ਰੱਖੇ ਰਖਾਏ ਰਹਿ ਗਏ ਨੀਂਹ ਪੱਥਰ | Malerkotla
- ਨਾ ਬਣਿਆ ਮੈਡੀਕਲ ਕਾਲਜ ਤੇ ਨਾ ਹੀ ਹਸਪਤਾਲ ’ਚ ਪੂਰੇ ਹੋਏ ਡਾਕਟਰ | Malerkotla
ਮਲੇਰਕੋਟਲਾ (ਗੁਰਤੇਜ ਜੋਸ਼ੀ)। ਇਲਾਕਾ ਵਾਸੀਆਂ ਖਾਸ ਕਰਕੇ ਰਿਆਸਤੀ ਤੇ ਨਵਾਬੀ ਸ਼ਹਿਰ ਮਲੇਰਕੋਟਲਾ (Malerkotla) ਲਈ 7 ਜੂਨ 2021 ਨੂੰ ਮੁਸਲਿਮ ਪਵਿੱਤਰ ਤਿਉਹਾਰ ਈਦ ਵਾਲੇ ਦਿਨ ਉਦਘਾਟਨੀ ਸਮਾਰੋਹ ਇਤਿਹਾਸਕ ਹੋ ਨਿੱਬੜਿਆ ਸੀ, ਜਦੋਂ ਉਸ ਮੌਕੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਲਰੇਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੇ ਸੁਫਨਿਆਂ ਨੂੰ ਹਕੀਕਤ ’ਚ ਬਦਲਦਿਆਂ ਮੈਡੀਕਲ ਕਾਲਜ ਤੇ ਲੜਕੀਆਂ ਦੇ ਕਾਲਜ ਸਮੇਤ ਬੱਸ ਸਟੈਂਡ ਤੇ ਹੋਰਨਾਂ ਪ੍ਰੋਜੈਕਟਾਂ ਦੇ ਵਰਚੂਅਲ ਤਰੀਕੇ ਨਾਲ ਨੀਂਹ ਪੱਥਰ ਵੀ ਰੱਖ ਦਿੱਤੇ ਸਨ।
ਮੁੱਖ ਮੰਤਰੀ ਨੇ ਉਸ ਵੇਲੇ ਆਪਣੇ ਸੰਬੋਧਨ ’ਚ ਕਿਹਾ ਸੀ ਕਿ ਮਲੇਰਕੋਟਲਾ ਜ਼ਿਲ੍ਹਾ ਬਣਨ ਨਾਲ ਹੁਣ ਲੋਕਾਂ ਦੇ ਕੰਮ ਇੱਥੇ ਹੀ ਹੋ ਜਾਇਆ ਕਰਨਗੇ, ਜਿਸ ਨਾਲ ਸਮੇਂ ਦੀ ਬੱਚਤ ਵੀ ਹੋਵੇਗੀ। ਪਰ ਜੇਕਰ ਦੇਖਿਆ ਜਾਵੇ, ਮਲੇਰਕੋਟਲਾ ਜ਼ਿਲ੍ਹਾ ਅਜੇ ਤਾਂ ਕਾਗਜ਼ਾਂ ਤੱਕ ਹੀ ਸੀਮਤ ਲੱਗ ਰਿਹਾ ਹੈ ਕਿਉਂਕਿ ਸ਼ਹਿਰ ਅੰਦਰ ਅਜੇ ਤੱਕ ਮਲੇਰਕੋਟਲਾ ਪ੍ਰਸ਼ਾਸਨ ਨੂੰ ਪੂਰੇ ਦਫ਼ਤਰ ਵੀ ਨਸੀਬ ਨਹੀਂ ਹੋਏ। ਡਿਪਟੀ ਕਮਿਸ਼ਨਰ ਦਫ਼ਤਰ, ਲੋਕ ਸੰਪਰਕ ਵਿਭਾਗ ਦਫਤਰ ਤੇ ਵਿਧਾਇਕ ਦਾ ਦਫਤਰ ਵੀ ਸਥਾਨਕ ਟਿਊਬਵੈੱਲ ਕਾਰਪੋਰੇਸ਼ਨ ਦੇ ਦਫ਼ਤਰ ’ਚ ਚਲਾਇਆ ਗਿਆ ਹੈ ਪਰ ਅਜੇ ਤੱਕ ਲੋਕਾਂ ਨੂੰ ਇਹੀ ਪਤਾ ਨਹੀਂ ਲੱਗ ਸਕਿਆ ਕਿ ਕਿਹੜਾ ਸਿਵਲ ਪ੍ਰਸ਼ਾਸਨ ਦਾ ਅਫਸਰ ਤੇ ਪੁਲਿਸ ਅਫ਼ਸਰ ਕਿਸ ਕਮਰੇ ’ਚ ਬੈਠਦਾ ਹੈ।
ਜੇਕਰ ਗੱਲ ਕਰੀਏ ਰੱਖੇ ਗਏ ਨੀਂਹ ਪੱਥਰਾਂ ਦੀ ਉਹ ਵੀ ਰੋਹੀ ਵਿੱਚ ਖੜ੍ਹੇ ਇਕੱਲੇ ਦਰੱਖਤ ਵਾਂਗ ਸਿਰਫ਼ ਇੱਕ ਪੱਥਰ ਹੀ ਬਣਕੇ ਰਹਿ ਗਏ ਹਨ। ਜ਼ਿਲ੍ਹੇ ਦੇ ਨਾਲ-ਨਾਲ ਮਲੇਰਕੋਟਲਾ ਨਿਵਾਸੀਆਂ ਨੂੰ 500 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾਣ ਵਾਲਾ ‘ਨਵਾਬ ਸ਼ੇਰ ਮੁਹੰਮਦ ਖਾਂ ਸਰਕਾਰੀ ਮੈਡੀਕਲ ਕਾਲਜ’, 10 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਣ ਵਾਲਾ ਨਵਾਂ ਬੱਸ ਅੱਡਾ ਆਦਿ ਕਿਸੇ ਵੀ ਜਗ੍ਹਾ ਉੱਪਰ ਕੋਈ ਵੀ ਕੰਮ ਸ਼ੁਰੂ ਨਹੀਂ ਹੋ ਸਕਿਆ। ਅਜੇ ਤੱਕ ਨਾ ਤਾਂ ਕੁੜੀਆ ਦਾ ਕਾਲਜ ਬਣ ਸਕਿਆ ਅਤੇ ਨਾ ਹੀ ਸਰਕਾਰੀ ਹਸਪਤਾਲ ’ਚ ਡਾਕਟਰ ਪੂਰੇ ਕੀਤੇ ਗਏ ਹਨ।
ਆਪ ਸਰਕਾਰ ਕੋਈ ਕੰਮ ਸ਼ੁਰੂ ਨਹੀਂ ਕਰਵਾ ਸਕੀ : ਰਜੀਆ ਸੁਲਤਾਨਾ
ਇਸ ਸਬੰਧੀ ਗੱਲਬਾਤ ਕਰਦਿਆਂ ਕਾਂਗਰਸ ਸਰਕਾਰ ’ਚ ਕੈਬਨਿਟ ਮੰਤਰੀ ਦੇ ਅਹੁਦੇ ’ਤੇ ਰਹੀ ਬੀਬੀ ਰਜੀਆ ਸੁਲਤਾਨਾ ਨੇ ਕਿਹਾ ਕਿ ਅਸੀਂ ਆਪਣੀ ਸਰਕਾਰ ਮੌਕੇ ਇਹ ਸਾਰੇ ਪ੍ਰੋਜੈਕਟ ਪਾਸ ਕਰਵਾਏ ਸਨ। ਇਨ੍ਹਾਂ ਵਿੱਚੋਂ ਮੈਡੀਕਲ ਕਾਲਜ ਬਣਾਉਣ ਲਈ ਰਾਸ਼ੀ ਦੀ ਪਹਿਲੀ ਕਿਸ਼ਤ ਵੀ ਜਾਰੀ ਹੋ ਚੁੱਕੀ ਸੀ ਪਰ ਆਪ ਸਰਕਾਰ ਅਜੇ ਤੱਕ ਕੋਈ ਵੀ ਕੰਮ ਸ਼ੁਰੂ ਨਹੀਂ ਕਰਵਾ ਸਕੀ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਲਈ ਜ਼ਮੀਨ ਵੀ ਪੰਜਾਬ ਵਕਫ ਬੋਰਡ ਵੱਲੋਂ ਦਿੱਤੀ ਗਈ ਸੀ, ਪਰ ਮੌਜ਼ੂਦਾ ਪੰਜਾਬ ਸਰਕਾਰ ਇਹ ਕਾਲਜ ਬਣਾਉਣ ਲਈ ਨਾਕਾਮ ਰਹੀ ਹੈ।
ਇਹ ਸਭ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ : ਵਿਧਾਇਕ ਜਮੀਲ
ਇਸ ਸਬੰਧੀ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਮੌਜ਼ੂਦਾ ਵਿਧਾਇਕ ਮਲੇਰਕੋਟਲਾ ਡਾ. ਜਮੀਲ-ਓਰ-ਰਹਿਮਾਨ ਨੇ ਕਿਹਾ ਕਿ ਇਹ ਸਾਰੀਆਂ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਹਨ। ਨੀਂਹ ਪੱਥਰ ਤਾਂ ਰੱਖ ਦਿੱਤੇ ਪਰ ਕੰਮ ਕਰਨ ਲਈ ਰਾਸ਼ੀ ਜਾਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੋ ਵੀ ਮਲੇਰਕੋਟਲਾ ਅੰਦਰ ਨੀਂਹ ਪੱਥਰ ਰੱਖੇ ਗਏ ਸਨ, ਉਸ ਜਗ੍ਹਾ ’ਤੇ ਜੋ ਵੀ ਰੁਕਾਵਟਾਂ ਹਨ, ਸਾਡੀ ਸਰਕਾਰ ਉਨ੍ਹਾਂ ਰੁਕਾਵਟਾਂ ਨੂੰ ਦੂਰ ਕਰਕੇ ਜਲਦ ਕੰਮ ਸ਼ੁਰੂ ਕਰਵਾਏਗੀ।
ਸ਼ਹਿਰ ਅੰਦਰ ਵਿਕਾਸ ਨਾਂਅ ਦੀ ਕੋਈ ਚੀਜ਼ ਹੀ ਨਹੀਂ : ਅਮਨ ਥਾਪਰ
ਸ਼ਹਿਰ ਦੇ ਵਿਕਾਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਭਾਜਪਾ ਮੰਡਲ ਮਲੇਰਕੋਟਲਾ ਨੇ ਕਿਹਾ ਕਿ ਸ਼ਹਿਰ ਅੰਦਰ ਵਿਕਾਸ ਨਾਂਅ ਦੀ ਕੋਈ ਚੀਜ਼ ਹੀ ਨਹੀਂ ਹੈ ਇਹ ਕਾਂਗਰਸੀ ਜੋ ਮੈਡੀਕਲ ਕਾਲਜ ਦੀਆਂ ਗੱਲਾਂ ਕਰਦੇ ਹਨ, ਉਹ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਹੈ ਮਲੇਰਕੋਟਲਾ ਦੀ ਕਾਂਗਰਸੀ ਵਿਧਾਇਕਾ ਵੱਲੋਂ ਨੀਂਹ ਪੱਥਰ ਰਖਵਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਹੈ, ਅਜੇ ਤੱਕ ਕਿਤੇ ਵੀ ਕੋਈ ਕੰਮ ਨਹੀਂ ਚੱਲਿਆ।
ਮਲੇਰਕੋਟਲਾ ਜ਼ਿਲ੍ਹਾ ਕਾਗਜ਼ਾਂ ਤੱਕ ਹੀ ਸੀਮਤ : ਕਾਮਰੇਡ ਸਤਾਰ
ਇਸ ਸਬੰਧੀ ਸੀਪੀਆਈਐੱਮ ਦੇ ਆਗੂ ਕਾਮਰੇਡ ਅਬਦੁਲ ਸਤਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਲੇਰਕੋਟਲਾ ਨੂੰ ਪੰਜਾਬ ਸਰਕਾਰ ਨੇ ਜ਼ਿਲ੍ਹਾ ਤਾਂ ਬਣਾ ਦਿੱਤਾ ਹੈ, ਅਸੀਂ ਇਸ ਦਾ ਸੁਆਗਤ ਕਰਦੇ ਹਾਂ, ਪਰ ਇਹ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਿਆ ਹੈ ਕਿਉਂਕਿ ਇਥੇ ਜੋ ਮੈਡੀਕਲ ਕਾਲਜ, ਗਰਲਜ਼ ਕਾਲਜ ਅਤੇ ਬੱਸ ਸਟੈਂਡ ਆਦਿ ਦੇ ਜੋ ਨੀਂਹ ਪੱਥਰ ਰੱਖੇ ਸਨ, ਕਰੀਬ ਦੋ ਸਾਲ ਬੀਤ ਜਾਣ ’ਤੇ ਵੀ ਅਜੇ ਕਿਤੇ ਕੋਈ ਕੰਮ ਸ਼ੁਰੂ ਨਹੀਂ ਹੋਇਆ।
Also Read : Weather Update : ਮੌਸਮ ਵਿਭਾਗ ਦਾ ਨਵਾਂ ਅਲਰਟ ਜਾਰੀ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ