ਬਰਨਾਲਾ ਜ਼ਿਮਨੀ ਚੋਣ ’ਚ ਵਿਜੈਇੰਦਰ ਸਿੰਗਲਾ ਹੋ ਸਕਦੇ ਨੇ ਕਾਂਗਰਸ ਦੇ ਉਮੀਦਵਾਰ

Vijayinder Singla Sachkahoon

ਕਾਲਾ ਢਿੱਲੋਂ ਵੀ ਦਾਅਵੇਦਾਰ ਦੇ ਤੌਰ ’ਤੇ ਹਲਕੇ ਵਿੱਚ ਵਿਚਰ ਰਹੇ | Vijayinder Singla

ਬਰਨਾਲਾ (ਗੁਰਪ੍ਰੀਤ ਸਿੰਘ)। ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਬਰਨਾਲਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਧਾਨ ਸਭਾ ਹਲਕਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋ ਚੁੱਕੀ ਹੈ, ਵਿੱਚ ਵਿਜੈਇੰਦਰ ਸਿੰਗਲਾ ਕਾਂਗਰਸ ਪਾਰਟੀ ਦੇ ਉਮੀਦਵਾਰ ਬਣ ਸਕਦੇ ਹਨ। ਉਨ੍ਹਾਂ ਦਾ ਨਾਂਅ ਉੱਪਰਲੀਆਂ ਸਤਰ੍ਹਾਂ ਵਿੱਚ ਚੱਲ ਰਿਹਾ ਹੈ। ਫਿਲਹਾਲ ਵਿਜੈਇੰਦਰ ਸਿੰਗਲਾ ਵੱਲੋਂ ਚੋਣ ਲੜਨ ਦੀ ਕੋਈ ਹਾਮੀ ਨਹੀਂ ਭਰੀ ਪਰ ਸਿੰਗਲਾ ਦੇ ਹਮਾਇਤੀਆਂ ਵੱਲੋਂ ਬਰਨਾਲਾ ਹਲਕੇ ਵਿੱਚ ਕਮਰਕੱਸੇ ਕੀਤੇ ਜਾ ਰਹੇ ਹਨ।

ਪਿਛਲੇ ਦਿਨੀਂ ਬਰਨਾਲਾ ’ਚ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੀ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਵਿਜੈਇੰਦਰ ਸਿੰਗਲਾ ਦੇ ਨਾਂਅ ਵੱਲ ਹੀ ਇਸ਼ਾਰਾ ਕੀਤਾ ਸੀ। ਵਿਜੈਇੰਦਰ ਸਿੰਗਲਾ ਦਾ ਬਰਨਾਲਾ ਹਲਕੇ ਵਿੱਚ ਨਾਂਅ ਉੱਭਰਨ ਦੇ ਇਹ ਵੀ ਕਾਰਨ ਹਨ ਕਿ ਜਦੋਂ ਸਿੰਗਲਾ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ, ਤਾਂ ਉਸ ਸਮੇਂ ਸਿੰਗਲਾ ਨੂੰ ਬਰਨਾਲਾ ਹਲਕੇ ਤੋਂ ਕਾਫੀ ਵੱਡੀ ਲੀਡ ਮਿਲੀ ਸੀ। ਕਾਂਗਰਸ ਵੀ ਆਮ ਆਦਮੀ ਪਾਰਟੀ ਦੇ ਮੁਕਾਬਲੇ ਕਿਸੇ ਵੱਡੇ ਚਿਹਰੇ ਨੂੰ ਚੋਣ ਮੈਦਾਨ ਵਿੱਚ ਉਤਾਰਨ ਬਾਰੇ ਸੋਚ ਰਹੀ ਹੈ।

Vijayinder Singla

ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਚਾਹੁੰਦੇ ਹਨ ਕਿ ਸਿੰਗਲਾ ਹੀ ਬਰਨਾਲਾ ਤੋਂ ਉਪ ਚੋਣ ਲੜ ਕੇ ਸੱਤਾਧਾਰੀ ਪਾਰਟੀ ਨੂੰ ਟੱਕਰ ਦੇਵੇ। ਵਿਜੈਇੰਦਰ ਸਿੰਗਲਾ ਨੂੰ ਪਾਰਟੀ ਹਾਈਕਮਾਂਡ ਵੱਲੋਂ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਟਿਕਟ ਦਿੱਤੀ ਸੀ। ਵਿਜੈਇੰਦਰ ਸਿੰਗਲਾ ਵੱਲੋਂ ਥੋੜ੍ਹੇ ਹੀ ਸਮੇਂ ਵਿੱਚ ਹਲਕੇ ਵਿੱਚ ਆਪਣੀ ਜ਼ਬਰਦਸਤ ਪਕੜ ਬਣਾਉਂਦਿਆਂ ਸੱਤਾਧਾਰੀ ਪਾਰਟੀ ਨੂੰ ਤਕੜੀ ਚੁਣੌਤੀ ਦਿੱਤੀ। ਇਸ ਲੋਕ ਸਭਾ ਚੋਣ ਵਿੱਚ ਬੇਹੱਦ ਥੋੜ੍ਹੇ ਫਰਕ ਨਾਲ ਸਿੰਗਲਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਚੋਣ ਵਿੱਚ ਜੇਤੂ ਹੋਏ ਸਨ। Vijayinder Singla

Read Also : Punjab News : ਬੱਸਾਂ ’ਚ ਸਫਰ ਕਰਨਾ ਪਵੇਗਾ ਮਹਿੰਗਾ, ਕਿਰਾਏ ’ਚ ਵਾਧਾ, ਅੱਜ ਤੋਂ ਲਾਗੂ

ਦੂਜੇ ਪਾਸੇ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਵਜੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਪਿਛਲੇ ਲੰਮੇ ਸਮੇਂ ਤੋਂ ਹਲਕੇ ਵਿੱਚ ਵਿਚਰ ਰਹੇ ਹਨ। ਉਨ੍ਹਾਂ ਵੱਲੋਂ ਸਮੁੱਚੇ ਹਲਕੇ ਵਿੱਚ ‘ਪੋਸਟਰ ਮੁਹਿੰਮ’ ਵੀ ਸ਼ੁਰੂ ਕੀਤੀ ਹੋਈ ਹੈ ਅਤੇ ਹਰ ਰੋਜ਼ ਕਾਂਗਰਸੀ ਆਗੂਆਂ ਨਾਲ ਉਨ੍ਹਾਂ ਦੀਆਂ ਮਿਲਣੀਆਂ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਘੁੰਮਦੀਆਂ ਆਮ ਹੀ ਦਿਖ ਰਹੀਆਂ ਹਨ। ਕਾਲਾ ਢਿੱਲੋਂ ਸਮਰਥਕਾਂ ਵੱਲੋਂ ਵੀ ਆਪਣੇ ਸਮਰਥਕਾਂ ਨੂੰ ਚੋਣਾਂ ਲਈ ਤਿਆਰ ਬਰ ਤਿਆਰ ਰਹਿਣ ਲਈ ਕਿਹਾ ਜਾ ਰਿਹਾ ਹੈ। ਕਾਲਾ ਢਿੱਲੋਂ ਲੋਕਲ ਬਰਨਾਲਾ ਦੇ ਹੋਣ ਕਾਰਨ ਵੀ ਉਨ੍ਹਾਂ ਦਾ ਸ਼ਹਿਰੀਆਂ ਨਾਲ ਕਾਫ਼ੀ ਮਿਲਵਰਤਨ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਵੱਲੋਂ ਇਨ੍ਹਾਂ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਕਾਂਗਰਸ ਦੀ ਟਿਕਟ ਮਿਲ ਸਕਦੀ ਹੈ।