ਬੈਂਗਲੁਰੂ ਨੇ 222 ਦੇ ਜਵਾਬ ਵਿਚ 221 ਦੌੜਾਂ ਬਣਾਈਆਂ RCB Vs KKR
ਕੋਲਕਾਤਾ। IPL 2024 ਦੇ ਸਭ ਤੋ ਰੋਮਾਂਚਕ ਮੈਚ ’ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 1 ਦੌੜ ਨਾਲ ਹਰਾ ਦਿੱਤਾ। ਸਾਹ ਨੂੰ ਰੋਕ ਦੇਣ ਵਾਲੇ ਇਸ ਮੈਚ ’ਚ ਆਖਰੀ ਗੇਂਦ ਤੱਕ ਰੋਮਾਂਚ ਜਾਰੀ ਰਿਹਾ ਹੈ। ਇਸ ਜਿੱਤ ਨਾਲ ਕੋਲਕਾਤਾ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਆ ਗਿਆ ਹੈ। RCB Vs KKR ਈਡਨ ਗਾਰਡਨ ‘ਤੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੇਕੇਆਰ ਨੇ 222 ਦੌੜਾਂ ਬਣਾਈਆਂ। ਜਵਾਬ ‘ਚ ਆਰਸੀਬੀ ਨੂੰ ਆਖਰੀ ਓਵਰ ‘ਚ 21 ਦੌੜਾਂ ਅਤੇ ਆਖਰੀ ਗੇਂਦ ‘ਤੇ ਤਿੰਨ ਦੌੜਾਂ ਦੀ ਲੋੜ ਸੀ ਪਰ ਜਿੱਤ ਉਸ ਤੋਂ ਇਕ ਦੌੜ ਦੂਰ ਰਹੀ। ਆਰਸੀਬੀ ਲਈ ਵਿਲ ਜੈਕਸ ਨੇ 55 ਅਤੇ ਰਜਤ ਪਾਟੀਦਾਰ ਨੇ 52 ਦੌੜਾਂ ਦਾ ਯੋਗਦਾਨ ਪਾਇਆ। ਕੇਕੇਆਰ ਲਈ ਆਂਦਰੇ ਰਸਲ ਨੇ ਤਿੰਨ ਜਦਕਿ ਹਰਸ਼ਿਤ ਰਾਣਾ ਅਤੇ ਸੁਨੀਲ ਨਰਾਇਣ ਨੇ ਦੋ-ਦੋ ਵਿਕਟਾਂ ਲਈਆਂ। ਇਸ ਤਰ੍ਹਾਂ ਕੇਕੇਆਰ ਨੇ ਸੱਤ ਮੈਚਾਂ ਵਿੱਚ ਪੰਜਵੀਂ ਜਿੱਤ ਦਰਜ ਕੀਤੀ ਜਦੋਂਕਿ ਬੰਗਲੁਰੂ ਨੂੰ ਅੱਠ ਮੈਚਾਂ ਵਿੱਚ ਸੱਤਵੀਂ ਹਾਰ ਦਾ ਸਾਹਮਣਾ ਕਰਨਾ ਪਿਆ।
ਕੋਲਕਾਤਾ ਨਾਈਟ ਰਾਈਡਰਜ਼ ਨੇ 222 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ
ਈਡਨ ਗਾਰਡਨ ‘ਤੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੇਕੇਆਰ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। ਸ਼ਾਨਦਾਰ ਫਾਰਮ ਵਿੱਚ ਚੱਲ ਰਹੇ ਫਿਲ ਸਾਲਟ (14 ਗੇਂਦਾਂ ਵਿੱਚ 48 ਦੌੜਾਂ, ਸੱਤ ਚੌਕੇ ਅਤੇ ਤਿੰਨ ਛੱਕੇ) ਦੀ ਹਮਲਾਵਰ ਸ਼ੁਰੂਆਤ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ (36 ਗੇਂਦਾਂ ਵਿੱਚ 50 ਦੌੜਾਂ, ਸੱਤ ਚੌਕੇ ਅਤੇ ਇੱਕ ਛੱਕਾ) ਦੀ ਅਰਧ ਸੈਂਕੜੇ ਵਾਲੀ ਪਾਰੀ ਅਤੇ ਰਮਨਦੀਪ ਸਿੰਘ ਦੀ ਪਾਰੀ ਆਖਰੀ ਓਵਰਾਂ ‘ਚ 2 ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 24 ਦੌੜਾਂ ਦੀ ਅਜੇਤੂ ਪਾਰੀ ਦੀ ਮੱਦਦ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਆਰਸੀਬੀ ਦੇ ਸਾਹਮਣੇ ਛੇ ਵਿਕਟਾਂ ‘ਤੇ 222 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਆਂਦਰੇ ਰਸਲ 20 ਗੇਂਦਾਂ ਵਿੱਚ 27 ਦੌੜਾਂ ਬਣਾ ਕੇ ਨਾਬਾਦ ਰਿਹਾ।