
ਹਰਿਆਣਾ ਨੂੰ ਜਿਆਦਾ ਪਾਣੀ ਦੇਣ ਲਈ ਬੀਬੀਐਮਬੀ ਕਰੇਗਾ ਭਗਵੰਤ ਮਾਨ ਨਾਲ ਗੱਲਬਾਤ
Punjab Haryana Water News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਹਰਿਆਣਾ ਨੂੰ 4000 ਕੁਸਿਕ ਦੀ ਥਾਂ ’ਤੇ 8500 ਕੁਸਿਕ ਪਾਣੀ ਦੇਣ ਲਈ ਬੀਬੀਐਮਬੀ ਦੇ ਚੇਅਰਮੈਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜਲਦ ਹੀ ਮੁਲਾਕਾਤ ਕਰਦੇ ਹੋਏ ਗੱਲਬਾਤ ਕੀਤੀ ਜਾਏਗੀ। ਬੀਬੀਐਮਬੀ ਦੇ ਚੇਅਰਮੈਨ ਵਲੋਂ ਪੰਜਾਬ ਸਰਕਾਰ ਨੂੰ ਮਨਾਇਆ ਜਾਏਗਾ ਕਿ ਇਸ ਸਮੇਂ ਹਰਿਆਣਾ ਨੂੰ ਪੀਣ ਅਤੇ ਜ਼ਰੂਰਤ ਲਈ ਵਾਧੂ ਪਾਣੀ ਦੀ ਲੋੜ ਹੈ ਅਤੇ ਜਦੋਂ ਵੀ ਪੰਜਾਬ ਨੂੰ ਵਾਧੂ ਪਾਣੀ ਦੀ ਲੋੜ ਪਏਗੀ ਤਾਂ ਉਸ ਲਈ ਬੀਬੀਐਮਬੀ ਵੱਲੋਂ ਇੰਤਜਾਮ ਕੀਤਾ ਜਾਏਗਾ। ਇਹ ਫੈਸਲਾ ਬੀਬੀਐਮਬੀ ਵਲੋਂ ਕੀਤੀ ਗਈ ਸ਼ਨਿੱਚਰਵਾਰ ਨੂੰ ਅਹਿਮ ਮੀਟਿੰਗ ਵਿੱਚ ਕੀਤਾ ਗਿਆ ਹੈ।
ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵਲੋਂ ਭਾਗ ਲੈਣ ਤੋਂ ਸਾਫ਼ ਇਨਕਾਰ ਕਰਦੇ ਹੋਏ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਗਿਆ ਸੀ ਅਤੇ ਤਰਕ ਦਿੱਤਾ ਗਿਆ ਸੀ ਕਿ ਇਸ ਤਰ੍ਹਾਂ ਦੀ ਮੀਟਿੰਗ ਸੱਦਣ ਤੋਂ ਪਹਿਲਾਂ ਸੱਤ ਦਿਨਾਂ ਦਾ ਨੋਟਿਸ ਦੇਣਾ ਜ਼ਰੂਰੀ ਹੈ ਪਰ ਬੀਬੀਐਮਬੀ ਵੱਲੋਂ ਇੰਝ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਹੀ ਪੰਜਾਬ ਸਰਕਾਰ ਦਾ ਨੁਮਾਇੰਦਾ ਇਸ ਮੀਟਿੰਗ ਵਿੱਚ ਭਾਗ ਨਹੀਂ ਲਏਗਾ।
ਇਹ ਵੀ ਪੜ੍ਹੋ: Punjab Government: ਪੰਜਾਬ ਸਰਕਾਰ ਨੇ ਆਈਪੀਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ
ਜਾਣਕਾਰੀ ਅਨੁਸਾਰ ਹਰਿਆਣਾ ਦੇ ਕੋਟੇ ਦਾ ਪਾਣੀ ਖ਼ਤਮ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 4 ਹਜ਼ਾਰ ਕੁਸਿਕ ਪਾਣੀ ਵਾਧੂ ਦਿੱਤਾ ਜਾ ਰਿਹਾ ਹੈ ਤਾਂ ਹੁਣ ਹਰਿਆਣਾ ਵਲੋਂ ਪੰਜਾਬ ਤੋਂ ਅਗਲੇ 8 ਤੋਂ 15 ਦਿਨਾਂ ਲਈ 8500 ਕੁਸਿਕ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ। ਹਰਿਆਣਾ ਦੀ ਇਸ ਮੰਗ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰਨ ਤੋਂ ਬਾਅਦ ਪਿਛਲੇ 4 ਦਿਨਾਂ ਤੋਂ ਪਾਣੀ ਦਾ ਰੇੜਕਾ ਚੱਲ ਰਿਹਾ ਹੈ। ਬੀਬੀਐਮਬੀ ਵੱਲੋਂ ਪਾਣੀ ਦੀ ਵੰਡ ਕਰਨ ਦੇ ਨਾਲ-ਨਾਲ ਪਾਣੀ ਦਾ ਸਾਰਾ ਕੰਟਰੋਲ ਦੇਖਿਆ ਜਾਂਦਾ ਹੈ ਅਤੇ ਬੀਤੇ ਦਿਨੀਂ ਬੀਬੀਐਮਬੀ ਵੱਲੋਂ ਹੀ ਹਰਿਆਣਾ ਨੂੰ 8500 ਕੁਸਿਕ ਪਾਣੀ ਦੇਣ ਦਾ ਫੈਸਲਾ ਕਰ ਲਿਆ ਗਿਆ ਸੀ ਪਰ ਪੰਜਾਬ ਸਰਕਾਰ ਨੇ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
ਹਰਿਆਣਾ ਅਤੇ ਰਾਜਸਥਾਨ ਸਣੇ ਹਿਮਾਚਲ ਨੇ ਲਿਆ ਸੀ ਮੀਟਿੰਗ ਵਿੱਚ ਭਾਗ
ਹੁਣ ਇਸ ਮਾਮਲੇ ਵਿੱਚ ਸ਼ਨਿੱਚਰਵਾਰ ਨੂੰ ਇੱਕ ਵਾਰ ਫਿਰ ਤੋਂ ਬੀਬੀਐਮਬੀ ਵੱਲੋਂ ਮੀਟਿੰਗ ਸੱਦੀ ਗਈ ਸੀ ਤਾਂ ਇਸ ਮੀਟਿੰਗ ਵਿੱਚ ਪੰਜਾਬ ਦੇ ਸਿੰਚਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੀਟਿੰਗ ਵਿੱਚ ਭਾਗ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਹਰਿਆਣਾ ਅਤੇ ਹਿਮਾਚਲ ਸਣੇ ਰਾਜਸਥਾਨ ਦੇ ਮੈਂਬਰਾਂ ਨਾਲ ਬੀਬੀਐਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਵੱਲੋਂ ਮੀਟਿੰਗ ਕਰਦੇ ਹੋਏ ਫੈਸਲਾ ਕੀਤਾ ਗਿਆ ਹੈ ਕਿ ਚੇਅਰਮੈਨ ਮਨੋਜ ਤ੍ਰਿਪਾਠੀ ਖ਼ੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਮੰਨਾਉਣਗੇ ਕਿ ਹਰਿਆਣਾ ਉਹ ਵਾਧੂ ਪਾਣੀ ਦੇ ਦੇਣ ਅਤੇ ਜਦੋਂ ਵੀ ਪੰਜਾਬ ਨੂੰ ਵਾਧੂ ਪਾਣੀ ਦੀ ਲੋੜ ਪਏਗੀ ਤਾਂ ਬੀਬੀਐਮਬੀ ਵੱਲੋਂ ਉਨ੍ਹਾਂ ਨੂੰ ਵਾਧੂ ਪਾਣੀ ਦਾ ਇੰਤਜਾਮ ਕਰਕੇ ਦੇਏਗਾ। Punjab Haryana Water News