾ ਮੋਰਚਾ ਲਗਾਇਆ ਜਾਵੇਗਾ। ਅੰਤ ਵਿੱਚ ਜੱਥੇਬੰਦੀ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ। ਪ੍ਰਸ਼ਾਸਨਿਕ ਅਧਿਕਾਰੀ ਡਿਊਟੀ ਮੈਜਿਸਟਰੇਟ ਸ੍ਰੀ ਨਰਿੰਦਰ ਸਿੰਘ ਵੱਲੋਂ ਮੰਗ-ਪੱਤਰ ਪ੍ਰਾਪਤ ਕੀਤਾ ਗਿਆ ਅਤੇ ਉਹਨਾਂ ਵੱਲੋਂ ਵੀ ਸਹਿਯੋਗ ਕਰਨ ਲਈ ਜੱਥੇਬੰਦੀ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਤੁਹਾਡੀਆਂ ਮੰਗਾਂ ਮਾਣਯੋਗ ਮੰਤਰੀ ਸ੍ਰੀ ਅਮਨ ਅਰੋੜਾ ਜੀ ਦੇ ਧਿਆਨ ਵਿੱਚ ਲਿਆਂਦੀਆਂ ਜਾਣਗੀਆਂ।

ਇਨ੍ਹਾਂ ਠੇਕਾ ਮੁਲਾਜ਼ਮਾਂ ਦੀ ਮੁੱਖ ਮੰਗ
ਪੰਜਾਬ ਸਰਕਾਰ ਸਰਕਾਰੀ ਆਈ ਟੀ ਆਈਆਂ ਵਿੱਚ ਕੰਮ ਕਰ ਰਹੇ ਸਾਰੇ ਕਰਾਫਟ ਇੰਸਟਰਕਟਰਾਂ ਨੂੰ ਵਿਭਾਗ ਅਧੀਨ ਲੈ ਕੇ ਬੇਸਿਕ ਤਨਖ਼ਾਹ 35400 ਦੇ ਨਾਲ 3 ਪ੍ਰਤੀਸ਼ਤ ਸਾਲਾਨਾ ਇੰਕਰੀਮੈਂਟ ਨਾਲ 58 ਸਾਲ ਦੀ ਉਮਰ ਤੱਕ ਸੇਵਾ ਸੁਰੱਖਿਆ ਦੇਣੀ ਯਕੀਨੀ ਬਣਾਈ ਜਾਵੇ। Punjab Protest