5 ਨਵੰਬਰ ਨੂੰ ਪਟਿਆਲਾ ਤੋਂ ਹੋਵੇਗੀ ਸ਼ੁਰੂਆਤ, ਸੂਬੇ ਭਰ ’ਚ ਮਹੀਨੇ ਦੌਰਾਨ ਹੋਣਗੇ ਸਮਾਗਮ
Punjabi Month Events: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ’ਚ ਉਚੇਰੀ ਸਿੱਖਿਆ ’ਤੇ ਭਾਸ਼ਾਵਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ’ਚ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਅਗਲੇ ਮਹੀਨੇ ਮਨਾਏ ਜਾਣ ਵਾਲੇ ਪੰਜਾਬੀ ਮਾਹ ਨਾਲ ਸਬੰਧਤ ਸਮਾਗਮਾਂ ਦਾ ਐਲਾਨ ਕਰ ਦਿੱਤਾ ਗਿਆ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਇੰਨ੍ਹਾਂ ਸਮਾਗਮਾਂ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 5 ਨਵੰਬਰ ਵਿਭਾਗ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਪੰਜਾਬੀ ਮਾਹ ਦਾ ਉਦਘਾਟਨੀ ਸਮਾਰੋਹ ਹੋਵੇਗਾ। ਜਿਸ ਦੌਰਾਨ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਹੋਣਗੇ।
ਇਹ ਵੀ ਪੜ੍ਹੋ: Punjab Weather Alert: ਪੰਜਾਬ ਦੇ ਮੌਸਮ ਦਾ ਤਾਜ਼ਾ ਅਲਰਟ, ਆਉਣ ਵਾਲੇ ਦਿਨ ’ਚ ਕਿਸ ਤਰ੍ਹਾਂ ਦਾ ਰਹੇਗਾ ਮੌਸਮ
ਇਸ ਮੌਕੇ ਪਿਛਲੇ ਪੰਜਾਬੀ ਭਾਸ਼ਾ ਦੇ 2022,23 ਤੇ 24 ਨਾਲ ਸਬੰਧਤ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਵੀ ਪ੍ਰਦਾਨ ਕੀਤੇ ਜਾਣਗੇ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਹੋਣਗੀਆਂ। ਜ਼ਫ਼ਰ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਪੰਜਾਬੀ ਮਾਹ ਤਹਿਤ ਹੋਣ ਵਾਲੇ ਸਮਾਗਮਾਂ ਦੌਰਾਨ ਪੰਜਾਬੀ ਭਾਸ਼ਾ ਬਾਰੇ ਗੋਸ਼ਟੀਆਂ, ਰੂਬੁਰੂ, ਸੈਮੀਨਾਰ, ਕਵੀ ਦਰਬਾਰ, ਨਾਟਕ, ਲੋਕ ਨਾਚ ਤੇ ਸੰਗੀਤਕ ਪੇਸ਼ਕਾਰੀਆਂ ਕਰਵਾਈਆਂ ਜਾਣਗੀਆਂ। Punjabi Month Events
ਸੂਬੇ ਦੇ ਵੱਖ-ਵੱਖ ਸਥਾਨਾਂ ’ਤੇ ਹੋਣ ਵਾਲੇ ਸਮਾਗਮਾਂ ਸਬੰਧੀ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ 5 ਨਵੰਬਰ ਫਾਜ਼ਿਲਕਾ ਵਿਖੇ ਨਾਟਕ ਮੰਚਨ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਰੂਬਰੂ ਤੇ ਸਾਹਿਤਕ ਗੋਸ਼ਟੀ, 6 ਨਵੰਬਰ ਨੂੰ ਰੋਪੜ ਵਿਖੇ ਪੰਜਾਬੀ ਭਾਸ਼ਾ ਤੇ ਪ੍ਰਿੰਟ ਮੀਡੀਆ ਬਾਰੇ ਸੈਮੀਨਾਰ, 7 ਨਵੰਬਰ ਨੂੰ ਹੀ ਬਰਨਾਲਾ ਵਿਖੇ ਪੰਜਾਬੀ ਮਿੰਨੀ ਕਹਾਣੀ ਦੇ ਨਿਕਾਸ,ਵਿਕਾਸ ਤੇ ਭਵਿੱਖ ਬਾਰੇ ਗੋਸ਼ਟੀ ਅਤੇ ਕਹਾਣੀ ਦਰਬਾਰ, 8 ਨਵੰਬਰ ਨੂੰ ਮਾਨਸਾ ਵਿਖੇ ਨਾਟਕ ਮੰਚਨ, 11 ਨਵੰਬਰ ਨੂੰ ਫ਼ਿਰੋਜ਼ਪੁਰ ਵਿਖੇ ਪ੍ਰੰਪਰਾਗਤ ਲੋਕ ਗਾਇਕੀ ਬਾਰੇ ਚਰਚਾ ਤੇ ਪੇਸ਼ਕਾਰੀ, 12 ਨਵੰਬਰ ਨੂੰ ਲੁਧਿਆਣਾ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ,
ਪੁਰਸਕਾਰਾਂ ਦੀ ਵੰਡ, ਸਾਹਿਤਕ ਤੇ ਸੱਭਿਆਚਾਰਕ ਸਮਾਗਮਾਂ ਹੋਣਗੇ ਵਿਸ਼ੇਸ਼ ਆਕਰਸ਼ਨ
13 ਨਵੰਬਰ ਨੂੰ ਗੁਰਦਾਸਪੁਰ ਵਿਖੇ ਪੰਜਾਬੀ ਭਾਸ਼ਾ ਤੇ ਪੰਜਾਬੀ ਗਾਇਕੀ ਬਾਰੇ ਚਰਚਾ ਤੇ ਪੇਸ਼ਕਾਰੀ, 14 ਨਵੰਬਰ ਨੂੰ ਨਵਾਂ ਸ਼ਹਿਰ ਵਿਖੇ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਗੋਸ਼ਟੀ, 17 ਨਵੰਬਰ ਨੂੰ ਲੁਧਿਆਣਾ ਵਿਖੇ ਪੰਜਾਬੀ ਭਾਸ਼ਾ ਬਾਰੇ ਵਿਸ਼ੇਸ਼ ਭਾਸ਼ਣ ਤੇ ਕਵੀ ਦਰਬਾਰ, 18 ਤੇ 19 ਨਵੰਬਰ ਨੂੰ ਵਿਭਾਗ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬੀ ਭਾਸ਼ਾ ਬਾਰੇ ਗੋਸ਼ਟੀ, 18 ਨਵੰਬਰ ਨੂੰ ਪਠਾਨਕੋਟ ਵਿਖੇ ਕਵੀ ਦਰਬਾਰ, 19 ਨਵੰਬਰ ਨੂੰ ਹੁਸ਼ਿਆਰਪੁਰ ਵਿਖੇ ਪੰਜਾਬੀ ਨਾਟਕ ਵਿੱਚ ਔਰਤ ਅਦਾਕਾਰਾਂ/ਨਿਰਦੇਸ਼ਕਾਂ ਦੀ ਸ਼ਮੂਲੀਅਤ, ਸੰਭਾਵਨਾਵਾਂ ਤੇ ਚੁਣੌਤੀਆਂ ਬਾਰੇ ਸੈਮੀਨਾਰ, 20 ਨਵੰਬਰ ਨੂੰ ਹੀ ਸੰਗਰੂਰ ਵਿਖੇ ਪੰਜਾਬੀ ਸਾਹਿਤ ਲਈ ਸਹਿਤ ਸਭਾਵਾਂ ਦੇ ਯੋਗਦਾਨ ਬਾਰੇ ਗੋਸ਼ਟੀ, 21 ਨਵੰਬਰ ਨੂੰ ਵਿਭਾਗ ਦੇ ਮੁੱਖ ਦਫਤਰ (ਪਟਿਆਲਾ) ਵਿਖੇ ਰਾਜ ਪੱਧਰੀ ਕਵੀ ਦਰਬਾਰ,
22 ਨਵੰਬਰ ਨੂੰ ਕਪੂਰਥਲਾ ਵਿਖੇ ਬਾਲ ਸਾਹਿਤ ਕੁਇਜ਼ ਮੁਕਾਬਲੇ (ਰਾਜ ਪੱਧਰੀ), 22 ਨਵੰਬਰ ਨੂੰ ਫ਼ਰੀਦਕੋਟ ਵਿਖੇ ਪੰਜਾਬੀ ਸਾਹਿਤਕ ਗਾਇਕੀ ਦੀਆਂ ਸੰਭਾਵਨਾਵਾਂ ਤੇ ਚੁਣੌਤੀਆਂ ਬਾਰੇ ਗੋਸ਼ਟੀ, 23 ਤੋਂ 27 ਨਵੰਬਰ ਤੱਕ ਬਠਿੰਡਾ ਵਿਖੇ ਰਾਜ ਪੱਧਰੀ ਨਾਟਕ ਮੇਲਾ, 26 ਨਵੰਬਰ ਨੂੰ ਜਲੰਧਰ ਵਿਖੇ ਪੰਜਾਬੀ ਭਾਸ਼ਾ ਅਤੇ ਵਰਤਮਾਨ ਇਲੈਕਟ੍ਰਾਨਿਕ ਮੀਡੀਆ ਬਾਰੇ ਸੈਮੀਨਾਰ, 27 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਪੰਜਾਬੀ ਨਾਟਕ ਬਾਰੇ ਗੋਸ਼ਟੀ ਤੇ ਵਰਕਸ਼ਾਪ, 28 ਨਵੰਬਰ ਨੂੰ ਮੋਹਾਲੀ ਵਿਖੇ ਪੰਜਾਬੀ ਸਿਨੇਮੇ ਦੀਆਂ ਭਾਸ਼ਾਈ ਤੇ ਸੱਭਿਆਚਾਰਕ ਚੁਣੌਤੀਆਂ, 29 ਨਵੰਬਰ ਨੂੰ ਮੋਗਾ ਵਿਖੇ ਗਜ਼ਲ ਵਰਕਸ਼ਾਪ,
30 ਨਵੰਬਰ ਨੂੰ ਪੰਜਾਬੀ ਮਾਹ ਦਾ ਵਿਦਾਇਗੀ ਸਮਾਗਮ ਮੁੱਖ ਦਫ਼ਤਰ ਪਟਿਆਲਾ ਵਿਖੇ ਹੋਵੇਗਾ। ਵਿਦਾਇਗੀ ਸਮਾਗਮ ਦੌਰਾਨ ਸਰਵੋਤਮ ਹਿੰਦੀ, ਸੰਸਕ੍ਰਿਤ ਅਤੇ ਉਰਦੂ ਭਾਸ਼ਾ ਦੇ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ ਅਤੇ ਸਾਹਿਤਕ ਤੇ ਸਭਿਆਚਾਰਕ ਵਿਸ਼ੇਸ਼ ਆਕਰਸ਼ਨ ਹੋਣਗੇ। ਸਮੁੱਚੇ ਸਮਾਗਮਾਂ ਦੌਰਾਨ ਵਿਭਾਗੀ ਪੁਸਤਕਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। Punjabi Month Events