ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲਾ ਲੁਧਿਆਣਾ ਦੀ ਪੁਲਿਸ ਨੇ ਕੇਂਦਰੀ ਜੇਲ ਅੰਦਰੋਂ ਤਲਾਸ਼ੀ ਮੁਹਿੰਮ ਦੌਰਾਨ ਮੋਬਾਇਲ ਬਰਾਮਦ ਹੋਣ ’ਤੇ 5 ਹਵਾਲਾਤੀਆਂ ਵਿਰੁੱਧ ਮਾਮਲੇ ਦਰਜ਼ ਕੀਤੇ ਗਏ ਹਨ। ਥਾਣਾ ਡਵੀਜਨ ਨੰਬਰ 7 ਦੇ ਤਫ਼ਤੀਸੀ ਅਫ਼ਸਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਹਰਬੰਸ ਸਿੰਘ ਸੁਪਰਡੈਂਡ ਕੇਂਦਰੀ ਜੇਲ ਲੁਧਿਆਣਾ ਵੱਲੋਂ ਮੌਸੂਲ ਹੋਇਆ ਕਿ 25 ਨਵੰਬਰ ਨੂੰ ਚੈਕਿੰਗ ਦੌਰਾਨ ਸਰਵਣ ਸਿੰਘ ਉਰਫ਼ ਗੱਬਰ ਸਿੰਘ ਪਾਸੋਂ 1 ਕੀਪੈਡ ਮੋਬਾਇਲ ਬਰਾਮਦ ਹੋਇਆ। (Violating Jail Rules)
ਇਸੇ ਤਰਾਂ 27 ਨਵੰਬਰ ਨੂੰ ਤਲਾਸ਼ੀ ਮੁਹਿੰਮ ਦੌਰਾਨ ਗੁਰਪ੍ਰੀਤ ਸਿੰਘ ਉਰਫ਼ ਗੋਪੀ ਕੋਲੋਂ 1 ਕੀਪੈਡ ਮੋਬਾਇਲ ਮਿਲਿਆ ਹੈ ਜੋ ਕਿ ਵਰਜਿਤ ਹੈ। ਉਨਾਂ ਅੱਗੇ ਦੱਸਿਆ ਕਿ ਸੁਰਿੰਦਰਪਾਲ ਸਿੰਘ ਸੁਪਰਡੈਂਟ ਕੇਂਦਰੀ ਜੇਲ ਵੱਲੋਂ ਮੌਸੂਲ ਹੋਇਆ ਕਿ 27 ਨਵੰਬਰ ਤੇ 28 ਨਵੰਬਰ ਨੂੰ ਜੇਲ ਬੈਰਕਾਂ ਦੀ ਤਲਾਸੀ ਦੌਰਾਨ ਕ੍ਰਮਵਾਰ ਰਵਿੰਦਰਪਾਲ ਸਿੰਘ ਉਰਫ਼ ਵਿੱਕੀ, ਪੰਕਜ ਕੁਮਾਰ ਉਰਫ਼ ਸੋਨੀ ਤੇ ਜਸਵੀਰ ਸਿੰਘ ਉਰਫ਼ ਜੱਸੀ ਦੇ ਕਬਜੇ ’ਚੋਂ 1-1-1 ਕੀਪੈਡ ਬਰਾਮਦ ਹੋਇਆ ਹੈ ਜੋ ਕਿ ਜੇਲ ਨਿਯਮਾਂ ਦੀ ਉਲੰਘਣਾ ਹੈ। ਸਹਾਇਕ ਥਾਣੇਦਾਰ ਗੁਰਦਿਆਲ ਸਿੰਘ ਦਾ ਕਹਿਣਾ ਹੈ ਕਿ ਜੇਲ ਅਧਿਕਾਰੀਆਂ ਦੇ ਮੌਸੂਲ ’ਤੇ ਉਕਤ 5 ਹਵਾਲਾਤੀਆਂ ਵਿਰੁੱਧ ਜੇਲ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮਾਮਲੇ ਦਰਜ਼ ਕੀਤੇ ਗਏ ਹਨ।