ਲੋਕਾਂ ’ਚ ਚਰਚਾ, ਕੀ ਸਾਬਕਾ ਵਿਧਾਇਕ ਤੇ ਆਪ ਆਗੂ ਹੋ ਪਾਉਣਗੇ ਘਿਓ-ਖਿਚੜੀ | Sangrur News
ਧੂਰੀ (ਰਵੀ ਗੁਰਮਾ)। ਲੋਕ ਸਭਾ ਚੋਣਾਂ ਦੇ ਸਿਆਸੀ ਮੌਸਮ ’ਚ ਧੂਰੀ ’ਚ ਇਨ੍ਹੀਂ ਦਿਨੀਂ ਸਿਆਸਤ ਪੂਰੀ ਗਰਮਾਈ ਹੋਈ ਹੈ। ਹਰ ਪਾਰਟੀ ਦਾ ਉਮੀਦਵਾਰ ਵਿਧਾਨ ਸਭਾ ਹਲਕਾ ਧੂਰੀ ’ਚ ਵੋਟ ਲੈਣ ਲਈ ਪੂਰੀ ਚਾਰਜੋਈ ਕਰ ਰਿਹਾ ਹੈ। ਪਰ ਇਹ ਹਲਕਾ ਮੁੱਖ ਮੰਤਰੀ ਨਾਲ ਸਬੰਧਿਤ ਹੋਣ ਕਰਕੇ ਆਮ ਆਦਮੀ ਪਾਰਟੀ ਇੱਥੋਂ ਕਿਸੇ ਵੀ ਹਾਲਤ ਵਿੱਚ ਆਪਣਾ ਵੋਟ ਬੈਂਕ ਘਟਣ ਨਹੀਂ ਦੇਣਾ ਚਾਹੁੰਦੀ। ਇਸ ਕਰਕੇ ਆਮ ਆਦਮੀ ਪਾਰਟੀ ਇਸ ਹਲਕੇ ’ਚ ਵਿਸ਼ੇਸ਼ ਧਿਆਨ ਦੇ ਕੇ ਚੋਣ ਪ੍ਰਚਾਰ ਕਰ ਰਹੀ ਹੈ। (Sangrur News)
ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿਛਲੇ ਦਿਨੀਂ ਧੂਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਵਾਇਆ ਗਿਆ ਸੀ ਪਰ ਸ਼ਾਮਲ ਹੋਣ ਤੋਂ ਬਾਅਦ ਸਾਬਕਾ ਵਿਧਾਇਕ ਕਦੇ ਵੀ ਧੂਰੀ ਦੇ ਲੋਕਲ ਆਪ ਆਗੂਆਂ ਨਾਲ ਇਕੱਠੇ ਦਿਖਾਈ ਨਹੀਂ ਦਿੱਤੇ। ਪਿਛਲੇਂ ਦਿਨੀਂ ਸੁਨਾਮ ’ਚ ਹੋਈ ਮੁੱਖ ਮੰਤਰੀ ਦੀ ਰੈਲੀ ਦੌਰਾਨ ਸਾਬਕਾ ਵਿਧਾਇਕ ਸਟੇਜ ’ਤੇ ਬੈਠੇ ਸਨ ਤੇ ਉਨ੍ਹਾਂ ਨੇ ਸਟੇਜ ਤੋਂ ਸੰਬੋਧਨ ਕੀਤਾ ਸੀ। (Sangrur News)
ਗੁਰਮੀਤ ਸਿੰਘ ਮੀਤ ਹੇਅਰ | Sangrur News
ਭਰੋਸੇਯੋਗ ਸੂਤਰਾਂ ਅਨੁਸਾਰ ਉਦੋਂ ਹੀ ਧੂਰੀ ਦੇ ਲੋਕਲ ਕੁਝ ਆਪ ਆਗੂ ਸਾਬਕਾ ਵਿਧਾਇਕ ਦੀ ਸਟੇਜ ’ਤੇ ਮੌਜ਼ੂਦਗੀ ਤੋਂ ਖਫਾ ਹੁੰਦੇ ਹੋਏ ਸਟੇਜ ਤੋਂ ਥੱਲੇ ਉੱਤਰ ਰੈਲੀ ਤੋਂ ਵਾਪਸ ਪਰਤ ਆਏ ਸਨ। ਉਨ੍ਹਾਂ ਵੱਲੋਂ ਇਸ ਸਬੰਧੀ ਪਾਰਟੀ ’ਚ ਅੰਦਰੂਨੀ ਤੌਰ ’ਤੇ ਇਤਰਾਜ ਵੀ ਜਤਾਇਆ ਗਿਆ ਸੀ। ਕਿਉਂਕਿ ਉਨ੍ਹਾਂ ਨੂੰ ਲੱਗਦਾ ਹੋਵੇਗਾ ਕਿ ਸਾਬਕਾ ਵਿਧਾਇਕ ਦੇ ਆਉਣ ਨਾਲ ਉਨ੍ਹਾਂ ਦੀ ਹੋਂਦ ਖਤਰੇ ’ਚ ਹੋ ਸਕਦੀ ਹੈ। ਭਾਵੇਂ ਕਿ ਉਸ ਤੋਂ ਬਾਅਦ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਧੂਰੀ ਤੇ ਹਲਕੇ ਦੇ ਪਿੰਡਾਂ ’ਚ ਚੋਣ ਪ੍ਰਚਾਰ ਕੀਤਾ ਗਿਆ ਪਰ ਕਦੇ ਵੀ ਸਾਬਕਾ ਵਿਧਾਇਕ ਉਮੀਦਵਾਰ ਨਾਲ ਨਜ਼ਰ ਨਹੀਂ ਆਏ ਤੇ ਨਾ ਹੀ ਉਨ੍ਹਾਂ ਵੱਲੋਂ ਕਦੇ ਕੋਈ ਜ਼ਿਕਰ ਕੀਤਾ ਗਿਆ।
ਸਾਬਕਾ ਵਿਧਾਇਕ ਵੱਲੋਂ ਪਿਛਲੇ ਦਿਨੀਂ ਆਪਣੇ ਨੇੜਲੇ ਹਮਾਇਤੀਆਂ ਦੀ ਆਪਣੇ ਘਰ ’ਚ ਇਕੱਤਰਤਾ ਕੀਤੀ ਗਈ ਸੀ। ਇਸ ਇਕੱਤਰਤਾ ਤੋਂ ਮੀਡੀਆ ਨੂੰ ਦੂਰ ਰੱਖਿਆ ਗਿਆ ਸੀ। ਪਰ ਲੋਕਾਂ ’ਚ ਇਹ ਚਰਚਾ ਰਹੀ ਕਿ ਸਾਬਕਾ ਵਿਧਾਇਕ ਇਸ ਇਕੱਤਰਤਾ ਦੌਰਾਨ ਘਰ ਵਾਪਸੀ ਕਰਨ ਦਾ ਫੈਸਲਾ ਲੈ ਸਕਦੇ ਹਨ। ਬੀਤੇ ਕੱਲ੍ਹ ਮੁੱਖ ਮੰਤਰੀ ਦੇ ਪਤਨੀ ਡਾ. ਗੁਰਪ੍ਰੀਤ ਸਿੰਘ ਵੀ ਚੋਣ ਪ੍ਰਚਾਰ ਕਰਨ ਲਈ ਧੂਰੀ ਸ਼ਹਿਰ ’ਚ ਆਏ ਸਨ ਉੱਥੇ ਵੀ ਸਾਬਕਾ ਵਿਧਾਇਕ ਦੀ ਗੈਰ ਹਾਜ਼ਰੀ ਲੋਕਾਂ ’ਚ ਚਰਚਾ ਦਾ ਵਿਸ਼ਾ ਰਹੀ।
ਸਾਬਕਾ ਵਿਧਾਇਕ ਦੇ ਕਰੀਬੀ ਨੇ ਕੀਤਾ ਪਾਰਟੀ ਉਮੀਦਵਾਰ ਦੇ ਹੱਕ ’ਚ ਪ੍ਰਚਾਰ ਦਾ ਦਾਅਵਾ
ਉਥੇ ਹੀ ਜਦੋਂ ਸਾਬਕਾ ਵਿਧਾਇਕ ਦੇ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਦੇ ਫੋਨ ਸੁਣਨ ਵਾਲੇ ਨੇ ਕਿਹਾ ਕਿ ਉਹ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਹਨ ਉਹਨਾਂ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਪਿੰਡਾਂ ’ਚ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਿੰਡ ਘਨੌਰੀ, ਕਾਤਰੋਂ ਤੇ ਫਰਵਾਹੀ ਵਿੱਚ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਹੈ। ਹੁਣ ਲੋਕਾਂ ’ਚ ਚੁੰਝ ਚਰਚਾ ਇਹ ਚੱਲ ਰਹੀ ਹੈ ਕੀ ਸਾਬਕਾ ਵਿਧਾਇਕ ਧੂਰੀ ਦੇ ਲੋਕਲ ਆਪ ਆਗੂਆਂ ਨਾਲ ਘਿਉ ਖਿਚੜੀ ਹੋ ਪਾਉਣਗੇ ਜਾਂ ਨਹੀਂ, ਕਿਉਂਕਿ ਹਮੇਸ਼ਾ ਹੀ ਸਾਬਕਾ ਵਿਧਾਇਕ ਤੇ ਲੋਕਲ ਆਪ ਆਗੂਆਂ ਦਰਮਿਆਨ 36 ਦਾ ਅੰਕੜਾ ਰਿਹਾ ਹੈ।