ਪੁਲਿਸ ਨੇ ਟਰੱਕ ਵੀ ਲਿਆ ਕਬਜੇ ‘ਚ | Bathinda Police
ਬਠਿੰਡਾ (ਸੁਖਜੀਤ ਮਾਨ)। ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਬਠਿੰਡਾ ਦੇ ਸੀ.ਆਈ.ਏ. ਸਟਾਫ-2, ਬਠਿੰਡਾ (Bathinda Police) ਨੂੰ ਉਸ ਸਮੇ ਸਫਲਤਾ ਮਿਲੀ ਜਦੋ ਮੁੱਖਬਰੀ ਦੇ ਅਧਾਰ ਤੇ ਰਿੰਗ ਰੋਡ ਬਠਿੰਡਾ ‘ਤੇ ਇੱਕ ਟਰੱਕ ਦੀ ਸ਼ੱਕ ਦੇ ਅਧਾਰ ‘ਤੇ ਚੈਕਿੰਗ ਕਰਨ ‘ਤੇ 2 ਵਿਅਕਤੀਆਂ ਨੂੰ ਕਾਬੂ ਕਰਕੇ ਟਰੱਕ ਵਿੱਚੋਂ 110 ਗੱਟੇ ਭੁੱਕੀ ਚੂਰਾ ਪੋਸਤ (22 ਕੁਇੰਟਲ) ਬਰਾਮਦ ਕੀਤਾ ।
ਐਸਐਸਪੀ ਬਠਿੰਡਾ ਹਰਮਨਬੀਰ ਸਿੰਘ ਗਿੱਲ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ ਸਟਾਫ-2 ਦੀ ਟੀਮ ਨੂੰ ਮੁਖਬਰੀ ਦੇ ਅਧਾਰ ‘ਤੇ ਇੱਕ ਟਰੱਕ (ਪੀ.ਬੀ 10 ਜੀ.ਐੱਕਸ 9648) ਨੂੰ ਰਿੰਗ ਰੋਡ ਬਠਿੰਡਾ ‘ਤੇ ਚੈੱਕ ਕਰਕੇ ਟਰੱਕ ਵਿੱਚੋਂ 110 ਗੱਟੇ ਭੁੱਕੀ ਚੂਰਾ ਪੋਸਤ (22 ਕੁਇੰਟਲ) ਬਰਾਮਦ ਕਰਕੇ ਮੁਲਜ਼ਮ ਸੁਖਦੇਵ ਸਿੰਘ ਪੁੱਤਰ ਜੀਤ ਸਿੰਘ ਪਿੰਡ ਰਾਉਕੇ ਕਲਾਂ ਜਿਲ੍ਹਾ ਮੋਗਾ, ਸੁਰਜੀਤ ਸਿੰਘ ਪੁੱਤਰ ਬਖਤੌਰ ਸਿੰਘ ਪਿੰਡ ਧੌਲਾਂ ਜਿਲ੍ਹਾ ਲੁਧਿਆਣਾ ਨੂੰ ਟਰੱਕ ਸਮੇਤ ਗ੍ਰਿਫਤਾਰ ਕਰ ਲਿਆ।
ਮੁਲਜਮਾਂ ਖਿਲਾਫ਼ ਥਾਣਾ ਕੈਨਾਲ ਕਲੋਨੀ ਵਿਖੇ ਮੁੱਕਦਮਾ ਨੰਬਰ 10 ਅਧੀਨ ਧਾਰਾ 15,29 ਸੀ/61/85 ਐੱਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਮੁਲਜ਼ਮ ਸੁਖਦੇਵ ਸਿੰਘ ਅਤੇ ਸੁਰਜੀਤ ਸਿੰਘ ਕੋਟਾ ਸ਼ਹਿਰ (ਰਾਜਸਥਾਨ) ਤੋਂ ਇਹ ਭੁੱਕੀ ਚੂਰਾ ਪੋਸਤ ਲੈ ਕੇ ਆਏ ਸਨ। ਮੁਲਜਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਹਨਾਂ ਦੇ ਹੋਰ ਲਿੰਕਾਂ ਦਾ ਪਤਾ ਲਾਇਆ ਜਾ ਸਕੇ ।
ਪਹਿਲਾਂ ਵੀ ਦਰਜ਼ ਹਨ ਮੁਲਜਮਾਂ ਖਿਲਾਫ਼ ਮੁਕੱਦਮੇ | Bathinda Police
ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੁਲਜਮਾਂ ਖਿਲਾਫ਼ ਪਹਿਲਾਂ ਵੀ ਮੁਕੱਦਮੇ ਦਰਜ਼ ਹਨ । ਉਹਨਾਂ ਦੱਸਿਆ ਕਿ ਸੁਖਦੇਵ ਸਿੰਘ 100 ਗਰਾਮ ਹੈਰੋਇਨ ਦੇ ਮਾਮਲੇ ਵਿੱਚ ਡੇਢ ਸਾਲ ਸਜਾ ਕੱਟਣ ਤੋਂ ਬਾਅਦ 2018 ਵਿੱਚ ਫਰੀਦਕੋਟ ਜੇਲ ਵਿੱਚੋਂ ਬਾਹਰ ਆਇਆ ਹੈ। ਇਸ ਤੋਂ ਇਲਾਵਾ ਸੁਰਜੀਤ ਸਿੰਘ ਖਿਲਾਫ਼ ਧਾਰਾ 323,331 ਤਹਿਤ ਥਾਣਾ ਸਦਰ ਜਗਰਾਓ ਜਿਲ੍ਹਾ ਲੁਧਿਆਣਾ ਵਿਖੇ ਮੁਕੱਦਮਾ ਦਰਜ਼ ਹੈ ।