ਫੋਨ ’ਤੇ ਹੀ ਕੰਪਨੀ ਨੇ ਮੰਨੀਆਂ ਮੰਗਾਂ, ਢਾਈ ਘੰਟਿਆਂ ਪਿੱਛੋਂ ਮੁੜ ਚਾਲੂ ਹੋਇਆ ਲਾਡੋਵਾਲ ਟੋਲ ਪਲਾਜਾ
Punjab Toll Plaza: (ਜਸਵੀਰ ਸਿੰਘ ਗਹਿਲ) ਲੁਧਿਆਣਾ। ਟੋਲ ਪਲਾਜਾ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਦਿੱਤੇ ਗਏ ਸੱਦੇ ’ਤੇ ਟੋਲ ਪਲਾਜਾ ਦੋ ਘੰਟੇ ਲਈ ਫਰੀ ਕੀਤਾ ਗਿਆ। ਇਸ ਤੋਂ ਬਾਅਦ ਮੁੜ ਵਾਹਨ ਚਾਲਕਾਂ ਤੋਂ ਪਰਚੀ ਲਈ ਜਾਣ ਲੱਗੀ ਕਿਉਂਕਿ ਕੰਪਨੀ ਨੇ ਕਰਮਚਾਰੀਆਂ ਦੇ ਸੰਘਰਸ਼ ਅੱਗੇ ਝੁਕਦਿਆਂ ਉਨ੍ਹਾਂ ਦੀਆਂ ਮੰਗਾਂ ਨੂੰ ਫੌਰੀ ਤੌਰ ’ਤੇ ਫੋਨ ’ਤੇ ਹੀ ਮੰਨ ਲਿਆ।
ਇਹ ਵੀ ਪੜ੍ਹੋ: Sarpanch Elections Punjab: ਪੰਚਾਇਤੀ ਚੋਣਾਂ ਦੇ ਐਲਾਨ ਮਗਰੋਂ ਸਰਬ ਸੰਮਤੀ ਨਾਲ ਚੁਣੀ ਪੰਚਾਇਤ
ਆਪਣੀਆਂ ਮੰਗਾਂ ਸਬੰਧੀ ਵੀਰਵਾਰ ਨੂੰ ਕੀਤੇ ਗਏ ਐਲਾਨ ਮੁਤਾਬਕ ਕਰਮਚਾਰੀਆਂ ਨੇ ਸ਼ੁੱਕਰਵਾਰ ਨੂੰ ਲਾਡੋਵਾਲ ਟੋਲ ਪਲਾਜੇ ਨੂੰ ਸਵੇਰੇ 11 ਵਜੇ ਬੰਦ ਕਰਕੇ ਫਰੀ ਕਰ ਦਿੱਤਾ ਸੀ ਅਤੇ ਚੇਤਾਵਨੀ ਦਿੱਤੀ ਕਿ ਜਿੰਨਾਂ ਸਮਾਂ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਿਆ ਨਹੀਂ ਜਾਂਦਾ, ਸਮੂਹ ਕਰਮਚਾਰੀ ਸੰਘਰਸ਼ ਤਹਿਤ ਹੀ ਟੋਲ ਪਲਾਜੇ ਨੂੰ ਫਰੀ ਰੱਖਣਗੇ। ਕਰਮਚਾਰੀਆਂ ਦੀ ਚੇਤਾਵਨੀ ਪਿੱਛੋਂ ਸਬੰਧਿਤ ‘ਸਹਿਕਾਰ ਗਲੋਬਲ’ ਕੰਪਨੀ ਵੱਲੋਂ ਟੋਲ ਪਲਾਜੇ ਨੂੰ ਮੁੜ ਚਾਲੂ ਕਰਵਾਉਣ ਲਈ ਯਤਨ ਆਰੰਭ ਕਰ ਦਿੱਤੇ ਗਏ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਹਿਯੋਗ ਨਾਲ ਕੰਪਨੀ ਤੇ ਕਰਮਚਾਰੀਆਂ ਵਿਚਕਾਰ ਗੱਲਬਾਤ ਹੋਈ, ਜਿਸ ਪਿੱਛੋਂ ਕੰਪਨੀ ਨੇ ਫੌਰੀ ਤੌਰ ’ਤੇ ਕਰਮਚਾਰੀਆਂ ਦੀਆਂ ਮੰਗਾਂ ਮੰਨ ਲਈਆਂ ਜਿਸ ਤੋਂ ਬਾਅਦ ਡੇਢ ਵਜੇ ਦੇ ਕਰੀਬ ਲਾਡੋਵਾਲ ਟੋਲ ਪਲਾਜਾ ਮੁੜ ਚਾਲੂ ਕਰ ਦਿੱਤਾ ਗਿਆ।
ਕੰਪਨੀ ਦੇ ਭਰੋਸੇ ਮੁਤਾਬਕ ਦੀਵਾਲੀ ਬੋਨਸ, ਮਿਨੀਮਮ ਬੇਸਿਸ ਅਨੁਸਾਰ ਮਿਲੇਗੀ ਤਨਖਾਹ, ਨੈਸ਼ਨਲ ਛੁੱਟੀਆਂ ਵੀ ਕਰ ਸਕਣਗੇ ਕਰਮਚਾਰੀ
ਟੋਲ ਪਲਾਜਾ ਵਰਕਰਜ਼ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਲਾਡੀ ਤੇ ਜਨਰਲ ਸਕੱਤਰ ਪੰਕਜ਼ ਨੇ ਦੱਸਿਆ ਕਿ ਉਹ ਆਪਣੀਆਂ ਮੰਗਾਂ ਸਬੰਧੀ ਕਈ ਵਾਰ ਕੰਪਨੀ ਨਾਲ ਮੀਟਿੰਗਾਂ ਕਰ ਚੁੱਕੇ ਸਨ ਪਰ ਹਰ ਵਾਰ ਉਨ੍ਹਾਂ ਨੂੰ ਸਿਰਫ਼ ਲਾਰੇ ਹੀ ਪੱਲੇ ਪਏ ਜਿਸ ਤੋਂ ਬਾਅਦ ਥੱਕ-ਹਾਰ ਕੇ ਉਨ੍ਹਾਂ ਨੇ ਇਹ ਕਦਮ ਚੁੱਕਿਆ ਸੀ। ਉਹਨਾਂ ਕਿਹਾ ਕਿ ਉਨ੍ਹਾਂ ਨੂੰ ਉਨਾਂ ਦੀ ਤਨਖ਼ਾਹ ਮਿਨੀਮਮ ਬੇਸਿਸ ਅਨੁਸਾਰ ਨਹੀਂ ਮਿਲ ਰਹੀ ਸੀ, ਨਾ ਹੀ ਪੀਐੱਫ ਕੱਟਿਆ ਜਾ ਰਿਹਾ ਸੀ ਤੇ ਨਾ ਹੀ ਉਨ੍ਹਾਂ ਨੂੰ ਵੈੱਲਫੇਅਰ ਮਿਲ ਰਿਹਾ ਸੀ। Punjab Toll Plaza
ਇਸ ਤੋਂ ਇਲਾਵਾ ਨੈਸ਼ਨਲ ਛੁੱਟੀਆਂ ਵੀ ਨਹੀਂ ਮਿਲਦੀਆਂ ਸਨ ਤੇ ਦੀਵਾਲੀ ਬੌਨਸ ਵੀ ਨਹੀਂ ਦਿੱਤਾ ਜਾ ਰਿਹਾ ਸੀ। ਆਗੂਆਂ ਦੱਸਿਆ ਕਿ ਉਨ੍ਹਾਂ ਵੱਲੋਂ ਵਿੱਢੇ ਗਏ ਸੰਘਰਸ਼ ਦੇ ਪਹਿਲੇ ਦਿਨ ਹੀ ਕੰਪਨੀ ਨੇ ਦੋ-ਢਾਈ ਘੰਟਿਆਂ ਵਿੱਚ ਹੀ ਉਨ੍ਹਾਂ ਦੀਆਂ ਉਕਤ ਸਾਰੀਆਂ ਮੰਗਾਂ ਨੂੰ ਸ਼ੁੱਕਰਵਾਰ ਤੋਂ ਹੀ ਲਾਗੂ ਕਰਨ ਦਾ ਭਰੋਸਾ ਦਿਵਾਇਆ।
ਉਨ੍ਹਾਂ ਦੱਸਿਆ ਕਿ ਕੰਪਨੀ ਦੇ ਸੀਜੀਐੱਮ ਚਿੰਤਾਮਨੀ ਦੁਆਰਾ ਯੂਨੀਅਨ ਨੂੰ ਉਨ੍ਹਾਂ ਦੀਆਂ ਉਕਤ ਮੰਗਾਂ ਨੂੰ ਫੋਨ ’ਤੇ ਹੀ ਫੌਰੀ ਤੌਰ ’ਤੇ ਅੱਜ ਤੋਂ ਹੀ ਲਾਗੂ ਕਰਨ ਦਾ ਭਰੋਸਾ ਦਿਵਾਇਆ ਹੈ ਜਿਸ ਤੋਂ ਬਾਅਦ ਦੁਪਿਹਰ ਡੇਢ ਵਜੇ ਲਾਡੋਵਾਲ ਟੋਲ ਪਲਾਜਾ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ। ਆਗੂਆਂ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਫੌਰੀ ਤੌਰ ’ਤੇ ਲਾਗੂ ਨਾ ਕੀਤਾ ਗਿਆ ਤਾਂ ਉਹ ਮੁੜ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ।