4 ਜੁਲਾਈ ਨੂੰ ਜਾਰੀ ਹੋਵੇਗੀ ਸੂਚਨਾ
ਨਵੀਂ ਦਿੱਲੀ: ਦੇਸ਼ ਵਿੱਚ ਨਵੇਂ ਉਪ ਰਾਸ਼ਟਰਪਤੀ ਲਈ ਚੋਣਾਂ ਪੰਜ ਅਗਸਤ ਨੂੰ ਹੋਣਗੀਆਂ। ਮੁੱਖ ਚੋਣ ਕਮਿਸ਼ਨਰ ਨਸੀਮ ਜੈਦੀ ਨੇ ਅੱਜ ਕਾਨਫਰੰਸ ‘ਚ ਉਪ ਰਾਸ਼ਟਰਪਤੀ ਅਹੁਦੇ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਦੱਸਿਆ ਕਿ ਪੰਜ ਅਗਸਤ ਨੂੰ ਵੋਟਿੰਗ ਹੋਵੇਗੀ ਅਤੇ ਉਸੇ ਦਿਨ ਗਿਣਤੀ ਵੀ ਕਰਵਾਈ ਜਾਵੇਗੀ।
ਉਪ ਰਾਸ਼ਟਰਪਤੀ ਚੋਣਾਂ ਲਈ ਚਾਰ ਜੁਲਾਈ ਨੂੰ ਸੂਚਨਾ ਜਾਰੀ ਕੀਤੀ ਜਾਵੇਗੀ ਅਤੇ ਉਸੇ ਦਿਨ ਤੋਂ ਨਾਮਜ਼ਦਗੀ ਦੀ ਪ੍ਰਕਿਰਿਆ ਸ਼ੁਰੂ ਵੀ ਹੋ ਜਾਵੇਗੀ। ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਉਪ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਦੀ ਅੰਤਿਮ ਤਾਰੀਖ 18 ਜੁਲਾਈ ਹੈ ਅਤੇ ਨਾਮਜ਼ਦਗੀ ਪੱਤਰਾਂ ਦੀ ਜਾਂਚ ਦਾ ਕੰਮ 19 ਜੁਲਾਈ ਨੂੰ ਕੀਤਾ ਜਾਵੇਗਾ। ਨਾਮਜ਼ਦਗੀ 21 ਜੁਲਾਈ ਤੱਕ ਵਾਪਸ ਲਈ ਜਾ ਸਕਦੀ ਹੈ। ਪੰਜ ਅਗਸਤ ਨੂੰ ਸਵੇਰੇ 11 ਵਜੇ ਤੋਂ ਸ਼ਾਮ ਪੰਜ ਵਜੇ ਤੱਕ ਵੋਟਿੰਗ ਹੋਵੇਗੀ।
ਜ਼ਿਕਰਯੋਗ ਹੈ ਕਿ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦਾ ਕਾਰਜਕਾਲ 10 ਅਗਸਤ ਨੂੰ ਸਮਾਪਤ ਹੋ ਰਿਹਾ ਹੈ। ਡਾ. ਅੰਸਾਰੀ ਪਹਿਲੀ ਵਾਰ 10 ਅਗਸਤ 2007 ਨੂੰ ਦੇਸ਼ ਦੇ ਉਪ ਰਾਸ਼ਟਰਪਤੀ ਬਣੇ ਸਨ ਅਤੇ ਦੂਜੀ ਵਾਰ 2012 ‘ਚ ਉਨ੍ਹਾਂ ਨੂੰ ਦੁਬਾਰਾ ਇਸ ਅਹੁਦੇ ਲਈ ਚੁਣਿਆ ਗਿਆ ਸੀ। ਰਾਜ ਸਭਾ ਦੇ ਜਨਰਲ ਸਕੱਤਰ ਸ਼ਮਸ਼ੇਰ ਦੇ ਸ਼ਰੀਫ਼ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਚੋਣਾਂ ‘ਚ ਚੋਣ ਅਧਿਕਾਰੀ ਬਣਾਇਆ ਗਿਆ ਹੈ। ਇਨ੍ਹਾਂ ਚੋਣਾਂ ‘ਚ ਕੁੱਲ 790 ਵੋਟਰ ਹੋਣਗੇ ਜਿਨ੍ਹਾਂ ‘ਚੋਂ ਲੋਕ ਸਭਾ ਦੇ 545 ਅਤੇ ਰਾਜ ਸਭਾ ਦੇ 245 ਮੈਂਬਰ ਸ਼ਾਮਲ ਹੋਣਗੀਆਂ