
Happy Birthday Rohit Sharma: ਸਪੋਰਟਸ ਡੈਸਕ। ਭਾਰਤੀ ਕਪਤਾਨ ਰੋਹਿਤ ਸ਼ਰਮਾ ਬੁੱਧਵਾਰ ਨੂੰ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। ਭਾਰਤ ਨੂੰ ਦੋ ਆਈਸੀਸੀ ਖਿਤਾਬ ਦਿਵਾਉਣ ਵਾਲੇ ਰੋਹਿਤ ਸੀਮਤ ਓਵਰਾਂ ਦੇ ਫਾਰਮੈਟ ’ਚ ਸਭ ਤੋਂ ਸਫਲ ਬੱਲੇਬਾਜ਼ਾਂ ’ਚੋਂ ਇੱਕ ਹਨ। ਹਿਟਮੈਨ ਵਜੋਂ ਜਾਣੇ ਜਾਂਦੇ ਰੋਹਿਤ ਨੇ ਆਪਣਾ ਪਹਿਲਾ ਇੱਕ ਰੋਜ਼ਾ ਜੂਨ 2007 ’ਚ ਖੇਡਿਆ। ਉਸੇ ਸਾਲ, ਉਨ੍ਹਾਂ ਸਤੰਬਰ ’ਚ ਆਪਣਾ ਟੀ-20 ਅੰਤਰਰਾਸ਼ਟਰੀ ਡੈਬਿਊ ਕਰਨ ਦਾ ਮੌਕਾ ਮਿਲਿਆ। ਹਾਲਾਂਕਿ, ਰੋਹਿਤ ਨੂੰ ਟੈਸਟ ਮੈਚ ਖੇਡਣ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ। ਉਨ੍ਹਾਂ ਆਪਣਾ ਪਹਿਲਾ ਟੈਸਟ ਮੈਚ 2013 ’ਚ ਖੇਡਿਆ।
ਇੱਕ ਰੋਜ਼ਾ-ਟੈਸਟ ’ਚ ਸੰਭਾਲ ਰਹੇ ਟੀਮ ਦੀ ਕਮਾਨ
ਭਾਰਤੀ ਟੀਮ ਨੇ ਪਿਛਲੇ ਸਾਲ ਰੋਹਿਤ ਦੀ ਕਪਤਾਨੀ ’ਚ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਇਹ 2013 ਤੋਂ ਬਾਅਦ ਟੀਮ ਇੰਡੀਆ ਦਾ ਪਹਿਲਾ ਆਈਸੀਸੀ ਖਿਤਾਬ ਸੀ। ਇਸ ਤੋਂ ਬਾਅਦ, ਭਾਰਤੀ ਟੀਮ ਨੇ ਇਸ ਸਾਲ ਮਾਰਚ ’ਚ ਰੋਹਿਤ ਦੀ ਕਪਤਾਨੀ ’ਚ ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤਿਆ। ਇਸ ਤਰ੍ਹਾਂ, ਰੋਹਿਤ ਇੱਕ ਤੋਂ ਵੱਧ ਆਈਸੀਸੀ ਟੂਰਨਾਮੈਂਟ ਜਿੱਤਣ ਵਾਲੇ ਦੂਜੇ ਭਾਰਤੀ ਕਪਤਾਨ ਬਣ ਗਏ ਹਨ। ਰੋਹਿਤ ਨੇ ਟੀ-20 ਵਿਸ਼ਵ ਕੱਪ ’ਚ ਖਿਤਾਬ ਜਿੱਤਣ ਤੋਂ ਬਾਅਦ ਟੀ-20 ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ, ਪਰ ਉਹ ਅਜੇ ਵੀ ਵਨਡੇ ਤੇ ਟੈਸਟ ਫਾਰਮੈਟਾਂ ’ਚ ਭਾਰਤ ਦੀ ਅਗਵਾਈ ਕਰ ਰਹੇ ਹਨ।
ਇੱਕ ਰੋਜ਼ਾ ਮੈਚਾਂ ’ਚ ਤਿੰਨ ਦੋਹਰੇ ਸੈਂਕੜੇ ਜੜਨ ਵਾਲੇ ਇਕੱਲਾ ਖਿਡਾਰੀ
ਰੋਹਿਤ ਸ਼ਰਮਾ ਇੱਕ ਰੋਜ਼ਾ ਕ੍ਰਿਕੇਟ ’ਚ ਤਿੰਨ ਦੋਹਰੇ ਸੈਂਕੜੇ ਜੜਨ ਵਾਲੇ ਇਕਲੌਤਾ ਖਿਡਾਰੀ ਹਨ। ਉਸਨੇ 2013 ’ਚ ਬੰਗਲੌਰ ’ਚ ਅਸਟਰੇਲੀਆ ਵਿਰੁੱਧ 209 ਦੌੜਾਂ ਬਣਾਈਆਂ। ਇਸ ਤੋਂ ਬਾਅਦ, 2014 ’ਚ, ਉਨ੍ਹਾਂ ਕੋਲਕਾਤਾ ਦੇ ਈਡਨ ਗਾਰਡਨ ’ਚ ਸ਼੍ਰੀਲੰਕਾ ਵਿਰੁੱਧ 264 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ, 2017 ’ਚ, ਉਨ੍ਹਾਂ ਮੋਹਾਲੀ ’ਚ ਸ਼੍ਰੀਲੰਕਾ ਵਿਰੁੱਧ ਅਜੇਤੂ 208 ਦੌੜਾਂ ਬਣਾਈਆਂ।
ਵਿਸ਼ਵ ਕੱਪ ’ਚ ਸਭ ਤੋਂ ਵੱਧ ਸੈਂਕੜੇ
ਰੋਹਿਤ ਸ਼ਰਮਾ ਇੱਕ ਵਨਡੇ ਵਿਸ਼ਵ ਕੱਪ ’ਚ ਸਭ ਤੋਂ ਵੱਧ ਸੈਂਕੜੇ ਜੜਨ ਵਾਲੇ ਖਿਡਾਰੀ ਹਨ। ਉਨ੍ਹਾਂ ਦੇ ਇਹ ਰਿਕਾਰਡ ਨੂੰ ਅਜੇ ਤੱਕ ਕੋਈ ਬੱਲੇਬਾਜ਼ ਤੋੜ ਨਹੀਂ ਸਕਿਆ ਹੈ। ਉਨ੍ਹਾਂ 2019 ਵਿਸ਼ਵ ਕੱਪ ’ਚ ਪੰਜ ਸੈਂਕੜੇ ਜੜੇ। ਰੋਹਿਤ ਨੇ ਸਾਊਥੈਂਪਟਨ ਵਿਖੇ ਦੱਖਣੀ ਅਫਰੀਕਾ ਵਿਰੁੱਧ ਅਜੇਤੂ 122 ਦੌੜਾਂ, ਮੈਨਚੈਸਟਰ ਵਿਖੇ ਪਾਕਿਸਤਾਨ ਵਿਰੁੱਧ 140 ਦੌੜਾਂ, ਬਰਮਿੰਘਮ ਵਿਖੇ ਇੰਗਲੈਂਡ ਵਿਰੁੱਧ 102 ਦੌੜਾਂ, ਬਰਮਿੰਘਮ ਵਿਖੇ ਬੰਗਲਾਦੇਸ਼ ਵਿਰੁੱਧ 104 ਦੌੜਾਂ ਤੇ ਲੀਡਜ਼ ਵਿਖੇ ਸ਼੍ਰੀਲੰਕਾ ਵਿਰੁੱਧ 103 ਦੌੜਾਂ ਬਣਾਈਆਂ। ਹਾਲਾਂਕਿ, ਉਨ੍ਹਾਂ ਦੇ 5 ਸੈਂਕੜਿਆਂ ਦੇ ਬਾਵਜੂਦ, ਟੀਮ ਇੰਡੀਆ ਵਿਸ਼ਵ ਕੱਪ ਨਹੀਂ ਜਿੱਤ ਸਕੀ। ਉਹ ਸੈਮੀਫਾਈਨਲ ’ਚ ਨਿਊਜ਼ੀਲੈਂਡ ਤੋਂ ਹਾਰਕੇ ਬਾਹਰ ਹੋ ਗਈ।
ਸਭ ਤੋਂ ਵੱਧ IPL ਖਿਤਾਬ ਜਿੱਤਣ ਵਾਲੇ ਖਿਡਾਰੀ
ਰੋਹਿਤ ਸ਼ਰਮਾ ਛੇ ਵਾਰ ਆਈਪੀਐਲ ਚੈਂਪੀਅਨ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਉਹ ਛੇ ਆਈਪੀਐਲ ਖਿਤਾਬ ਜਿੱਤਣ ਵਾਲੇ ਇੱਕਲੌਤੇ ਖਿਡਾਰੀ ਹਨ। ਉਨ੍ਹਾਂ 2009 ’ਚ ਡੈੱਕਨ ਚਾਰਜਰਜ਼ ਟੀਮ ਲਈ ਖੇਡਦੇ ਹੋਏ ਆਈਪੀਐਲ ਜਿੱਤਿਆ ਸੀ। ਇਸ ਤੋਂ ਬਾਅਦ, ਮੁੰਬਈ ਇੰਡੀਅਨਜ਼ ਦੇ ਖਿਡਾਰੀ ਦੇ ਤੌਰ ’ਤੇ, ਉਸਨੇ 2013, 2015, 2017, 2019 ਤੇ 2020 ’ਚ ਆਈਪੀਐਲ ਚੈਂਪੀਅਨ ਬਣਾਇਆ। ਰੋਹਿਤ ਸ਼ਰਮਾ ਆਈਪੀਐਲ ’ਚ ਸਭ ਤੋਂ ਵੱਧ ਜਿੱਤਾਂ ਵਾਲੇ ਕਪਤਾਨ ਹਨ। ਉਨ੍ਹਾਂ ਦੀ ਕਪਤਾਨੀ ਹੇਠ ਮੁੰਬਈ ਇੰਡੀਅਨਜ਼ ਦੀ ਟੀਮ ਪੰਜ ਵਾਰ ਚੈਂਪੀਅਨ ਬਣੀ ਹੈ।