ਕੇਂਦਰੀ ਮੰਤਰੀ ਮਨਸੁੱਖ ਮਾਂਡਵੀਆ ਨਾਲ ਸਟੇਜ ਕੀਤੀ ਸਾਂਝੀ (Parliamentarian Parneet Kaur)
(ਖੁਸਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ (Parliamentarian Parneet Kaur) ਅੱਜ ਸਿੱਧੇ ਤੌਰ ’ਤੇ ਹੀ ਭਾਜਪਾ ਦੇ ਪ੍ਰੋਗਰਾਮ ਵਿੱਚ ਸ਼ਾਮਲ ਰਹੇ ਅਤੇ ਭਾਜਪਾ ਆਗੂਆਂ ਨਾਲ ਸਟੇਜ ਵੀ ਸਾਂਝੀ ਕੀਤੀ। ਉਂਜ ਪਹਿਲਾਂ ਪਰਨੀਤ ਕੌਰ ਅੰਦਰੂਨੀ ਤੌਰ ’ਤੇ ਹੀ ਭਾਜਪਾ ਨਾਲ ਵਿਚਰਦੇ ਦਿਖਾਈ ਦਿੰਦੇ ਸਨ । ਮੌਜ਼ੂਦਾ ਸਮੇਂ ਪਰਨੀਤ ਕੌਰ ਦਾ ਪੂਰਾ ਪਰਿਵਾਰ ਭਾਜਪਾ ਦੇ ਰੰਗ ਵਿੱਚ ਰੰਗਿਆ ਹੋਇਆ ਹੈ।
ਜਾਣਕਾਰੀ ਅਨੁਸਾਰ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤਹਿਤ ਵਿਕਸਿਤ ਭਾਰਤ ਸੰਕਲਪ ਯਾਤਰਾ ਸਬੰਧੀ ਹਲਕਾ ਸਨੌਰ ਦੇ ਡਕਾਲਾ ਵਿੱਚ ਵੱਡਾ ਸਮਾਗਮ ਕਰਵਾਇਆ ਗਿਆ ਸੀ ਜਿਸ ਵਿੱਚ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵਿਸੇਸ ਤੌਰ ’ਤੇ ਪੁੱਜੇ ਸਨ। ਇਸ ਮੌਕੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਕੇਂਦਰੀ ਸਿਹਤ ਮੰਤਰੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇੰਝ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਉਹ ਭਾਰਤੀ ਜਨਤਾ ਪਾਰਟੀ ਦੇ ਹੀ ਮੈਂਬਰ ਪਾਰਲੀਮੈਂਟ ਹੋਣ। ਸਮਾਗਮ ਦੌਰਾਨ ਉਨ੍ਹਾਂ ਵੱਲੋਂ ਸਟੇਜ ’ਤੇ ਸੰਬੋਧਨ ਵੀ ਕੀਤਾ ਗਿਆ ਅਤੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਦੀ ਰੱਜ ਕੇ ਸ਼ਲਾਘਾ ਕੀਤੀ ਗਈ।
ਮੈਂਬਰ ਪਾਰਲੀਮੈਂਟ ਪਰਨੀਤ ਕੌਰ ਭਾਵੇਂ ਕਾਂਗਰਸ ਪਾਰਟੀ ਤੋਂ ਮੈਂਬਰ ਪਾਰਲੀਮੈਂਟ ਜਿੱਤੇ ਹੋਏ ਹਨ ਪਰ ਉਹ ਲਗਭਗ ਦੋ ਸਾਲਾਂ ਤੋਂ ਕਾਂਗਰਸ ਪਾਰਟੀ ਤੋਂ ਦੂਰ ਹਨ ਅਤੇ ਕਾਂਗਰਸ ਪਾਰਟੀ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਏ। ਇਥੋਂ ਤੱਕ ਕਿ ਵਿਧਾਨ ਸਭਾ ਚੋਣਾਂ ਵਿੱਚ ਵੀ ਉਨਾਂ ਵੱਲੋਂ ਕਾਂਗਰਸ ਪਾਰਟੀ ਦੀ ਥਾਂ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਲਈ ਪ੍ਰਚਾਰ ਕੀਤਾ ਗਿਆ। ਕਾਂਗਰਸ ਪਾਰਟੀ ਵੱਲੋਂ ਪਰਨੀਤ ਕੌਰ ਖਿਲਾਫ ਕਿਸੇ ਵੀ ਪ੍ਰਕਾਰ ਦਾ ਸਖਤ ਐਕਸ਼ਨ ਨਹੀਂ ਲਿਆ ਗਿਆ ਅਤੇ ਸਿਰਫ ਨੋਟਿਸ ਭੇਜ ਕੇ ਹੀ ਬੁੱਤਾ ਸਾਰਿਆ ਗਿਆ। ਲੋਕ ਸਭਾ ਚੋਣਾਂ ਵਿੱਚ ਕੁਝ ਮਹੀਨਿਆਂ ਦਾ ਸਮਾਂ ਹੀ ਰਹਿ ਗਿਆ ਹੈ ਅਤੇ ਹੁਣ ਪਰਨੀਤ ਕੌਰ ਵੱਲੋਂ ਸਿੱਧੇ ਤੌਰ ’ਤੇ ਹੀ ਭਾਜਪਾ ਨਾਲ ਆਪਣਾ ਸੰਪਰਕ ਸਾਧ ਲਿਆ ਹੈ।
ਇਹ ਵੀ ਪੜ੍ਹੋ : ‘ਆਪ’ ਵਿਧਾਇਕ ਨੂੰ ਅੱਠ ਸਾਲਾਂ ਬਾਅਦ ਅਦਾਲਤ ਤੋਂ ਮਿਲੀ ਰਾਹਤ
ਸੂਤਰਾਂ ਦਾ ਕਹਿਣਾ ਹੈ ਕਿ ਪਰਨੀਤ ਕੌਰ (Parliamentarian Parneet Kaur) ਹੁਣ ਸਿੱਧੇ ਤੌਰ ’ਤੇ ਭਾਜਪਾ ਨਾਲ ਹੀ ਜੁੜ ਜਾਣਗੇ ਅਤੇ ਚਰਚਾ ਇਹ ਵੀ ਹੈ ਕਿ ਉਹ ਭਾਜਪਾ ਵੱਲੋਂ ਹੀ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਮੈਂਬਰ ਪਾਰਲੀਮੈਂਟ ਦੀ ਚੋਣ ਦਾ ਚਿਹਰਾ ਹੋਣਗੇ। ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਕੇਂਦਰੀ ਕੋਰ ਕਮੇਟੀ ਦੇ ਮੈਂਬਰ ਹਨ ਜਦਕਿ ਉਨ੍ਹਾਂ ਦੀ ਪੁੱਤਰੀ ਬੀਬਾ ਜੈ ਇੰਦਰ ਕੌਰ ਪੰਜਾਬ ਦੀ ਮਹਿਲਾ ਮੋਰਚਾ ਦੇ ਸੂਬਾ ਪ੍ਰਧਾਨ ਹਨ।
ਟਿਕਟਾਂ ਦੇਣਾ ਪਾਰਟੀਆਂ ਦਾ ਕੰਮ: ਪਰਨੀਤ ਕੌਰ
ਇਸ ਦੌਰਾਨ ਜਦੋਂ ਪੱਤਰਕਾਰਾਂ ਵੱਲੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੂੰ ਲੋਕ ਸਭਾ ਚੋਣਾਂ ਲੜਨ ਸਬੰਧੀ ਪੁੱਛਿਆ ਗਿਆ ਕਿ ਉਹ ਕਿਸ ਪਾਰਟੀ ਤੋਂ ਉਮੀਦਵਾਰ ਹੋਣਗੇ ਤਾਂ ਉਨ੍ਹਾਂ ਸਪੱਸ਼ਟ ਜਵਾਬ ਦੇਣ ਦੀ ਥਾਂ ਆਖਿਆ ਕਿ ਇਕ ਲੀਡਰ ਚੋਣ ਲੜਨ ਲਈ ਹਮੇਸ਼ਾ ਤਿਆਰ ਹੁੰਦਾ। ਉਹਨਾਂ ਕਿਹਾ ਕਿ ਟਿਕਟ ਸਬੰਧੀ ਪਾਰਟੀਆਂ ਨੇ ਦੇਖਣਾ ਹੁੰਦਾ ਕਿ ਕਿਸ ਨੂੰ ਦੇਣੀ ਹੈ।