Special Holi: ਹੋਲੀ ਦੇ ਤਿਉਹਾਰ ਨੂੰ ਲੈ ਕੇ ਬਜ਼ਾਰ ’ਚ ਰੋਣਕਾਂ ਸ਼ੁਰੂ, ਤਰ੍ਹਾਂ ਤਰ੍ਹਾਂ ਦੇ ਰੰਗ ਖੁਸ਼ੀਆਂ ਵੰਡਣ ਲਈ ਤਿਆਰ
Special Holi: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਹੋਲੀ ਦੇ ਤਿਉਹਾਰ ਨੂੰ ਲੈ ਕੇ ਬੱਚਿਆਂ ’ਚ ਉਤਸ਼ਾਹ ਹੈ ਤੇ ਬਜ਼ਾਰ ’ਚ ਰੌਣਕਾਂ ਲੱਗੀਆਂ ਹੋਈਆਂ ਹਨ। ਬਜ਼ਾਰ ’ਚ ਇਲੈਕਟ੍ਰਿਕ ਪਿਚਕਾਰੀਆਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਥੌੜੇ ਵਾਲੀ ਪਿਚਕਾਰੀ ਵੀ ਆਈ ਹੋਈ ਹੈ। ਦੁਕਾਨਦਾਰਾਂ ਨੂੰ ਪੂਰੀ ਆਸ ਹੈ ਕਿ ਇਸ ਵਾਰ ਹੋਲੀ ਦਾ ਤਿਉਹਾਰ ਉਨ੍ਹਾਂ ਦੀ ਦੁਕਾਨਦਾਰੀ ’ਚ ਪੂਰੇ ਰੰਗ ਭਰੇਗਾ।
ਦੱਸਣਯੋਗ ਹੈ ਕਿ 14 ਮਾਰਚ ਨੂੰ ਹੋਲੀ ਦਾ ਤਿਉਹਾਰ ਹੈ, ਜਿਸ ਸਬੰਧੀ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਉਤਸ਼ਾਹ ਪਾਇਆ ਜਾ ਰਿਹਾ ਹੈ। ਬਜ਼ਾਰ ’ਚ ਇਸ ਵਾਰ ਆਧੁਨਿਕ ਤਰ੍ਹਾਂ ਦੀਆਂ ਪਿਚਕਾਰੀਆਂ ਆਈਆਂ ਹੋਈਆਂ ਹਨ ਜੋ ਕਿ ਬੱਚਿਆਂ ਨੂੰ ਕਾਫ਼ੀ ਆਕਰਸ਼ਿਤ ਕਰ ਰਹੀਆਂ ਹਨ। ਬਜ਼ਾਰ ’ਚ ਇਲੈਕਟ੍ਰਿਕ ਪਿਚਕਾਰੀਆਂ ਦਾ ਬੋਲਬਾਲਾ ਹੈ, ਜਿਸ ’ਚ ਰੰਗ ਘੋਲ ਕੇ ਪਾਇਆ ਜਾਂਦਾ ਹੈ ਤੇ ਇੱਕ ਬਟਨ ਦਬਾਇਆ ਜਾਂਦਾ ਹੈ, ਜੋ ਕਿ ਰੰਗ ਦੀ ਬਰਸਾਤ ਕਰ ਦੇਵੇਗੀ। ਜਦਕਿ ਪਹਿਲਾਂ ਬੱਚਿਆਂ ਨੂੰ ਹੱਥ ਨਾਲ ਪੰਪ ਮਾਰਨਾ ਪੈਂਦਾ ਸੀ, ਜਿਸ ਤੋਂ ਬਾਅਦ ਰੰਗ ਬਿਖਰਦਾ ਸੀ। ਦੁਕਾਨਦਾਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਪਿਚਕਾਰੀਆਂ ਨੂੰ ਬੱਚਿਆਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ, ਕਿਉਂਕਿ ਬੱਚਿਆਂ ਦੀ ਸਰੀਰਕ ਸ਼ਕਤੀ ਦੀ ਵਰਤੋਂ ਖਤਮ ਹੋ ਗਈ ਹੈ।
Special Holi
ਇਸ ਤੋਂ ਇਲਾਵਾ ਬਜ਼ਾਰ ’ਚ ਭਾਜਪਾ ਦੀ ਪਿਚਕਾਰੀ ਵੀ ਉਪਲੱਬਧ ਹੈ ਤੇ ਇਹ ਪਿਚਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਵਾਲੀ ਹਥੌੜੇ ਵਾਲੀ ਪਿਚਕਾਰੀ ਹੈ। ਦੁਕਾਨਦਾਰ ਨੇ ਦੱਸਿਆ ਕਿ ਇਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੱਖ-ਵੱਖ ਡਿਜਾਇਨਾਂ ਦੀਆਂ ਕਾਫ਼ੀ ਪਿਚਕਾਰੀਆਂ ਉਨ੍ਹਾਂ ਕੋਲ ਉੁਪਲੱਬਧ ਹਨ। ਬੋਰੀਆਂ ਵਿੱਚ ਭਰੇ ਰੰਗਾਂ ਸਬੰਧੀ ਉਨ੍ਹਾਂ ਦੱਸਿਆ ਕਿ ਸਰੀਰ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਪਹੁੰਚਾਉਣ ਵਾਲੇ ਕੈਮੀਕਲ ਰੰਗ ਨਹੀਂ ਹਨ।
ਉਨ੍ਹਾਂ ਕਿਹਾ ਕਿ ਇਹ ਕੱਚੇ ਰੰਗ ਹਨ, ਜੋ ਪਾਣੀ ਨਾਲ ਧੋਣ ਤੋਂ ਬਾਅਦ ਅਸਾਨੀ ਨਾਲ ਲਹਿ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਕਾਲ ਤੋਂ ਬਾਅਦ ਪਿਓਰ ਹਲਕੇ ਰੰਗ ਹੀ ਆ ਰਹੇ ਹਨ। ਜਦਕਿ ਪਹਿਲਾਂ ਮਾਰਬਲ ਪਾਉੂਡਰ ਵਾਲੇ ਰੰਗ ਆਉਂਦੇ ਸਨ, ਜੋ ਕਿ ਮਨੁੱਖੀ ਚਮੜੀ ਲਈ ਖਤਰਨਾਕ ਸਨ। ਸਮੇਂ ਦੇ ਹਿਸਾਬ ਨਾਲ ਅਜਿਹੇ ਖ਼ਤਰਨਾਕ ਰੰਗਾਂ ’ਚ ਵੀ ਬਦਲਾਅ ਆਇਆ ਹੈ ਤੇ ਆ ਰਹੇ ਹੋਲੀ ਦੇ ਤਿਉਹਾਰ ’ਚ ਇਹ ਰੰਗ ਆਪਸੀ ਸਾਂਝ ’ਚ ਹੋਰ ਰੰਗ ਭਰਨਗੇ।
ਇਸ ਵਾਰ ਹੋਲੀ ਪ੍ਰਤੀ ਉਤਸ਼ਾਹ ਜ਼ਿਆਦਾ
ਇੱਕ ਦੁਕਾਨਦਾਰ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਹੋਲੀ ਪ੍ਰਤੀ ਬੱਚਿਆਂ ਵਿੱਚ ਜਿਆਦਾ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਭਾਵੇਂ ਬੱਚਿਆਂ ਦੇ ਪੇਪਰ ਵੀ ਚੱਲ ਰਹੇ ਹਨ ਪਰ ਫੇਰ ਵੀ ਰੰਗਾਂ ਸਮੇਤ ਪਿਚਕਾਰੀਆਂ ਦੀ ਚੰਗੀ ਵਿਕਰੀ ਹੋ ਰਹੀ ਹੈ। ਜਦਕਿ ਪਿਛਲੇ ਸਾਲ ਹੋਲੀ ਮੌਕੇ ਪੇਪਰ ਵੀ ਖਤਮ ਹੋ ਚੁੱਕੇ ਸਨ ਪਰ ਫਿਰ ਵੀ ਬਹੁਤੀ ਸੇਲ ਨਹੀਂ ਹੋਈ ਸੀ। ਉਨ੍ਹਾਂ ਦੱਸਿਆ ਕਿ ਕੱਲ੍ਹ ਨੂੰ ਰੰਗਾਂ ਸਮੇਤ ਪਿਚਕਾਰੀਆਂ ਦੀ ਚੰਗੀ ਖਰੀਦੋਂ ਫਰੋਖਤ ਹੋਵੇਗੀ।