Punjab Government Orders: ਸ਼ੁੱਕਰਵਾਰ ਨੂੰ ਹਲਕਾ ਸਰਦੂਲਗੜ੍ਹ ਦੇ ਦਰਜ਼ਨਾਂ ਪਿੰਡਾਂ ‘ਚ ਪਏ ਸੀ ਗੜੇ
Punjab Government Orders: ਮਾਨਸਾ (ਸੁਖਜੀਤ ਮਾਨ)। ਜ਼ਿਲ੍ਹਾ ਮਾਨਸਾ ਦੇ ਹਲਕਾ ਸਰਦੂਲਗੜ੍ਹ ’ਚ ਬੀਤੇ ਦਿਨੀਂ ਤੇਜ਼ ਹਨੇਰੀ ਪਿੱਛੋਂ ਵਰ੍ਹੇ ਮੀਂਹ ਅਤੇ ਗੜਿਆਂ ਕਾਰਨ ਖਰਾਬ ਹੋਈ ਕਣਕ ਦੀ ਫਸਲ ਦੇ ਨੁਕਸਾਨ ਦੇ ਜਾਇਜ਼ੇ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਹੋਏ ਹਨ। ਗੜੇਮਾਰੀ ਕਾਰਨ ਹਲਕੇ ਦੇ ਕਰੀਬ ਦੋ ਦਰਜਨ ਤੋਂ ਵੱਧ ਪਿੰਡਾਂ ’ਚ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ, ਜਿਸ ਦੀ ਕਿਸਾਨਾਂ ਵੱਲੋਂ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਆਪਣੇ ਸ਼ੋਸ਼ਲ ਮੀਡੀਆ ਪੇਜ਼ ਉੱਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਭਾਰੀ ਮੀਂਹ ਤੇ ਗੜੇਮਾਰੀ ਕਾਰਨ ਹਲਕਾ ਸਰਦੂਲਗੜ੍ਹ ਦੇ ਪਿੰਡਾਂ ਵਿੱਚ ਪੱਕੀਆਂ ਫਸਲਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਨੂੰ ਦੇਖਦੇ ਹੋਏ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਵਿਸ਼ੇਸ਼ ਗਿਰਦਾਵਰੀ ਦੀ ਅਪੀਲ ਕੀਤੀ ਸੀ, ਜਿਸ ਉਪਰੰਤ ਅੱਜ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਵੱਲੋਂ ਜ਼ਿਲ੍ਹਾ ਮਾਨਸਾ ’ਚ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕਰ ਦਿੱਤੇ ਹਨ।
Punjab Government Orders
ਡਿਪਟੀ ਕਮਿਸ਼ਨਰ ਨੇ ਇਹ ਗਿਰਦਾਵਰੀ ਅੱਜ 13 ਅਪਰੈਲ ਤੋਂ ਹੀ ਸ਼ੁਰੂ ਕਰਕੇ 22 ਅਪਰੈਲ ਤੱਕ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ। ਉਹਨਾਂ ਇਹ ਵੀ ਕਿਹਾ ਕਿ ਜ਼ਿਲ੍ਹੇ ’ਚ ਪੈਂਦੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਤਹਿਸੀਲਦਾਰ ਅਤੇ ਨਾਇਬ ਤਹਿਸਲਦਾਰ ਸਪੈਸ਼ਲ ਗਿਰਦਾਵਰੀ ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣ ਅਤੇ ਗਿਰਦਵਾਰੀ ਸਮੇਂ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਅਤੇ ਹੋਰ ਪਤਵੰਤਿਆਂ ਅਤੇ ਕਾਸ਼ਤਕਾਰਾਂ ਨੂੰ ਨਾਲ ਰੱਖਿਆ ਜਾਵੇ।
Read Also : Pratap Singh Bajwa bomb statement: ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ‘ਤੇ ਸਖਤ ਕਾਰਵਾਈ ਦੇ ਹੁਕਮ ਜਾਰੀ
ਵਿਧਾਇਕ ਬਣਾਂਵਾਲੀ ਨੇ ਜ਼ਿਨ੍ਹਾਂ ਪਿੰਡਾਂ ਵਿੱਚ ਫਸਲਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਪਿੰਡਾਂ ਨਾਲ ਸਬੰਧਿਤ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਪਿੰਡਾਂ ਨਾਲ ਸਬੰਧਿਤ ਪਟਵਾਰੀਆਂ ਨਾਲ ਰਾਬਤਾ ਕਰਕੇ ਗਿਰਦਾਵਰੀ ਕਰਵਾਈ ਜਾਵੇ। ਉਹਨਾਂ ਇਹ ਵੀ ਕਿਹਾ ਕਿ ਪਟਵਾਰੀਆਂ ਵੱਲੋਂ ਕੱਲ ਵੀ ਕਾਫੀ ਪਿੰਡਾਂ ਵਿੱਚ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਅਤੇ ਹੋਰ ਜਾਇਜ਼ਾ ਲਿਆ ਜਾ ਰਿਹਾ ਹੈ। ਉਹਨਾਂ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ।
ਦੱਸਣਯੋਗ ਹੈ ਕਿ 11 ਅਪਰੈਲ ਨੂੰ ਬਾਅਦ ਦੁਪਹਿਰ ਹਲਕਾ ਸਰਦੂਲਗੜ੍ਹ ਦੇ ਪਿੰਡਾਂ ਮੀਰਪੁਰ, ਝੰਡੂਕੇ, ਫੱਤਾ ਮਾਲੋਕਾ, ਜਟਾਣਾ ਖੁਰਦ, ਝੁਨੀਰ, ਮਾਖੇਵਾਲਾ, ਭੰਮੇ ਕਲਾਂ, ਭੰਮੇ ਖੁਰਦ, ਕੋਰਵਾਲਾ, ਰਾਮਾਂਨੰਦੀ, ਬਾਜੇਵਾਲਾ, ਝੇਰਿਆਂਵਾਲੀ ਆਦਿ ਸਮੇਤ ਦੋ ਦਰਜਨ ਤੋਂ ਵੀ ਵੱਧ ਪਿੰਜਾਂ ਵਿੱਚ ਗੜਿਆਂ ਨੇ ਤਬਾਹੀ ਮਚਾ ਦਿੱਤੀ ਸੀ। ਗੜਿਆਂ ਨੇ ਕਣਕ ਦੀਆਂ ਬੱਲੀਆਂ ਭੰਨ ਸੁੱਟੀਆਂ ਅਤੇ ਕਣਕ ਨੂੰ ਧਰਤੀ ਉੱਤੇ ਵਿਛਾ ਦਿੱਤਾ। ਜਿਸ ਕਣਕ ਨੂੰ ਹੁਣ ਕਿਸਾਨਾਂ ਨੇ ਚਾਈਂ-ਚਾਈਂ ਘਰ ਲਿਆਉਣਾ ਸੀ ਹੁਣ ਉਹੀ ਖੇਤਾਂ ਵਿੱਚ ਬਰਬਾਦ ਹੋਈ ਕਣਕ ਦੇਖ ਕੇ ਕਿਸਾਨਾਂ ਦਾ ਜੀਅ ਨਹੀਂ ਲੱਗ ਰਿਹਾ।
ਇੱਕ ਹਫਤੇ ‘ਚ ਮੁਕੰਮਲ ਹੋਵੇਗੀ ਰਿਪੋਰਟ : ਖੇਤੀਬਾੜੀ ਅਫ਼ਸਰ
ਮਾਨਸਾ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਭ ਤੋਂ ਜ਼ਿਆਦਾ ਨੁਕਸਾਨ ਬਲਾਕ ਝੁਨੀਰ ਦੇ ਪਿੰਡਾਂ ‘ਚ ਹੋਇਆ ਹੈ ਕਿਉਂਕਿ ਉੱਥੇ ਜ਼ਿਆਦਾ ਗੜੇ ਪਏ ਹਨ। ਉਹਨਾਂ ਕਿਹਾ ਕਿ ਜਾਇਜੇ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਕਰੀਬ ਇੱਕ ਹਫਤੇ ‘ਚ ਰਿਪੋਰਟ ਮੁਕੰਮਲ ਹੋ ਜਾਵੇਗੀ।