ਬੱਲੇਬਾਜ਼ਾਂ ਤੇ ਰਾਜਸਥਾਨ ਰਾਇਲਜ਼ ਦੇ ਸਪਿੱਨਰਾਂ ਵਿਚਾਲੇ ਹੋਵੇਗੀ ਜੰਗ (SRH Vs RR)
(ਏਜੰਸੀ) ਚੇਨੱਈ (ਤਮਿਲਨਾਡੂ)। IPL 2024 ਦਾ ਦੂਜਾ ਕੁਆਲੀਫਾਇਰ ਮੈਚ ਅੱਜ ਰਾਜਸਥਾਨ ਰਾਇਲਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਦਰਮਿਆਨ ਹੋਵੇਗਾ। ਇਹ ਮੈਚ ਐੱਮਏ ਚਿਦੰਬਰਮ ਸਟੇਡੀਅਮ (ਚੇਪੌਕ), ਚੇਨਈ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ। ਸਨਰਾਈਜ਼ਰਸ ਹੈਦਰਾਬਾਦ ਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਫਾਈਨਲ ’ਚ ਜਗ੍ਹਾ ਬਣਾਉਣ ਲਈ ਦੂਜੇ ਕੁਆਲੀਫਾਇਰ ’ਚ ਇੱਕ-ਦੂਜੇ ਨਾਲ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਇਸ ਮੈਚ ਨੂੰ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਗੀਆਂ। ਇਸ ਮੈਚ ’ਚ ਆਈਪੀਐੱਲ ਦੇ ਸਰਵੋਤਮ ਪਾਵਰ ਹਿਟਰ ਟ੍ਰੇਵਿਡ ਹੈੱਡ ਤੇ ਅਭਿਸ਼ੇਕ ਸ਼ਰਮਾ ਤੇ ਚਤੁਰ ਸਪਿੱਨ ਜੋੜੀ ਵਿਚਾਲੇ ਵੀ ਮੁਕਾਬਲਾ ਹੋਵੇਗਾ, ਜੋ ਯੁਜਵੇਂਦਰ ਚਾਹਲ ਤੇ ਰਵੀਚੰਦਰਨ ਅਸ਼ਵਿਨ ਹੋਣਗੇ। SRH Vs RR
ਹੈੱਡ ਤੇ ਅਭਿਸ਼ੇਕ ਦੀ ਜੋੜੀ ਤੋਂ ਚੰਗੀ ਸ਼ੁਰੂਆਤ ਦੀ ਉਮੀਦ ਕਰੇਗਾ ਹੈਦਰਾਬਾਦ
ਹੈੱਡ ਤੇ ਅਭਿਸ਼ੇਕ ਦੀ ਜੋੜੀ ਨੇ ਹਮਲਾਵਰ ਬੱਲੇਬਾਜ਼ੀ ਨੂੰ ਨਵੇਂ ਪੱਧਰ ’ਤੇ ਪਹੁੰਚਾਇਆ ਹੈ ਤੇ ਪ੍ਰਸੰਸਕਾਂ ਤੋਂ ‘ਟ੍ਰੇਵਿਸ਼ੇਕ’ ਦਾ ਨਾਂਅ ਮਿਲਿਆ ਹੈ। ਹੈੱਡ ਨੇ ਮੌਜ਼ੂਦਾ ਸੀਜ਼ਨ ’ਚ 199.62 ਦੀ ਸਟ੍ਰਾਈਕ ਰੇਟ ਨਾਲ 533 ਦੌੜਾਂ ਬਣਾਈਆਂ ਹਨ ਜਦਕਿ ਅਭਿਸ਼ੇਕ ਨੇ 207.04 ਦੀ ਸਟ੍ਰਾਈਕ ਰੇਟ ਨਾਲ 470 ਦੌੜਾਂ ਬਣਾਈਆਂ ਹਨ। ਦੋਵਾਂ ਨੇ ਮਿਲ ਕੇ ਹੁਣ ਤੱਕ 72 ਛੱਕੇ ਤੇ 96 ਚੌਕੇ ਲਾਏ ਹਨ। ਇਸ ਤੋਂ ਇਲਾਵਾ ਸਨਰਾਈਜ਼ਰਜ਼ ਕੋਲ ਹੈਨਰਿਕ ਕਲਾਸੇਨ (180 ਦੀ ਸਟ੍ਰਾਈਕ ਰੇਟ ਨਾਲ 413 ਦੌੜਾਂ) ਦੇ ਰੂਪ ’ਚ ਸ਼ਾਨਦਾਰ ਬੱਲੇਬਾਜ਼ ਹੈ, ਜਿਸ ਨੇ 34 ਛੱਕੇ ਲਾਏ ਹਨ।
ਹਾਲਾਂਕਿ, ਚੇਪੌਕ ’ਚ ਖੇਡਣਾ ਉੱਪਲ ਜਾਂ ਕੋਟਲਾ ਜਾਂ ਵਾਨਖੇੜੇ ਦੇ ਮੁਕਾਬਲੇ ਬਿਲਕੁਲ ਵੱਖਰਾ ਹੋਵੇਗਾ ਕਿਉਂਕਿ ਇੱਥੇ ਗੇਂਦ ਰੁਕ ਕੇ ਆਉਂਦੀ ਹੈ ਤੇ ਆਉਂਦੇ ਹੀ ਵੱਡੇ ਸ਼ਾਟ ਖੇਡਣਾ ਅਸਾਨ ਨਹੀਂ ਹੁੰਦਾ।
ਰਾਇਲਜ਼ ਦੇ ਆਫ ਸਪਿੱਨਰ ਅਸ਼ਵਿਨ, ਜੋ ਆਪਣੀ ਜ਼ਿਆਦਾਤਰ ਕ੍ਰਿਕਟ ਇਸ ਮੈਦਾਨ ’ਤੇ ਖੇਡਦੇ ਹਨ, ਇੱਥੋਂ ਦੀ ਪਿੱਚ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਟੂਰਨਾਮੈਂਟ ਦੇ ਆਖਰੀ ਪੜਾਅ ’ਚ ਉਨ੍ਹਾਂ ਦੀ ਫਾਰਮ ’ਚ ਸੁਧਾਰ ਹੋਇਆ ਹੈ। ਰਾਇਲਜ਼ ਨੂੰ ਉਮੀਦ ਹੋਵੇਗੀ ਕਿ ਦੇਸ਼ ਦੇ ਸਰਵੋਤਮ ਲੈੱਗ ਸਪਿੱਨਰ ਚਾਹਲ ਦੇ ਨਾਲ ਉਹ ਹੈੱਡ, ਅਭਿਸ਼ੇਕ ਅਤੇ ਕਲਾਸੇਨ ਨੂੰ ਜਲਦੀ ਤੋਂ ਜਲਦੀ ਪਵੇਲੀਅਨ ਭੇਜੇਗਾ ਤਾਂ ਕਿ ਉਹ ਮੈਚ ’ਤੇ ਕੰਟਰੋਲ ਕਰ ਸਕਣ।
ਇਹ ਵੀ ਪੜ੍ਹੋ: Helicopter Emergency Landing: ਕੇਦਾਰਨਾਥ ’ਚ ਹੈਲੀਕਾਪਟਰ ਦੀ ਐਮਰਜੰਸੀ ਲੈਂਡਿੰਗ, ਵਾਲ-ਵਾਲ ਬਚੇ ਸ਼ਰਧਾਲੂ
ਜਿੱਥੋਂ ਤੱਕ ਸਨਰਾਈਜ਼ਰਜ਼ ਦੀ ਗੇਂਦਬਾਜ਼ੀ ਦਾ ਸਵਾਲ ਹੈ, ਇਸ ਦੀ ਜ਼ਿੰਮੇਵਾਰੀ ਇੱਕ ਵਾਰ ਫਿਰ ਟੀ ਨਟਰਾਜਨ ’ਤੇ ਹੋਵੇਗੀ, ਜੋ ਇਸ ਸੀਜ਼ਨ ’ਚ ਟੀਮ ਦੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਰਹੇ ਹਨ ਅਤੇ ਆਪਣੇ ਘਰੇਲੂ ਮੈਦਾਨ ’ਤੇ ਖੇਡਦੇ ਹੋਏ ਹਾਲਾਤ ਦਾ ਫਾਇਦਾ ਉਠਾਉਣਾ ਚਾਹੁਣਗੇ। ਇਸ ਤੋਂ ਇਲਾਵਾ ਭੁਵਨੇਸ਼ਵਰ ਕੁਮਾਰ ਅਤੇ ਪੈਟ ਕਮਿੰਸ ਦੀ ਤਜ਼ਰਬੇਕਾਰ ਜੋੜੀ ਨੂੰ ਵੀ ਕਾਫੀ ਕੁਝ ਕਰਨਾ ਹੋਵੇਗਾ ਕਿਉਂਕਿ ਭੁਵਨੇਸ਼ਵਰ ਕੁਮਾਰ ਨੇ ਪਿਛਲੇ ਦੋ ਮੈਚਾਂ ’ਚ ਕੋਈ ਵਿਕਟ ਨਹੀਂ ਲਈ ਹੈ। SRH Vs RR
ਸਨਰਾਈਜ਼ਰਜ਼ ਦੀ ਸਮੱਸਿਆ ਟੀਮ ’ਚ ਦੋ ਚੰਗੇ ਸਪਿੱਨਰਾਂ ਦੀ ਅਣਹੋਂਦ ਵੀ ਹੈ। ਮਿਅੰਕ ਮਕਰੰਦੀ ਬਹੁਤ ਪ੍ਰਭਾਵਸ਼ਾਲੀ ਨਹੀਂ ਹੈ ਜਦੋਂ ਕਿ ਸ਼ਾਹਬਾਜ਼ ਅਹਿਮਦ ਦਾ ਮੁੱਖ ਹੁਨਰ ਤੇਜ਼ ਬੱਲੇਬਾਜ਼ੀ ਹੈ ਨਾ ਕਿ ਖੱਬੇ ਹੱਥ ਦੀ ਸਪਿੱਨ ਗੇਂਦਬਾਜ਼ੀ। ਰਾਇਲਜ਼ ਦੀ ਗੱਲ ਕਰੀਏ ਤਾਂ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਉਨ੍ਹਾਂ ਦੇ ਹਰਫਨਮੌਲਾ ਪ੍ਰਦਰਸ਼ਨ ਦੀ ਬਦੌਲਤ ਟੀਮ ਨੇ ਆਖਰਕਾਰ ਪੰਜ ਮੈਚਾਂ ਦੀ ਜਿੱਤ ਰਹਿਤ ਉਡੀਕ ਖਤਮ ਕਰ ਦਿੱਤੀ।
ਅਸ਼ਵਿਨ ਪਲੇਆਫ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼
ਆਈਪੀਐੱਲ ਪਲੇਆਫ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ’ਚ ਰਾਜਸਥਾਨ ਰਾਇਲਸ ਦੇ ਆਲਰਾਊਂਡਰ ਆਰ ਅਸ਼ਵਿਨ ਦੂਜੇ ਸਥਾਨ ’ਤੇ ਆ ਗਏ ਹਨ। ਉਨ੍ਹਾਂ ਦੇ ਨਾਂਅ 23 ਮੈਚਾਂ ’ਚ ਕੁੱਲ 21 ਵਿਕਟਾਂ ਹਨ। ਉਸ ਨੇ ਮੋਹਿਤ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ। ਚੇਨੱਈ ਤੇ ਗੁਜਰਾਤ ਲਈ ਖੇਡਦੇ ਹੋਏ ਮੋਹਿਤ ਨੇ ਪਲੇਆਫ ’ਚ ਖੇਡੇ ਗਏ 10 ਮੈਚਾਂ ’ਚ 20 ਵਿਕਟਾਂ ਲਈਆਂ ਹਨ। ਇਸ ਸੂਚੀ ’ਚ ਡੇਵੋਨ ਬ੍ਰਾਵੋ ਸਭ ਤੋਂ ਉੱਪਰ ਹੈ। ਉਸ ਨੇ 19 ਮੈਚਾਂ ’ਚ 28 ਵਿਕਟਾਂ ਲਈਆਂ ਹਨ।