ਡੀ.ਜੀ.ਪੀ. ਨੇ ਦਿੱਤੇ ਕਾਰਵਾਈ ਕਰਨ ਦੇ ਆਦੇਸ਼
-
ਚਿੱਟੇ-ਪੁਲਿਸ ਵਿਚਕਾਰ ‘ਅਟੁੱਟ ਬੰਧਨ’ ਨੂੰ ਤੋੜਨਗੇ ਐਸ.ਐਸ.ਪੀ.
-
ਐਸ.ਐਸ.ਪੀ. ਖੁਦ ਆਪਣੇ ਪੱਧਰ ‘ਤੇ ਸ਼ੁਰੂ ਕਰਨ ਕਾਰਵਾਈ ਨਾ ਕਰਨ ਆਦੇਸ਼ਾਂ ਦਾ ਇੰਤਜ਼ਾਰ
ਅਸ਼ਵਨੀ ਚਾਵਲਾ, ਚੰਡੀਗੜ: ਪੰਜਾਬ ਦੀ ਗਲੀ ਗਲੀ ਚਿੱਟਾ ਵੇਚਣ ਵਾਲੇ ਡਰੱਗ ਵਪਾਰੀਆਂ ਅਤੇ ਪੰਜਾਬ ਪੁਲਿਸ ਵਿਚਕਾਰ ਚਲ ਰਹੇ ‘ਅਟੁੱਟ ਬੰਧਨ’ ਨੂੰ ਜ਼ਿਲੇ ਦੇ ਐਸ.ਐਸ.ਪੀ. ਖ਼ੁਦ ਆਪਣੇ ਪੱਧਰ ‘ਤੇ ਚੈਕਿੰਗ ਕਰਕੇ ਤੋੜਨਗੇ। ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਵਲੋਂ ਦੋਸ਼ ਲਗਾਉਣ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ ਹੈ ਅਤੇ ਇਸ ਸਬੰਧੀ ਸਾਰੇ ਐਸ.ਐਸ.ਪੀ. ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਆਪਣੇ ਪੱਧਰ ‘ਤੇ ਹੀ ਜਲਦ ਤੋਂ ਜਲਦ ਕਾਰਵਾਈ ਕਰਨ, ਨਹੀਂ ਤਾਂ ਕਾਰਵਾਈ ਸਿੱਧੇ ਚੰਡੀਗੜ੍ਹ ਤੋਂ ਹੀ ਹੋਵੇਗੀ।
ਧੀਮਾਨ ਨੇ ਕੀਤੀ ਸੀ ਸ਼ਿਕਾਇਤ, ਪੁਲਿਸ ਅਧਿਕਾਰੀਆਂ ਦੀ ਛਤਰ ਛਾਇਆ ਹੇਠ ਵਿਕ ਰਿਹਾ ਐ ਚਿੱਟਾ
ਅਮਰਗੜ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਬੀਤੇ ਦਿਨੀਂ ਇੱਕ ਸੂਬਾ ਪੱਧਰੀ ਸਮਾਗਮ ਵਿੱਚ ਚਿੱਟੇ ਦੇ ਵਪਾਰੀਆਂ ਅਤੇ ਪੰਜਾਬ ਪੁਲਿਸ ਵਿਚਕਾਰ ਗਹਿਰੇ ਸਬੰਧ ਹੋਣ ਦਾ ਖ਼ੁਲਾਸਾ ਕਰਦੇ ਹੋਏ ਕਾਫ਼ੀ ਜਿਆਦਾ ਗੰਭੀਰ ਦੋਸ਼ ਲਗਾਏ ਸਨ, ਜਿਸ ਵਿੱਚ ਉਨਾਂ ਨੇ ਸੂਬਾ ਸਰਕਾਰ ਨੂੰ ਵੀ ਘੇਰ ਲਿਆ ਸੀ। ਸੁਰਜੀਤ ਸਿੰਘ ਧੀਮਾਨ ਵਲੋਂ ਇਹ ਦੋਸ਼ ਲਗਾਉਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਹੋਈ
ਮੁਲਾਕਾਤ ਦਰਮਿਆਨ ਵੀ ਸੁਰਜੀਤ ਸਿੰਘ ਧੀਮਾਨ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਸੀ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਲਗਭਗ ਹਰ ਜ਼ਿਲੇ ਵਿੱਚ ਸਿਪਾਹੀ ਤੋਂ ਲੈ ਕੇ ਏ.ਐਸ.ਆਈ. ਅਤੇ ਇੰਸਪੈਕਟਰ ਕਿਸ ਤਰੀਕੇ ਨਾਲ ਪੰਜਾਬ ਪੁਲਿਸ ਦੀ ਥਾਂ ‘ਤੇ ਚਿੱਟੇ ਦੇ ਵਪਾਰੀਆਂ ਲਈ ਕੰਮ ਕਰਨ ਵਿੱਚ ਲਗੇ ਹੋਏ ਹਨ। ਇਥੇ ਹੀ ਪੰਜਾਬ ਪੁਲਿਸ ਖ਼ੁਦ ਚਿੱਟਾ ਵਿਕਵਾਉਣ ਵਿੱਚ ਇਨ੍ਹਾਂ ਵਪਾਰੀਆਂ ਦਾ ਸਾਥ ਦੇ ਰਹੇ ਹਨ। ਸੁਰਜੀਤ ਸਿੰਘ ਧੀਮਾਨ ਵਲੋਂ ਦੋਸ਼ ਲਗਾਉਣ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ ਹਨ।
ਪੁਲਿਸ ਵਿਭਾਗ ਦੇ ਸੂਤਰਾ ਅਨੁਸਾਰ ਪੰਜਾਬ ਪੁਲਿਸ ਮੁੱਖੀ ਸੁਰੇਸ਼ ਅਰੋੜਾ ਨੇ ਸਾਰੇ ਜ਼ਿਲੇ ਦੇ ਐਸ.ਐਸ.ਪੀ. ਸਣੇ ਖ਼ਾਸ ਤੌਰ ‘ਤੇ ਸੰਗਰੂਰ ਜ਼ਿਲੇ ਦੇ ਐਸ.ਐਸ.ਪੀ. ਨੂੰ ਆਦੇਸ਼ ਜਾਰੀ ਕਰਦੇ ਹੋਏ ਇਸ ਸਬੰਧੀ ਕਾਰਵਾਈ ਕਰਨ ਲਈ ਕਿਹਾ ਹੈ ਤਾਂ ਕਿ ਨਸ਼ੇ ਦੇ ਵਪਾਰੀਆ ਅਤੇ ਪੁਲਿਸ ਵਿਚਕਾਰ ਚਲ ਰਹੇ, ਇਸ ਅਟੁੱਟ ਬੰਧਨ ਨੂੰ ਤੋੜਿਆ ਜਾ ਸਕੇ। ਇਸ ਸਬੰਧੀ ਡੀ.ਜੀ.ਪੀ. ਦਫ਼ਤਰ ਨੂੰ ਰਿਪੋਰਟ ਭੇਜਣ ਲਈ ਵੀ ਕਿਹਾ ਗਿਆ ਹੈ।
ਐਸਟੀਐਫ ਮੁਖੀ ਹਰਪ੍ਰੀਤ ਸਿੱਧੂ ਪਹਿਲਾਂ ਹੀ ਲਾ ਚੁੱਕੇ ਹਨ ਦੋਸ਼
ਐਸ.ਟੀ.ਐਫ. ਮੁੱਖੀ ਹਰਪ੍ਰੀਤ ਸਿੰਘ ਸਿੱਧੂ ਪਹਿਲਾਂ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਕੇ ਪੰਜਾਬ ਪੁਲਿਸ ਦੇ ਹੇਠਲੇ ਪੱਧਰ ‘ਤੇ ਕਰਮਚਾਰੀਆਂ ਅਤੇ ਅਧਿਕਾਰੀਆਂ ‘ਤੇ ਦੋਸ਼ ਲਗਾ ਚੁੱਕੇ ਹਨ। ਹਰਪ੍ਰੀਤ ਸਿੱਧੂ ਨੇ ਸਾਫ਼ ਕਿਹਾ ਸੀ ਕਿ ਨਸ਼ਾ ਪੰਜਾਬ ਵਿੱਚ ਬਿਨਾਂ ਪੁਲਿਸ ਦੇ ਕਰਮਚਾਰੀਆਂ ਦੀ ਮਦਦ ਨਾਲ ਵਿਕ ਹੀ ਨਹੀਂ ਸਕਦਾ ਹੈ ਅਤੇ ਇਸ ਲਈ ਵੱਡੇ ਪੱਧਰ ‘ਤੇ ਤਬਾਦਲੇ ਕਰਨ ਦੀ ਲੋੜ ਹੈ। ਹਰਪ੍ਰੀਤ ਸਿੰਘ ਸਿੱਧੂ ਦੇ ਕਹਿਣ ‘ਤੇ ਕੁਝ ਹੱਦ ਤੱਕ ਤਬਾਦਲੇ ਤਾਂ ਹੋਏ ਸਨ ਪਰ ਉਸ ਹੇਠਲੇ ਪੱਧਰ ਅਤੇ ਉਨਾਂ ਕਰਮਚਾਰੀਆਂ ਦੇ ਖ਼ਿਲਾਫ਼ ਕਾਰਵਾਈ ਨਹੀਂ ਹੋਈ, ਜਿਹੜੇ ਕਿ ਨਸ਼ੇ ਦੇ ਵਪਾਰੀਆਂ ਵਿਚਕਾਰ ਅਹਿਮ ਕੜੀ ਬਣੇ ਹੋਏ ਹਨ।
ਖ਼ੁਦ ਐਸ.ਐਸ.ਪੀ. ਨੂੰ ਹੀ ਕਰ ਲੈਣੀ ਚਾਹੀਦੀ ਸੀ ਕਾਰਵਾਈ : ਡੀ.ਜੀ.ਪੀ.
ਡੀ.ਜੀ.ਪੀ. ਸੁਰੇਸ ਅਰੋੜਾ ਨੇ ਇਸ ਸਬੰਧੀ ਕਿਹਾ ਕਿ ਜਦੋਂ ਇੱਕ ਵਿਧਾਇਕ ਦੋਸ਼ ਲਗਾ ਰਿਹਾ ਹੈ ਤਾਂ ਖ਼ੁਦ ਐਸ.ਐਸ.ਪੀਜ਼ ਨੂੰ ਹੀ ਆਪਣੇ ਪੱਧਰ ‘ਤੇ ਕਾਰਵਾਈ ਸ਼ੁਰੂ ਕਰਦੇ ਹੋਏ ਸੱਚ ਦਾ ਪਤਾ ਕਰਨਾ ਚਾਹੀਦਾ ਹੈ, ਇਸ ਲਈ ਕਿਸੇ ਆਦੇਸ਼ਾਂ ਦੇ ਆਉਣ ਦਾ ਇੰਤਜ਼ਾਰ ਕਰਨਾ ਹੀ ਨਹੀਂ ਚਾਹੀਦਾ ਹੈ। ਪੰਜਾਬ ਵਿੱਚ ਨਸ਼ੇ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜਦੋਂ ਕਿ ਪੁਲਿਸ ਦੀ ਸਾਠ ਗਾਂਠ ਤਾਂ ਸਹਿਨਯੋਗ ਹੀ ਨਹੀਂ ਹੋਵੇਗੀ। ਇਸ ਲਈ ਐਸ.ਐਸ.ਪੀ. ਆਪਣੇ ਪੱਧਰ ‘ਤੇ ਕਾਰਵਾਈ ਕਰਦੇ ਹੋਏ ਜਲਦ ਹੀ ਚੰਗੇ ਨਤੀਜੇ ਦੇਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।