
ਛੇਤੀ ਹੀ ਇਸ ਰਸਤੇ ਉੱਤੇ ਚਲਾਈਆਂ ਜਾਣਗੀਆਂ ਗੋਲਫ ਕਾਰਟ
Amritsar News: (ਰਾਜਨ ਮਾਨ) ਅੰਮ੍ਰਿਤਸਰ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ, ਜਿਨਾਂ ਨੇ ਕੱਲ੍ਹ ਹੀ ਸ੍ਰੀ ਦਰਬਾਰ ਸਾਹਿਬ ਜੀ ਨੂੰ ਜਾਂਦੇ ਰਸਤੇ ਟਾਉਨ ਹਾਲ ਤੋਂ ਸ੍ਰੀ ਦਰਬਾਰ ਸਾਹਿਬ ਜੀ ਤੱਕ ਦੀ ਸਫਾਈ ਅਤੇ ਪ੍ਰਬੰਧਾਂ ਨੂੰ ਹੋਰ ਵਧੀਆ ਕਰਨ ਲਈ ਅਡਾਪਟ ਕੀਤਾ ਹੈ, ਨੇ ਅੱਜ ਛੁੱਟੀ ਤੇ ਬਾਵਜ਼ੂਦ ਅਧਿਕਾਰੀਆਂ ਦੇ ਨਾਲ ਮੌਕੇ ਦਾ ਜਾਇਜ਼ਾ ਲਿਆ। ਉਹਨਾਂ ਦੱਸਿਆ ਕਿ ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ਉੱਤੇ ਆਉਂਦੀਆਂ ਸਮੱਸਿਆਵਾਂ ਨੂੰ ਦੂਰ ਕਰਨ, ਉਹਨਾਂ ਨੂੰ ਸੁਰੱਖਿਅਤ ਅਤੇ ਸੋਹਣਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਗਈ ਅਗਵਾਈ ਤਹਿਤ ਅਸੀਂ ਜ਼ਿਲ੍ਹੇ ਦੀਆਂ 41 ਸੜਕਾਂ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਅਡਾਪਟ ਕਰਵਾ ਦਿੱਤੀਆਂ ਹਨ ਅਤੇ ਮੇਰੇ ਹਿੱਸੇ ਇਸ ਰਸਤੇ ਦੀ ਸੇਵਾ ਆਈ ਹੈ।
ਇਹ ਵੀ ਪੜ੍ਹੋ: National Doctors Day: ਰੋਟਰੀ ਕਲੱਬ ਨੇ ਨੈਸ਼ਨਲ ਡਾਕਟਰਜ਼ ਦਿਵਸ ਤੇ ਚਾਰਟਿਡ ਅਕਾਊਂਟੈਟ ਦਿਵਸ ਉਤਸ਼ਾਹ ਨਾਲ ਮਨਾਇਆ
ਡਿਪਟੀ ਕਮਿਸ਼ਨਰ ਸ੍ਰੀਮਤੀ ਸਾਹਨੀ ਨੇ ਕਿਹਾ ਕਿ ਭਾਵੇਂ ਇਹ ਰਸਤਾ ਬਹੁਤ ਵਧੀਆ ਹੈ ਪਰ ਅਸੀਂ ਇਸ ਨੂੰ ਕਾਰਪੋਰੇਸ਼ਨ ਅਤੇ ਹੋਰ ਵਿਭਾਗਾਂ ਦੀ ਸਹਾਇਤਾ ਨਾਲ ਹੋਰ ਸੁੰਦਰ ਬਣਾਵਾਂਗੇ। ਉਹਨਾਂ ਦੱਸਿਆ ਕਿ ਇੱਥੇ ਛੇਤੀ ਹੀ ਸ਼ਰਧਾਲੂਆਂ ਦੀ ਲੋੜ ਲਈ ਗੋਲਫ ਕਾਰਟ ਸ਼ੁਰੂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਰਸਤੇ ਵਿੱਚ ਡਸਟਬਿਨ ਦੀ ਸੁਵਿਧਾ ਦਿੱਤੀ ਜਾਵੇਗੀ ਅਤੇ ਦੁਕਾਨਦਾਰਾਂ ਨੂੰ ਵੀ ਆਪਣੀਆਂ ਦੁਕਾਨਾਂ ਦੇ ਬਾਹਰ ਡਸਟਬਿਨ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਇਸ ਰਸਤੇ ਦੀ ਸਫਾਈ ਬਿਹਤਰ ਹੋਵੇ।
ਉਹਨਾਂ ਕਿਹਾ ਕਿ ਇਹ ਸ੍ਰੀ ਦਰਬਾਰ ਸਾਹਿਬ ਜੀ ਨੂੰ ਜਾਂਦਾ ਸਭ ਤੋਂ ਪਵਿੱਤਰ ਰਸਤਾ ਹੈ ਅਤੇ ਪਰਮਾਤਮਾ ਨੇ ਮੈਨੂੰ ਇੱਥੋਂ ਦੀ ਸੇਵਾ ਦਿੱਤੀ ਹੈ । ਮੈਂ ਇਸ ਰਸਤੇ ਨੂੰ ਹੋਰ ਬਿਹਤਰ ਬਣਾਉਣ ਲਈ ਆਪਣੇ ਟੀਮ ਨਾਲ ਮਿਲ ਕੇ ਕੰਮ ਕਰਾਂਗੀ ਅਤੇ ਕੋਸ਼ਿਸ਼ ਹੋਵੇਗੀ ਕਿ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਵਧੀਆ ਅਨੁਭਵ ਹੋਵੇ। ਇਸ ਮੌਕੇ ਐਸਪੀ ਸ੍ਰੀਮਤੀ ਅਮਨਦੀਪ ਕੌਰ, ਐਸਈ ਕਾਰਪੋਰੇਸ਼ਨ ਸ ਸੰਦੀਪ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। Amritsar News