
Punjab Kisan News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਬੀਕੇਯੂ ਏਕਤਾ ਸਿੱਧੂਪੁਰ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਹੋਈ ਗੜੇਮਾਰੀ ਅਤੇ ਵੱਖ-ਵੱਖ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਅਤੇ ਕਿਸਾਨ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੀ ਬਰਬਾਦੀ ਦੇ ਮੰਜ਼ਰ ਨੂੰ ਵੇਖਣ ਲਈ ਮਜ਼ਬੂਰ ਹੋਇਆ।
ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਨੇ ਕੱਲ੍ਹ ਸੱਦੀ ਆਲ ਪਾਰਟੀ ਮੀਟਿੰਗ, ਸੋਮਵਾਰ ਨੂੰ ਵਿਧਾਨ ਸਭਾ ਵਿਸ਼ੇਸ਼ ਸੈਸ਼ਨ ਵੀ ਹੋਵੇਗਾ…
ਉਹਨਾਂ ਕਿਹਾ ਕਿ ਕਣਕ ਦੀ ਫ਼ਸਲ ਨੂੰ ਬੇਮੌਸਮੀ ਬਰਸਾਤ, ਅੱਗ ਦੀਆਂ ਘਟਨਾਵਾਂ ਤੋਂ ਇਲਾਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਦੇ ਕਿਸਾਨਾਂ ਦੀ ਕਣਕ ਕਰਨਾਲ ਬੰਟ ਨਾਂਅ ਦੀ ਬਿਮਾਰੀ ਨਾਲ ਵੀ ਬਰਬਾਦ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਜੇ ਤੱਕ ਬਰਬਾਦ ਹੋਈ ਫ਼ਸਲ ਦੀ ਗਿਰਦਾਵਰੀ ਤੱਕ ਨਹੀਂ ਕਰਵਾਈ ਗਈ।
ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸਾਂਝੇ ਫੋਰਮ ਵੱਲੋਂ ਕਿਸਾਨਾਂ ਦੀ ਕਣਕ ਦੇ ਮੁਆਵਜ਼ੇ ਦੇ ਸਬੰਧ ਵਿੱਚ ਅਤੇ ਨਾਲ ਹੀ ਕਿਸਾਨੀ ਅੰਦੋਲਨ ਨੂੰ ਤਹਿਸ-ਨਹਿਸ ਕਰਨ ਮੌਕੇ ਕਿਸਾਨਾਂ ਦੇ ਘਰੇਲੂ ਸਾਮਾਨ ਦੀ ਹੋਈ ਚੋਰੀ ਟਰਾਲੀਆਂ, ਕੂਲਰਾਂ ਵਾਸਿੰਗ ਮਸ਼ੀਨਾਂ ਰਸੋਈ ਦਾ ਸਮਾਨ ਗੈਸ ਸਿਲੰਡਰ ਆਦਿ ਦੇ ਸਬੰਧ ਵਿੱਚ ਪੰਜਾਬ ਦੇ ਨਾਲ ਨਾਲ ਹਰਿਆਣਾ ਰਾਜਸਥਾਨ ਵਿੱਚ ਵੀ ਕੱਲ੍ਹ 2 ਮਈ ਨੂੰ ਜ਼ਿਲ੍ਹਾ ਹੈਡਕੁਆਰਟਰਾਂ ਤੇ ਧਰਨਾ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਕਿਸਾਨਾਂ ਦੀ ਬਰਬਾਦ ਹੋਈ ਫ਼ਸਲ ਦੇ ਮੁਆਵਜ਼ੇ ਨੂੰ ਲੈਕੇ ਅਤੇ ਚੋਰੀ ਹੋਏ ਸਮਾਨ ਦੀ ਭਰਪਾਈ ਲਈ ਮੰਗ ਪੱਤਰ ਦਿੱਤੇ ਜਾਣਗੇ। Punjab Kisan News
2 ਮਈ ਦੇ ਧਰਨੇ ਅਤੇ ਮੰਗ ਪੱਤਰ ਦੇਣ ਦੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਤਿਆਰੀ ਕੀਤੀ
ਉਹਨਾਂ ਦੱਸਿਆ ਕਿ ਕਿਸਾਨਾਂ ਦੇ ਪਿੰਡ ਡੱਲੇਵਾਲ ਵਿਖ਼ੇ ਚੱਲ ਰਹੇ ਮੋਰਚੇ ਵਿੱਚ ਆਪਣੀ ਹਾਜ਼ਰੀ ਅਨੁਸਾਰ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਪਿੰਡ ਡੱਲੇਵਾਲ ਵਿਖ਼ੇ ਚੱਲ ਰਹੇ ਧਰਨੇ ਵਿੱਚ ਸ਼ਾਮਲ ਹੋ ਕੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਬੀਕੇਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਫਿਰੋਜ਼ਪੁਰ ਨਾਲ ਸਬੰਧਿਤ ਸਾਰੇ ਬਲਾਕਾਂ ਦੇ ਪ੍ਰਧਾਨ ਤੇ ਪਿੰਡਾਂ ਦੇ ਕਿਸਾਨਾਂ ਨੇ ਫਿਰੋਜ਼ਪੁਰ ਪੂਰਬੀ ਦੇ ਪ੍ਰਧਾਨ ਇਕਬਾਲ ਸਿੰਘ ਸੱਪਾਂ ਵਾਲੀ ਅਤੇ ਫਿਰੋਜ਼ਪੁਰ ਪੱਛਮੀ ਦੇ ਪ੍ਰਧਾਨ ਗੁਰਮੀਤ ਸਿੰਘ ਘੋੜੇ ਚੱਕ ਦੀ ਅਗਵਾਈ ਹੇਠ ਸ਼ਮੂਲੀਅਤ ਕੀਤੀ ਅਤੇ ਆਉਣ ਵਾਲੀ 2 ਮਈ ਦੇ ਧਰਨੇ ਅਤੇ ਮੰਗ ਪੱਤਰ ਦੇਣ ਦੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਤਿਆਰੀ ਕੀਤੀ ਗਈ।
ਉਹਨਾਂ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਨਾਲ 4 ਮਈ ਨੂੰ ਕਿਸਾਨਾਂ ਦੀ ਹੋਣ ਵਾਲੀ ਮੀਟਿੰਗ ਸਬੰਧੀ ਉਨ੍ਹਾਂ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਇਸ ਹੋਣ ਵਾਲੀ ਮੀਟਿੰਗ ਵਿੱਚ ਕੇਂਦਰ ਸਰਕਾਰ ਦੇ ਨੁਮਾਇੰਦੇ ਅਤੇ ਕਿਸਾਨਾਂ ਤੋਂ ਇਲਾਵਾ ਪੰਜਾਬ ਸਰਕਾਰ ਦਾ ਕੋਈ ਵੀ ਅਧਿਕਾਰੀ ਜਾਂ ਨੁਮਾਇਦਾ ਮੀਟਿੰਗ ਵਿੱਚ ਸ਼ਾਮਲ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪਿਛਲੀ ਮੀਟਿੰਗ ਦੌਰਾਨ ਕਿਸਾਨਾਂ ਨੂੰ ਭਰੋਸੇ ਵਿੱਚ ਲੈਕੇ ਕਿਸਾਨਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਕਿਸਾਨਾਂ ਨਾਲ ਕੇਂਦਰ ਸਰਕਾਰ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀ ਜਾਂ ਮੰਤਰੀ ਸ਼ਾਮਲ ਹੋਣ। Punjab Kisan News