Migrant Worker Murder: (ਵਿੱਕੀ ਕੁਮਾਰ) ਮੋਗਾ। ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਘੋਲੀਆ ਖੁਰਦ ਵਿਖੇ ਇਕ ਕਿਸਾਨ ਦੇ ਖੇਤ ’ਚ ਕੰਮ ਕਰਨ ਆਏ ਪ੍ਰਵਾਸੀ ਮਜ਼ਦੂਰ ਦਾ ਉਸ ਦੇ ਸਾਥੀਆਂ ਨੇ ਕਤਲ ਕਰ ਦਿੱਤਾ ਹੈ। ਪੁਲਿਸ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਕਰ ਕੇ ਮ੍ਰਿਤਕ ਪ੍ਰਵਾਸੀ ਮਜ਼ਦੂਰ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਐੱਸਆਈ ਪੂਰਨ ਸਿੰਘ ਨੇ ਦੱਸਿਆ ਕਿ ਕਿਸਾਨ ਗੁਰਮੀਤ ਸਿੰਘ ਉਰਫ ਕਾਕਾ ਪੁੱਤਰ ਊਧਮ ਸਿੰਘ ਵਾਸੀ ਪਿੰਡ ਘੋਲੀਆ ਕਲਾਂ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ’ਚ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਸ ਕੋਲ ਹਾੜੀ ਸਾਉਣੀ ਦੇ ਸੀਜ਼ਨ ਦੌਰਾਨ ਕੰਮ ਕਰਨ ਵਾਸਤੇ ਹਰ ਸਾਲ ਬਿਹਾਰ ਤੋਂ ਪ੍ਰਵਾਸੀ ਮਜ਼ਦੂਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਕਰੀਬ 25 ਕੁ ਦਿਨ ਪਹਿਲਾਂ ਉਸ ਕੋਲ ਬਿਹਾਰ ਤੋ ਤਿੰਨ ਮਜ਼ਦੂਰ ਕਣਕ ਅਤੇ ਤੂੜੀ ਦਾ ਸੀਜ਼ਨ ਲਗਾਉਣ ਲਈ ਆਏ ਸੀ, ਜਿਨ੍ਹਾਂ ’ਚ ਵਿਜੈ ਕੁਮਾਰ 40 ਸਾਲ ਕਰੀਬ ਵਾਸੀ ਮਾਨਾ ਚੌਕ, ਜ਼ਿਲ੍ਹਾ ਸੀਤਾ ਮੜੀ ਬਿਹਾਰ ਜੋ ਕਿ ਕਾਫੀ ਅਰਸੇ ਤੋਂ ਉਸ ਕੋਲ ਕੰਮ ਕਰਨ ਲਈ ਆਉਂਦਾ ਹੈ ਅਤੇ ਇਸ ਨਾਲ ਮਹੇਸ਼ ਰਾਮ ਅਤੇ ਰਾਮ ਸ਼ਰਨ ਵਾਸੀਆਨ ਮਾਨਾ ਚੌਕ ਜ਼ਿਲ੍ਹਾ ਸੀਤਾ ਮੜੀ ਬਿਹਾਰ ਵੀ ਕੰਮ ਕਰਨ ਲਈ ਆਏ ਸੀ।
ਇਹ ਵੀ ਪੜ੍ਹੋ: Bathinda News: ਪਿੰਡ ਸ਼ੇਰਗੜ੍ਹ ਨੇੜੇ ਬਿਨਾਂ ਰੇਲਿੰਗ ਦਾ ਪੁਲ, ਕਿਸੇ ਵੀ ਸਮੇਂਂ ਵਾਪਰ ਸਕਦਾ ਹੈ ਵੱਡਾ ਹਾਦਸਾ
ਉਨ੍ਹਾਂ ਕਿਹਾ ਕਿ ਇਹ ਤਿੰਨੇ ਮਜ਼ਦੂਰ ਉਸ ਦੇ ਖੇਤ ’ਚ ਬਣੀ ਕੋਠੜੀ ਵਿਚ ਸੌੰਦੇ ਸਨ। ਉਨ੍ਹਾਂ ਕਿਹਾ ਕਿ 1 ਮਈ ਦੀ ਸਵੇਰੇ ਮਜ਼ਦੂਰ ਮਹੇਸ਼ ਰਾਮ ਅਤੇ ਰਾਮ ਸ਼ਰਨ ਨੇ ਉਸ ਨੂੰ ਫੋਨ ’ਤੇ ਦੱਸਿਆ ਕਿ ਕੋਈ ਵਿਅਕਤੀ ਉਨ੍ਹਾਂ ਦੇ ਸਾਥੀ ਵਿਜੈ ਰਾਮ ਦਾ ਕਤਲ ਕਰ ਕੇ ਉਸ ਨੂੰ ਸੁੱਟ ਗਿਆ ਹੈ। ਜਿਸ ਦੀ ਲਾਸ਼ ਕੋਠੜੀ ਦੇ ਬਾਹਰ ਮੰਜੇ ’ਤੇ ਪਈ ਹੈ ਤੇ ਉਸ ਦੇ ਧੌਣ ਤੇ ਸੱਜੇ ਪੱਟ ’ਤੇ ਤੇਜ਼ਧਾਰ ਹਥਿਆਰ ਦੇ ਡੂੰਘੇ ਫੱਟ ਲੱਗੇ ਹੋਏ ਸਨ।
ਖੇਤ ਦੇ ਮਾਲਕ ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪੁੱਜਾ ਤਾਂ ਉਸ ਨੇ ਆਪਣੇ ਤੌਰ ’ਤੇ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਮ੍ਰਿਤਕ ਪ੍ਰਵਾਸੀ ਮਜ਼ਦੂਰ ਵਿਜੇ ਵਿਜੈ ਰਾਮ ਦੀ ਰਾਤ ਨੂੰ ਆਪਣੇ ਸਾਥੀਆਂ ਮਹੇਸ਼ ਰਾਮ ਅਤੇ ਰਾਮ ਸ਼ਰਨ ਨਾਲ ਕਿਸੇ ਗੱਲ ਤੋਂ ਬਹਿਸਬਾਜ਼ੀ ਹੋਈ ਸੀ, ਇਸੇ ਰੰਜਿਸ਼ ਕਾਰਨ ਮਹੇਸ਼ ਰਾਮ ਅਤੇ ਰਾਮ ਸ਼ਰਨ ਨੇ ਮੌਕਾ ਤਾੜਕੇ ਵਿਜੇ ਰਾਮ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਪੁਲਿਸ ਨੇ ਕਿਸਾਨ ਗੁਰਮੀਤ ਸਿੰਘ ਦੇ ਬਿਆਨ ’ਤੇ ਪ੍ਰਵਾਸੀ ਮਜ਼ਦੂਰ ਮਹੇਸ਼ ਰਾਮ ਅਤੇ ਰਾਮ ਸ਼ਰਨ ਖ਼ਿਲਾਫ਼ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਕਤਲ ਦਾ ਮਾਮਲਾ ਦਰਜ ਕਰ ਕੇ ਦੋਵੇਂ ਪ੍ਰਵਾਸੀ ਮਜ਼ਦੂਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। Migrant Worker Murder