Punjab News: ਮੋਗਾ। ਪੰਜਾਬ ਪੁਲਸ ਵੱਲੋਂ ਮਹਿਲਾ ਇੰਸਪੈਕਟਰ ਅਰਸ਼ਪ੍ਰਤੀ ਕੌਰ ਗਰੇਵਾਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮੋਗਾ ਜ਼ਿਲ੍ਹੇ ਦੇ ਥਾਣਾ ਕੋਟ ਈਸੇ ਖਾਂ ਦੀ ਐਸਐਚਓ ਅਰਸ਼ਪ੍ਰੀਤ ਗਰੇਵਾਲ ’ਤੇ 5 ਲੱਖ ਰੁਪਏ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿਚ ਉਸ ਦੇ ਨਾਲ 2 ਮੁੰਸ਼ੀਆਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਐਸਐਚਓ ਅਰਸ਼ਪ੍ਰੀਤ ਨੇ ਅੱਜ ਫੇਸਬੁੱਕ ’ਤੇ ਖ਼ੁਲਾਸਾ ਕੀਤਾ ਹੈ ਕਿ ਉਸ ਨੂੰ ਇਸ ਮਾਮਲੇ ਵਿਚ ਝੂਠਾ ਫਸਾਇਆ ਜਾ ਰਿਹਾ ਹੈ।
Read Also : RPSC EO Recruitment Exam: ਆਰਈਓ ਭਰਤੀ ਪ੍ਰੀਖਿਆ ਰੱਦ, ਮੁੜ ਹੋਵੇਗੀ
ਮਹਿਲਾ ਇੰਸਪੈਕਟਰ ਨੇ ਡੀਐਸਪੀ ਰਮਨਦੀਪ ਅਤੇ ਐਸਪੀ-ਡੀ ਬਾਲ ਕ੍ਰਿਸ਼ਨ ਸਿੰਗਲਾ ’ਤੇ ਵੀ ਗੰਭੀਰ ਦੋਸ਼ ਲਗਾਏ ਹਨ। ਅਰਸ਼ਪ੍ਰੀਤ ਨੇ ਡੀਐਸਪੀ ਰਮਨਦੀਪ ਦੇ ਖ਼ਿਲਾਫ਼ ਐੱਸ.ਐੱਸ.ਪੀ. ਮੋਗਾ ਅਤੇ ਡੀ.ਜੀ.ਪੀ. ਪੰਜਾਬ ਨੂੰ ਛੇੜਛਾੜ ਦੀ ਵੀ ਸ਼ਿਕਾਇਤ ਦੇਣ ਦੀ ਗੱਲ ਕਹੀ ਹੈ। ਅਰਸ਼ਪ੍ਰੀਤ ਨੇ ਪੋਸਟ ਰਾਹੀਂ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਹਾਈ ਕੋਰਟ, ਪੰਜਾਬ ਮਹਿਲਾ ਕਮਿਸ਼ਨ ਅਤੇ ਭਾਰਤੀ ਮਹਿਲਾ ਕਮਿਸ਼ਨ ਕੋਲ ਲੈ ਕੇ ਜਾਵੇਗੀ।
Punjab News
ਅਰਸ਼ਪ੍ਰੀਤ ਕੌਰ ਗਰੇਵਾਲ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਸ ਨੇ ਮੋਗਾ ਦੇ ਐਸਪੀਡੀ ਡਾ. ਬਾਲ ਕ੍ਰਿਸ਼ਨ ਸਿੰਗਲਾ ਅਤੇ ਧਰਮਕੋਟ ਡੀਐਸਪੀ ਰਮਨਦੀਪ ਸਿੰਘ ਤੇ ਗੰਭੀਰ ਦੋਸ਼ ਲਾਏ। ਦੱਸ ਦਈਏ ਕਿ ਅਰਸ਼ਪ੍ਰੀਤ ਕੌਰ ਗਰੇਵਾਲ ਵੱਲੋਂ ਐਸਪੀਡੀ ਬਾਲ ਕ੍ਰਿਸ਼ਨ ਸਿੰਗਲਾ ’ਤੇ ਇਹ ਵੀ ਦੋਸ਼ ਲਾਏ ਗਏ ਹਨ ਕਿ 2024 ਅਗਸਤ ਮਹੀਨੇ ਜਦੋਂ ਐਸਐਚਓ ਮਿਹਣਾ ਥਾਣਾ ਸੀ ਤਾਂ ਬਹੁ-ਚਰਚਿਤ ਹਾਈ ਪ੍ਰੋਫਾਈਲ ਕਾਂਗਰਸੀ ਲੀਡਰ ਬੱਲੀ ਮਡਰ ਕੇਸ ਵਿੱਚ ਚਾਰ ਦੋਸ਼ੀਆਂ ਨੂੰ ਡਿਸਚਾਰਜ ਕਰਨ ਦੀ ਗੱਲ ਐਸਪੀਡੀ ਬਾਲ ਕ੍ਰਿਸ਼ਨ ਸਿੰਗਲਾ ਵੱਲੋਂ ਕਹੀ ਗਈ ਸੀ। ਪੋਸਟ ਵਿੱਚ ਲਿਖਿਆ ਕਿ ਇਸ ਤੋਂ ਬਾਅਦ ਥਾਣਾ ਮਹਿਣਾ ਜਾ ਕੇ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਵੱਲੋਂ ਡੀਡੀਆਰ ਐਂਟਰੀ ਵੀ ਪਾਈ ਜਿਸ ਤੋਂ ਬਾਅਦ ਐੱਸ.ਪੀ.ਡੀ. ਬਾਲ ਕ੍ਰਿਸ਼ਨ ਸਿੰਗਲਾ ਨੇ ਉਸ ਨੂੰ ਮਾਨਸਿਕ ਪਰੇਸ਼ਾਨ ਕੀਤਾ।
ਅਰਸ਼ਪ੍ਰੀਤ ਕੌਰ ਗਰੇਵਾਲ ਨੇ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਤੇ ਵੀ ਛੇੜਛਾੜ ਦੇ ਦੋਸ਼ ਲਾਉਂਦਿਆਂ ਕਿਹਾ ਕਿ ਡੀਐਸਪੀ ਰਮਨਦੀਪ ਸਿੰਘ ਵੱਲੋਂ ਉਹਨਾਂ ਨੂੰ ਐਤਵਾਰ ਵਾਲੇ ਦਿਨ ਆਪਣੇ ਦਫਤਰ ਵਿੱਚ ਬੁਲਾ ਕੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਅਰਸ਼ਪ੍ਰੀਤ ਕੌਰ ਗਰੇਵਾਲ ਵੱਲੋਂ ਇਹ ਪੋਸਟ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀ ਗਈ ਹੈ ਅਤੇ ਮਾਣਯੋਗ ਸੁਪਰੀਮ ਕੋਰਟ, ਮਾਨਯੋਗ ਹਾਈਕੋਰਟ, ਮੁੱਖ ਮੰਤਰੀ ਪੰਜਾਬ, ਕੇਂਦਰ ਸਰਕਾਰ ਵੋਮਨ ਕਮਿਸ਼ਨ ਆਫ ਇੰਡੀਆ, ਡੀਜੀਪੀ ਪੰਜਾਬ, ਪੰਜਾਬ ਸਟੇਟ ਵੂਮਨ ਕਮਿਸ਼ਨ ਅਤੇ ਐਸਐਸਪੀ ਮੋਗਾ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ।