ਕੜਾਹ ਕਈ ਕਿਸਮ ਦਾ ਹੁੰਦਾ ਹੈ ਆਟੇ ਦਾ, ਸੂਜੀ ਦਾ ਤੇ ਕਈ ਲੋਕ ਆਲੂ ਜਾ ਕਿਸੇ ਹੋਰ ਸਬਜ਼ੀ ਦਾ ਵੀ ਬਣਾਉਂਦੇ ਹਨ ਸਭ ਤੋਂ ਵਧੀਆ ਕੜਾਹ ‘ਤਿੰਨ ਮੇਲ਼ ਦੇ’ ਕੜਾਹ ਨੂੰ ਮੰਨਿਆ ਗਿਆ ਹੈ ਇਸ ਵਿੱਚ ਆਟੇ, ਖੰਡ ਤੇ ਘਿਉ ਦੀ ਮਾਤਰਾ ਇੱਕਸਾਰ ਹੁੰਦੀ ਹੈ ਕਈ ਲੋਕ ਕੜਾਹ ਨੂੰ ‘ਹਲਵਾ’ ਵੀ ਆਖਦੇ ਹਨ ਕਈ ਵਾਰੀ ਇਸ ਹਲਵੇ ‘ਚ ਉਬਲੇ ਛੋਲੇ ਵੀ ਪਾਏ ਜਾਂਦੇ ਹਨ ਹੁਣ ਤਾਂ ਸਰਕਾਰੀ ਸਕੂਲਾਂ ‘ਚ ਮਿਲਣ ਵਾਲੇ ਮਿਡ ਡੇ ਮੀਲ ‘ਚ ਵੀ ਹਲਵਾ ਬਣਾ ਕੇ ਤੇ ਉਬਲੇ ਛੋਲੇ ਪਾ ਕੇ ਬੱਚਿਆਂ ਨੂੰ ਖੁਆਏ ਜਾਂਦੇ ਹਨ
ਇਹ ਇੱਕ ਪੌਸ਼ਟਿਕ ਆਹਾਰ ਮੰਨਿਆ ਗਿਆ ਹੈ ਹਲਵਾ ਮੂੰਗੀ ਦਾ ਵੀ ਬਣਾਇਆ ਜਾਂਦਾ ਹੈ ਫਿਰ ਜਦੋਂ ਇਹ ਹਲਵਾ ਕਿਸੇ ਫੰਕਸ਼ਨ ਵਗੈਰਾ ‘ਤੇ ਬਣਾਇਆ ਜਾਂਦਾ ਹੈ ਤਾਂ ਵਿੱਚ ਡਰਾਈ ਫਰੂਟ ਵੀ ਪਾਇਆ ਜਾਂਦਾ ਹੈ ਤੇ ਇਹ ਬਹੁਤ ਹੀ ਸਵਾਦੀ ਬਣ ਜਾਂਦਾ ਹੈ ਪਰ ਇੱਕ ਕੜਾਹ ਹੋਰ ਵੀ ਹੁੰਦਾ ਹੈ ਜੋ ਅੱਜ ਕੱਲ੍ਹ ਬਹੁਤ ਚੱਲਦਾ ਹੈ,ਉਹ ਹੈ ‘ਗੱਲਾਂ ਦਾ ਕੜਾਹ’ ਕਈ ਲੋਕ ਅੱਜ ਕੱਲ੍ਹ ਗੱਲਾਂ ਦਾ ਕੜਾਹ ਬਣਾਉਂਦੇ ਹਨ ਤੇ ਇਸੇ ਦਾ ਖੱਟਿਆ ਹੀ ਖਾਂਦੇ ਹਨ
ਆਮ ਕਰਕੇ ਲੋਕ ਜਦੋਂ ਖਿਆਲੀ ਪੁਲਾਅ ਬਣਾਉਂਦੇ ਹੋਏ ਕਿਸੇ ਦਾ ਢਿੱਡ ਗੱਲਾਂ ਨਾਲ ਭਰਦੇ ਹਨ ਤਾਂ ਮਤਲਬ ਉਹ ਗੱਲਾਂ ਦਾ ਕੜਾਹ ਤਿਆਰ ਕਰ ਰਹੇ ਹੁੰਦੇ ਹਨ ਕਈ ਲੋਕ ਗਾਲੜੀ ਹੁੰਦੇ ਹਨ ਉਨ੍ਹਾਂ ਕਰਨਾ ਤੇ ਕੁਝ ਵੀ ਨਹੀਂ ਹੁੰਦਾ ਬੱਸ ਗੱਲਾਂ ਮਾਰ ਕੇ ਆਪਣਾ ਤੇ ਅਗਲੇ ਦਾ ਦਿਲ ਖੁਸ਼ ਕਰਨਾ ਹੁੰਦਾ ਹੈ ਇਸ ਤਰ੍ਹਾਂ ਉਹ ਗੱਲਾਂ ਦਾ ਕੜਾਹ ਹੀ ਬਣਾਉਂਦੇ ਤੇ ਵਰਤਾਉਂਦੇ ਹਨ ਇਹੀ ਉਨ੍ਹਾਂ ਦਾ ਧੰਦਾ ਹੁੰਦਾ ਹੈ ਗੱਲਾਂ ਦਾ ਕੜਾਹ ਵੀ ਆਮ ਕੜਾਹ ਵਾਂਗੂ ਮਿੱਠਾ ਹੀ ਹੁੰਦਾ ਹੈ ਪਰ ਇਸ ਵਿੱਚ ਅਸਲੀਅਤ ‘ਚ ਤਾਕਤ ਨਹੀਂ ਹੁੰਦੀ ਹੈ
ਅਜੇ ਕੱਲ੍ਹ ਦੀ ਹੀ ਗੱਲ ਹੈ ਦੂਰ ਦੀ ਰਿਸ਼ਤੇਦਾਰੀ ‘ਚੋਂ ਲੱਗਦਾ ਮੇਰਾ ਭਤੀਜਾ ਮਿਲਿਆ ਮਖਿਆ, ”ਪੁੱਤ ਕੀ ਕਰਦਾ ਹੁੰਨੈਂ” ਕਹਿੰਦਾ, ”ਤਾਊ ਜੀ ਅਭੀ ਤੋਂ ਮੈਂ ਨਾਈਂਥ ਮੇਂ ਹੂਆ ਹੂੰ, ਮੈਟ੍ਰਿਕ ਕੇ ਬਾਦ ਨਾਨ ਮੈਡੀਕਲ ਕਰਨੇ ਕਾ ਇਰਾਦਾ ਹੈ,ਇੰਜੀਨੀਅਰਿੰਗ ਕਰਨੇ ਕੇ ਬਾਦ ਅੱਛੀ ਸੀ ਨੌਕਰੀ ਕਰੂਗਾ, ਫਿਰ ਗੁੜਗਾਂਵ ਮੇਂ ਹੀ ਸੈਟਲ ਹੋ ਜਾਊਂਗਾ ਡੱਬ ਵਲੀ ਮੇਂ ਕਿਆ ਰੱਖਾ ਹੈ” ਉਸ ਦੀਆਂ ਗੱਲਾਂ ਦਾ ਕੜਾਹ ਮੈਨੂੰ ਹਾਜ਼ਮ ਕਰਨਾ ਜਰਾ ਮੁਸ਼ਕਲ ਲੱਗਿਆ ਅੱਛਾ ਤਾਊ ਜੀ ਚਲਤਾ ਹੂੰ ਮੰਮੀ ਵੇਟ ਕਰ ਰਹੀ ਹੋਗੀ ਉਹ ਤੇ ਚਲਾ ਗਿਆ ਮੈਨੂੰ ਐਕਟਿਵਾ ਦਾ ਸੈਲਫ਼ ਮਾਰਨਾ ਹੀ ਔਖਾ ਹੋ ਗਿਆ
ਕਈ ਵਾਰੀ ਜਿਹੜੇ ਲੋਕ ਕਿਸੇ ਰੁਜ਼ਗਾਰ ‘ਤੇ ਨਹੀਂ ਹੁੰਦੇ ਜਾਂ ਕਹਿ ਲਵੋ ਬਈ ਜ਼ਿੰਦਗੀ ‘ਚ ਬਹੁਤੇ ਕਾਮਜਾਬ ਨਹੀਂ ਹੁੰਦੇ ਆਰਥਿਕ ਰੂਪ ‘ਚ ਵੀ ਕਮਜੋਰ ਹੁੰਦੇ ਹਨ ਬਹੁਤਸੱਚੀਆਂ ਸੱਚੀਆਂ ਕਹਿੰਦੇ ਹਨ ਉਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਇਨ੍ਹਾਂ ਤੋਂ ਸਿਆਣਾ ਕੋਈ ਹੋਰ ਨਹੀਂ ਹੋਣਾ ਉਹ ਸਭ ਤੋਂ ਸਿਆਣਾ ਹੋਣ ਦਾ ਭਰਮ ਪਾਲੀ ਬੈਠੇ ਹੁੰਦੇ ਹਨ ਸਾਰੀਆਂ ਸਿਆਣਪਾਂ ਦਾ ਜ਼ਿਕਰ ਕਰਕੇ, ਗੱਲ ਮਾੜੀ ਕਿਸਮਤ ‘ਤੇ ਛੱਡ ਦਿੰਦੇ ਹਨ ਲੋਕ ਭਾਵੇਂ ਅਜਿਹੇ ਲੋਕਾਂ ਬਾਰੇ ਕੁਝ ਵੀ ਕਹਿਣ ਪਰ ਉਨ੍ਹਾਂ ਦਾ ਕੀੜਾ ਅਖੌਤੀ ਸਿਆਣਪ ‘ਚ ਹੀ ਫਸਿਆ ਹੁੰਦਾ ਹੈ ਸਾਹਮਣੇ ਵਾਲਾ ਕੁਝ ਕਹਿ ਵੀ ਨਹੀਂ ਸਕਦਾ ਕਿÀੁਂਕਿ ਅਗਲਾ ਕਹਿੰਦਾ ਵੀ ਹੈ ਤਾਂ ਲੋਕ ਮਿਹਣਾ ਮਾਰਦੇ ਹਨ ਕਿ ਹੁਣ ਇਹ ਨਹੀਂ ਬੋਲਦਾ ਇਸ ਦਾ ਪੈਸਾ ਬੋਲਦਾ ਹੈ, ਚਾਰ ਪੈਸੇ ਹਨ ਤਾਹੀਂਓ ਗੱਲਾਂ ਆਉਂਦੀਆਂ ਹਨ ਮਜ਼ਬੂਰਨ ਸਾਹਮਣੇ ਵਾਲੇ ਦੇ ਗੱਲਾਂ ਦੇ ਕੜਾਹ ਨੂੰ ਹਜ਼ਮ ਕਰਨਾ ਪੈਂਦਾ ਹੈ
ਸਹੀ ਪੁੱਛੋ ਤਾਂ ਗੱਲਾਂ ਦਾ ਕੜਾਹ ਹੁੰਦਾ ਤਾਂ ਸਵਾਦ ਹੈ ਖਵਾਉਣਾ ਅਗਲੇ ਦੀ ਆਦਤ ਹੁੰਦੀ ਹੈ ਤੇ ਮਜ਼ਬੂਰੀ ਵੱਸ ਖਾਣਾ ਵੀ ਪੈਂਦਾ ਹੈ ਇਹ ਗੱਲਾਂ ਦਾ ਸਵਾਦ ਕੜਾਹ ਭੋਰਾ ਵੀ ਗੁਣਕਾਰੀ ਨਹੀਂ ਹੁੰਦਾ ਇਹ ਇੱਕ ਝੂਠੀ ਆਸ ਹੁੰਦੀ ਹੈ ਤੇ ਨਸ਼ਾ ਹੁੰਦਾ ਹੈ, ਮਨ ਨੂੰ ਬਹਿਲਾਉਣ ਦੀ ਆਦਤ ਹੁੰਦੀ ਹੈ ਬਹੁਤੇ ਲਿਖਣ ਵਾਲੇ ਵੀ ਗੱਲਾਂ ਦਾ ਕੜਾਹ ਹੀ ਪਰੋਸਦੇ ਹਨ ਉਨ੍ਹਾਂ ਦੀ ਲੇਖਣੀ ਦਾ ਕੋਈ ਸਾਰਥਿਕ ਵਿਸ਼ਾ ਨਹੀਂ ਹੁੰਦਾ ਬੱਸ ਇੱਧਰ-ਓਧਰ ਦੀਆਂ ਗੱਲਾਂ ਇਕੱਠੀਆਂ ਕਰਕੇ ਸਥਾਪਤ ਲੇਖਕ ਸਿੱਧ ਹੋਣ ਦੀਆਂ ਕੋਸ਼ਿਸ਼ਾਂ ਕਰਦੇ ਹਨ ਉਨ੍ਹਾਂ ਦੀਆਂ ਭਾਵੇਂ ਪੰਜਾਹ ਰੰਚਨਾਵਾਂ ਪੜ੍ਹ ਲਵੋ ਬਸ ਵਿਸ਼ਾ ਓਹੀ ਘਸਿਆ-ਪਿਟਿਆ ਸਮਾਜਿਕ ਸਮੱਸਿਆ ਦਾ ਵਿਸ਼ਾ ਛੋਹਣਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਹੈ ਪਰ ਪਾਠਕਾਂ ਨੂੰ ਮਜਬੂਰੀ ਵੱਸ ਗੱਲਾਂ ਦਾ ਕੜਾਹ ਖਾਣਾ ਪੈਂਦਾ ਹੈ
ਰਮੇਸ਼ ਸੇਠੀ ਬਾਦਲ, ਮੰਡੀ ਡੱਬਵਾਲੀ, ਮੋ. 98766-27233