ਬਿਸ਼ਨੋ ਦੀਆਂ ਲੱਤਾਂ-ਬਾਹਾਂ ਢਲਦੀ ਉਮਰ ਕਾਰਨ ਉਸਦਾ ਸਾਥ ਛੱਡਦੀਆਂ ਜਾ ਰਹੀਆਂ ਸਨ। ਬਿਸ਼ਨੋ ਦੀ ਪੜ੍ਹੀ-ਲਿਖੀ ਨੂੰਹ ਦੀਪੀ ਨੇ ਵੀ ਉਸਨੂੰ ਕਦੇ ਖਿੜੇ ਮੱਥੇ ਪਾਣੀ ਦੀ ਘੁੱਟ ਵੀ ਨਹੀਂ ਸੀ ਫੜਾਈ ਅਤੇ ਨਾ ਹੀ ਉਸਦੇ ਪੁੱਤ, ਜਿਸਨੂੰ ਉਸਨੇ ਖੂਹੀ ਦੇ ਜਾਲ ਪਾ ਕੇ ਲਿਆ ਸੀ, ਨੇ ਕਦੇ ਉਸਦੀ ਸਾਰ ਲਈ ਸੀ।
ਪਰ ਅੱਜ ਤਾਂ ਸਵੇਰ ਤੋਂ ਹੀ ਬਿਸ਼ਨੋਂ ਦੇ ਨੂੰਹ-ਪੁੱਤ ਬਹੁਤ ਖੁਸ਼ ਸਨ। ਦੀਪੀ ਕਹਿੰਦੀ, ”ਚੱਲ ਬੇਬੇ ਅੱਜ ਤੈਨੂੰ ਤੀਰਥਾਂ ਦੇ ਦਰਸ਼ਨ ਕਰਵਾ ਲਿਆਈਏ।” ਇਹ ਗੱਲ ਸੁਣ ਕੇ ਬਿਸ਼ਨੋ ਨੂੰ ਯਕੀਨ ਨਹੀਂ ਸੀ ਹੋ ਰਿਹਾ ਪਰ ਉਸਤੋਂ ਖੁਸ਼ੀ ਵੀ ਸੰਭਾਲੀ ਨਹੀਂ ਸੀ ਜਾ ਰਹੀ । ”ਸੱਚੀਂ ਧੀਏ!”
ਬਿਸ਼ਨੋ ਦਾ ਪੋਤਾ ਹੈਰੀ ਜੋ ਕਿ ਸੱਤਾਂ ਕੁ ਸਾਲਾਂ ਦਾ ਸੀ, ਆਵਦੀ ਦਾਦੀ ਦਾ ਬੜਾ ਮੋਹ ਕਰਦਾ ਸੀ। ਬਿਸ਼ਨੋ ਵੀ ਹੈਰੀ ਦਾ ਬੜਾ ਮੋਹ ਕਰਦੀ।
ਅੱਜ ਹੈਰੀ ਦੇ ਸਕੂਲ ਜਾਣ ਮਗਰੋਂ ਉਹ ਤਿੰਨੋ ਜਣੇ ਤਿਆਰ ਹੋ ਕੇ ਕਾਰ ਵਿੱਚ ਜਾ ਰਹੇ ਸਨ।
ਰਸਤੇ ਵਿੱਚ ਬਿਸ਼ਨੋ ਨੇ ਆਪਣੀ ਨੂੰਹ ਨੂੰ ਸੁਭਾਵਿਕ ਹੀ ਪੁੱਛ ਲਿਆ ਕਿ ਪੁੱਤ ਅਸੀਂ ਕਿਹੜੇ-ਕਿਹੜੇ ਤੀਰਥਾਂ ਦੇ ਦਰਸ਼ਨਾਂ ਲਈ ਜਾ ਰਹੇ ਹਾਂ? ਇਹ ਸੁਣ ਕੇ ਦੀਪੀ ਗੁੱਸੇ ਵਿੱਚ ਬੋਲੀ, ”ਕਿਹੜੇ ਤੀਰਥ ਥੁੱਢੀਏ, ਅਸੀਂ ਤਾਂ ਤੈਨੂੰ ਬਿਰਧ ਆਸ਼ਰਮ ਛੱਡਣ ਜਾ ਰਹੇ ਹਾਂ, ਹੁਣ ਉੱਥੇ ਹੀ ਰਹੀਂ ਸਾਰੀ ਉਮਰ, ਨਾਲੇ ਤੂੰ ਸੌਖੀ ਨਾਲੇ ਅਸੀਂ ਸੌਖੇ।” ਨੂੰਹ-ਪੁੱਤ ਭਾਵੇਂ ਕਿੰਨੇ ਵੀ ਮਾੜੇ ਸਨ ਪਰ ਬਿਸ਼ਨੀ ਨੂੰ ਇਹ ਆਸ ਨਹੀਂ ਸੀ।
ਇਹ ਸੁਣ ਕੇ ਤਾਂ ਜਿਵੇਂ ਬਿਸ਼ਨੀ ਦੇ ਕਾਲਜੇ ‘ਚੋਂ ਰੁੱਗ ਹੀ ਭਰਿਆ ਗਿਆ ਉਸ ਨੇ ਕਾਰ ਚਲਾ ਰਹੇ ਆਪਣੇ ਪੁੱਤ ਦੀਆਂ ਬਥੇਰੀਆਂ ਮਿੰਨਤਾਂ-ਤਰਲੇ ਕੀਤੇ ਪਰ ਕੋਈ ਜਵਾਬ ਦੇਣ ਦੀ ਬਜਾਏ ਉਸਨੇ ਗੱਡੀ ਹੋਰ ਤੇਜ਼ੀ ਨਾਲ ਚਲਾਉਣੀ ਸ਼ੁਰੂ ਕਰ ਦਿੱਤੀ। ਪੱਥਰ ਦਿਲ ਨੂੰਹ-ਪੁੱਤ ਰੱਬ ਵਰਗੀ ਮਾਂ ਨੂੰ ਬਿਰਧ ਆਸ਼ਰਮ ਦਾਖਲ ਕਰਵਾਉਣ ਤੋਂ ਬਾਅਦ ਜਦੋਂ ਘਰ ਪਹੁੰਚੇ ਤਾਂ ਹੈਰੀ ਵੀ ਸਕੂਲੋਂ ਆ ਚੁੱਕਾ ਸੀ ।
ਘਰ ਆਪਣੀ ਦਾਦੀ ਨੂੰ ਨਾ ਦੇਖ ਕੇ ਉਸਨੇ ਆਪਣੀ ਮਾਂ ਤੋਂ ਪੁੱਛਿਆ, ”ਮਮਾ, ਦਾਦੀ ਜੀ ਕਿੱਥੇ ਨੇ?” ਬੇਟਾ ਦਾਦੀ ਜੀ ਨੂੰ ਕੁਝ ਦਿਨਾਂ ਲਈ ਤੀਰਥਾਂ ਦੇ ਦਰਸ਼ਨਾਂ ਲਈ ਯਾਤਰਾ ‘ਤੇ ਭੇਜਿਆ ਹੈ।” ਮੰਮੀ ਦੀ ਗੱਲ ਸੁਣ ਕੇ ਹੈਰੀ ਖੁਸ਼ ਹੁੰਦਾ ਹੋਇਆ ਬੋਲਿਆ, ”ਮਮਾ-ਪਾਪਾ ਤੁਸੀਂ ਕਿੰਨੇ ਚੰਗੇ ਹੋ, ਜਦੋਂ ਤੁਸੀਂ ਵੀ ਦਾਦੀ ਵਾਂਗੂੰ ਬੁੱਢੇ ਹੋ ਜਾਉਗੇ ਤਾਂ ਮੈਂ ਵੀ ਤੁਹਾਨੂੰ ਇਸੇ ਤਰ੍ਹਾਂ ਹੀ ਸਾਰੇ ਤੀਰਥਾਂ ਦੇ ਦਰਸ਼ਨਾਂ ਲਈ ਭੇਜ ਦੇਵਾਂਗਾ।” ਹੈਰੀ ਦੀ ਗੱਲ ਸੁਣ ਕੇ ਦੋਵੇਂ ਪਤੀ-ਪਤਨੀ ਇੱਕ-ਦੂਜੇ ਦੇ ਮੂੰਹ ਵੱਲ ਵੇਖਣ ਲੱਗੇ, ਸ਼ਾਇਦ ਉਹਨਾਂ ਨੂੰ ਆਪਣੇ ਛੋਟੇ ਜਿਹੇ ਪੁੱਤਰ ਤੋਂ ਅਜਿਹੇ ਜਵਾਬ ਦੀ ਆਸ ਨਹੀਂ ਸੀ।
ਅਮਨਪ੍ਰੀਤ ਕੌਰ ਢੁੱਡੀ,
ਸਰਕਾਰੀ ਮਿਡਲ ਸਕੂਲ, ਮੰਡ ਵਾਲਾ
(ਫਰੀਦਕੋਟ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ