Abohar News : ਕਿੰਨੂਆਂ ਕਰਕੇ ਕੈਲੀਫੋਰਨੀਆਂ ਅਖਵਾਉਂਦੇ ਅਬੋਹਰ ’ਚੋਂ ਬਾਗਾਂ ਦਾ ਪੁੱਟਿਆ ਜਾਣਾ ਚਿੰਤਾਜਨਕ

Abohar News
ਅਬੋਹਰ। ਇਲਾਕੇ ਅਬੋਹਰ ਦੇ ਕਿਸਾਨ ਕਿੰਨੂਆਂ ਦੇ ਬਾਗਾਂ ਦੇ ਖਰਾਬ ਹੋਣ ਸਬੰਧੀ ਜਾਣਕਾਰੀ ਦਿੰਦਿਆਂ ਅਤੇ ਬਾਗਾਂ ਨੁੰ ਪੁੱਟੇ ਜਾਣ ਦੇ ਦ੍ਰਿਸ਼।

ਬਿਨਾ ਸੰਭਾਲੇ ਜਾਂ ਪੁਰਾਣੇ ਲੱਗੇ ਬਾਗਾਂ ਨੂੰ ਹੀ ਪੁੱਟਿਆ ਗਿਆ : ਬਾਗਵਾਨੀ ਅਧਿਕਾਰੀ | Abohar News

ਅਬੋਹਰ (ਮੇਵਾ ਸਿੰਘ)। Abohar News : ਕਿੰਨੂਆਂ ਦੇ ਬਾਗਾਂ ਕਰਕੇ ਕੈਲੀਫੋਰਨੀਆਂ ਦੇ ਨਾਂਅ ਵਜੋਂ ਜਾਣੇ ਜਾਂਦੇ ਇਲਾਕਾ ਅਬੋਹਰ ਵਿੱਚ ਕਿੰਨੂਆਂ ਦੇ ਬਾਗਾਂ ਸਬੰਧੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿੰਨੂਆਂ ਦੇ ਬਾਗਾਂ ਦੇ ਖਰਾਬ ਹੋਣ ਅਤੇ ਬਾਗਵਾਨਾਂ ਵੱਲੋਂ ਬਾਗਾਂ ਨੂੰ ਪੁੱਟੇ ਜਾਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਇਲਾਕੇ ’ਚੋਂ ਮਿਲੀ ਜਾਣਕਾਰੀ ਅਨੁਸਾਰ ਹਜ਼ਾਰਾਂ ਏਕੜ ਕਿੰੰਨੂ ਦੇ ਬਾਗ ਬਾਗਵਾਨਾਂ ਵੱਲੋਂ ਪੁੱਟ ਦਿੱਤੇ ਗਏ ਹਨ।

ਹਾਸਲ ਜਾਣਕਾਰੀ ਦੇ ਅਧਾਰ ’ਤੇ ਕਰੀਬ 35 ਹਜਾਰ ਹੈਕਟੇਅਰ ਰਕਬਾ ਕਿੰਨੂੰ ਅਬੋਹਰ ਇਲਾਕੇ ਵਿੱਚ ਹੈ, ਜਿਸ ਵਿੱਚੋਂ ਹਜਾਰਾਂ ਏਕੜ ਬਾਗ ਪੁੱਟਿਆ ਜਾ ਰਿਹਾ ਹੈ। ਜੇਕਰ ਸਿਰਫ ਇੱਕ ਪਿੰਡ ਗਿੱਦੜਾਂਵਾਲੀ ਦੀ ਗੱਲ ਕੀਤੀ ਜਾਵੇ ਤਾਂ ਇਸ ਪਿੰਡ ’ਚੋਂ ਕਰੀਬ 500 ਤੋਂ ਵੱਧ ਏਕੜ ਰਕਬਾ ਬਾਗ ਦਾ ਪੁੱਟਿਆ ਜਾ ਚੁੱਕਾ ਹੈ। ਪਿੰਡਾਂ ਦੇ ਕਿਸਾਨ ਦੁਖੀ ਮਨ ਨਾਲ ਦਸਦੇ ਹਨ ਕਿ ਦੇਖਦੇ ਹੀ ਦੇਖਦੇ ਪਹਿਲਾਂ ਬੂਟਿਆਂ ਦੇ ਪੱਤੇ ਸੁੱਕਣੇ ਸ਼ੁਰੂ ਹੁੰਦੇ ਹਨ ਤੇ ਬਾਅਦ ਵਿੱਚ ਕਿੰਨੂ ਦਾ ਬੂਟਾ ਸੁੱਕ ਜਾਂਦਾ ਹੈ। ਇਸ ਤੋਂ ਬਾਦ ਬਾਗਵਾਨਾਂ ਕੋਲ ਬੂਟੇ ਨੂੰੰ ਪੁੱਟਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਦਾ। ਬਾਗਵਾਨਾਂ ਨੇ ਆਪਣਾ ਦੁੱਖੜਾ ਦਸਦਿਆਂ ਕਿਹਾ ਕਿ ਬਾਗਾਂ ਦੇ ਸੁੱਕਣ ਦੇ ਵੱਡਾ ਕਾਰਨ ਮੌਸਮ ਵਿੱਚ ਬਦਲਾਅ ਕਰਕੇ ਤੇਜ ਗਰਮੀ ਤੇ ਕੈਮੀਕਲ ਯੁਕਤ ਨਹਿਰੀ ਪਾਣੀ ਦੇ ਨਾਲ-ਨਾਲ ਨਹਿਰੀ ਪਾਣੀ ਦੀ ਕਮੀ ਵੀ ਹੈ। (Abohar News)

ਕਿਸਾਨਾਂ ਕਿਹਾ ਕਿ ਜਿਸ ਤੇਜੀ ਨਾਲ ਬਾਗ ਪੁੱਟੇ ਜਾ ਰਹੇ ਹਨ ਤਾਂ ਵੱਡੀ ਮਾਤਰਾ ਵਿੱਚ ਲੱਗੇ ਬਾਗਾਂ ਕਾਰਨ ਕੈਲੀਫੋਰਨੀਆਂ ਕਹੇ ਜਾਣ ਵਾਲੇ ਇਸ ਇਲਾਕੇ ਵਿੱਚੋਂ ਕਿੰਨੂੰ ਦੇ ਬਾਗ ਖਤਮ ਹੋ ਜਾਣਗੇ। ਬਾਗਵਾਨਾਂ ਕਿਹਾ ਕਿ ਅਬੋਹਰ ਬਾਗਵਾਨੀ ਵਿਭਾਗ ਤਾਂ ਇਸ ਮਾਮਲੇ ਵਿੱਚ ਸਫੈਦ ਹਾਥੀ ਸਾਬਤ ਹੋ ਰਿਹਾ ਹੈ, ਕਿਉਂਕਿ ਵਿਭਾਗ ਦਾ ਕੋਈ ਬਾਗਵਾਨੀ ਅਫਸਰ ਕਿੰਨੂ ਦੇ ਬਾਗਾਂ ਦੀ ਬਰਬਾਦੀ ਨੂੰ ਰੋਕਣ, ਜਾਂ ਬਾਗਵਾਨਾਂ ਨੁੂੰ ਕੋਈ ਸਲਾਹ ਦੇਣ ਕਦੇ ਉਨ੍ਹਾਂ ਕੋਲ ਨਹੀਂ ਆਇਆ।

Abohar News

ਜਦ ਇਸ ਸਬੰਧੀ ਬਾਗਵਾਨੀ ਅਬੋਹਰ ਦੇ ਡਾਕਟਰ ਸਯੋਪਤ ਸਹਾਰਣ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਬਾਗਵਾਨਾਂ ਨੇ ਬਾਗਾਂ ਦੀ ਸੰਭਾਲ ਨਹੀਂ ਕੀਤੀ, ਜਾਂ ਜਿੰਨ੍ਹਾਂ ਬਾਗਾਂ ਨੂੰ ਲੱਗਿਆਂ ਕਈ ਸਾਲ ਹੋ ਗਏ ਹਨ, ਅਜਿਹੇ ਬਾਗਾਂ ਨੂੰੰ ਹੀ ਪੁੱਟਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦਫਤਰੀ ਰਿਕਾਰਡ ਵਿੱਚ ਬਾਗਾਂ ਦੇ ਖਰਾਬ ਹੋਣ ਜਾਂ ਪੁੱੱਟਣ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 35 ਹਜਾਰ ਹੈਕਟੇਅਰ ਵਿੱਚ ਲੱਗੇ ਕਿੰਨੂ ਦੇ ਬਾਗ ਬਿਲਕੁਲ ਠੀਕ ਠਾਕ ਹਨ।

Also Read : ਖੁਸ਼ਖਬਰੀ ! ਇਨ੍ਹਾਂ ਪਰਿਵਾਰਾਂ ਨੂੰ ਸਰਕਾਰ ਦੇਵੇਗੀ 100-100 ਗਜ ਦੇ ਪਲਾਟ, ਮੁੱਖ ਮੰਤਰੀ ਦਾ ਐਲਾਨ