ਲੋਕਾਂ ਨੂੰ ਪੀਣ ਵਾਲਾ ਠੰਢਾ ਪਾਣੀ ਜਲਦ ਮਿਲਣਾ ਸ਼ੁਰੂ ਹੋ ਜਾਵੇਗਾ : ਐੱਸਐੱਮਓ (Abohar News)
(ਮੇਵਾ ਸਿੰਘ) ਅਬੋਹਰ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆਂ ਅਬੋਹਰ ਦਾ ਸਿਵਲ ਹਸਪਤਾਲ ਇੰਨੀ ਦਿਨੀਂ ਖੁਦ ਬਿਮਾਰ ਹੋਣ ਦੀ ਹਾਲਤ ਵਿੱਚ ਹੋਣ ਕਰਕੇ ਆਮ ਜਨਤਾ ਲਈ ਸਫੈਦ ਹਾਥੀ ਸਾਬਤ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਹਸਪਤਾਲ ਵਿੱਚ ਆਉਣ ਜਾਣ ਵਾਲੇ ਮਰੀਜ਼ਾਂ ਨੂੰ ਪੈ ਰਹੀ ਭਿਆਨਕ ਗਰਮੀ ਦੇ ਮੌਸਮ ਦੌਰਾਨ ਪੀਣ ਵਾਲਾ ਠੰਢਾ ਤੇ ਸਾਫ ਪਾਣੀ ਵੀ ਨਹੀਂ ਮਿਲ ਰਿਹਾ, ਜਦੋਂ ਕਿ ਹਸਪਤਾਲ ਵਿੱਚ ਇੱਕ ਨਹੀਂ ਸਗੋਂ ਪੰਜ ਆਰਓ ਸਿਸਟਮ ਸਮਾਜ ਸੇਵੀ ਸੰਸਥਾਵਾਂ ਦੁਆਰਾ ਲਗਵਾਏ ਗਏ ਹਨ। ਇਹਨਾਂ ਵਿਚੋਂ ਵੀ ਇਸ ਸਮੇਂ ਸਿਰਫ ਇੱਕ ਆਰਓ ਹੀ ਚੱਲਦਾ ਹੈ, ਪਰੰਤੂ ਉਸ ਵਿੱਚੋਂ ਵੀ ਪੀਣ ਵਾਲਾ ਠੰਢਾ ਪਾਣੀ ਮਰੀਜਾਂ ਨੂੰ ਨਹੀਂ ਮਿਲਦਾ, ਜਿਸ ਕਰਕੇ ਮਰੀਜਾਂ ਨੂੰ ਮਜ਼ਬੂਰੀਵੱਸ 20-20 ਰੁਪਏ ਵਾਲੀ ਪਾਣੀ ਦੀ ਬੋਤਲ ਖਰੀਦਕੇ ਆਪਣੀ ਪਿਆਸ ਬੁਝਾਉਣੀ ਪੈ ਰਹੀ ਹੈ। Abohar News
ਇਹ ਵੀ ਪੜ੍ਹੋ: ਸ੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕੌਣ ਸੰਭਾਲੇਗਾ ਟੀਮ ਦੀ ਕਪਤਾਨੀ
ਹਸਪਤਾਲ ਵਿੱਚ ਇਕ ਹੋਰ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਹੈ ਕਿ ਹਸਪਤਾਲ ਦਾ ਇੱਕ ਵਿਭਾਗ ਜੋ ਸ਼ਹਿਰ ਦੇ ਵਾਰਡਾਂ ਵਿੱਚ ਜਾਕੇ ਲੋਕਾਂ ਦੇ ਘਰਾਂ ਦੀ ਜਾਂਚ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਤੇ ਆਸ-ਪਾਸ ਸਾਫ-ਸਫਾਈ ਰੱਖਣ ਦੇ ਨਿਰਦੇਸ ਦੇ ਰਿਹਾ ਹੈ ਤੇ ਲੋਕਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ, ਪਰੰਤੂ ਉਨ੍ਹਾਂ ਦਾ ਆਪਣੇ ਹਸਪਤਾਲ ਵਿੱਚ ਸਫਾਈ ਦਾ ਬੁਰਾ ਹਾਲ ਹੋਇਆ ਪਿਆ ਹੈ। ਹਸਪਤਾਲ ਦੇ ਗਾਇਨੀ ਵਾਰਡ ਵਿੱਚ ਜੋ ਚਾਲੂ ਹਾਲਤ ਵਿੱਚ ਆਰਓ ਹੈ, ਦਾ ਸਫਾਈ ਪੱਖੋਂ ਐਨਾ ਬੁਰਾ ਹਾਲ ਹੈ ਕਿ ਆਰਓ ਉਪਰ ਮੱਛਰ ਭਿਣ-ਭਿਣਾਉਂਦੇ ਰਹਿੰਦੇ ਹਨ।
ਜਦ ਇਸ ਸਬੰਧੀ ਐੱਸਐੱਮਓ ਡਾ. ਨੀਰਜ ਗੁਪਤਾ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਜੋ ਵੀ ਕਮੀਆਂ ਹਨ, ਉਨਾਂ ਜਲਦੀ ਦੂਰ ਕਰਨ ਦੇ ਨਾਲ-ਨਾਲ ਅਤੇ ਆਰਓ ਤੋਂ ਮਰੀਜਾਂ ਨੂੰ ਠੰਢਾ ਪਾਣੀ ਨਹੀਂ ਮਿਲ ਰਿਹਾ, ਉਸ ਸਬੰਧੀ ਆਰਓ ਦੀ ਸਫਾਈ ਲਈ ਠੇਕੇਦਾਰ ਨੂੰ ਹਦਾਇਤਾਂ ਕੀਤੀਆਂ ਹਨ ਤੇ ਬਹੁਤ ਜਲਦ ਲੋਕਾਂ ਨੂੰ ਪੀਣ ਵਾਲਾ ਠੰਢਾ ਤੇ ਸਾਫ ਪਾਣੀ ਰੈਗੂਲਰ ਮਿਲਣਾ ਸ਼ੁਰੂ ਹੋ ਜਾਵੇਗਾ। Abohar News