(ਸੁਸ਼ੀਲ ਕੁਮਾਰ) ਭਾਦਸੋਂ। ਪੁਰਾਤਨ ਸਮਿਆਂ ਵਿੱਚ ਮਿੱਟੀ ਦਾ ਦੀਵਾ ਨਾ ਕੇਵਲ ਦਿਵਾਲੀ ਮੌਕੇ ਸਗੋਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਰਾਤਾਂ ਨੂੰ ਰੋਸ਼ਨੀਆਂ ਕਰਨ ਲਈ ਮੁੱਖ ਸਰੋਤ ਮੰਨਿਆ ਜਾਂਦਾ ਸੀ। ਕਿਸੇ ਸਮੇਂ ਦਿਵਾਲੀ ਦਾ ਕੇਂਦਰ ਬਿੰਦੂ ਰਹਿਣ ਵਾਲਾ ਮਿੱਟੀ ਦਾ ਦੀਵਾ ਭਾਵੇਂ ਹੁਣ ਲਗਾਤਾਰ ਹੀ ਹਾਸ਼ੀਏ ਵੱਲ ਧੱਕਿਆ ਜਾ ਰਿਹਾ ਹੈ ਅਤੇ ਬਿਜਲੀ ਲੜੀਆਂ, ਦੀਵਿਆਂ ਦੀ ਆਮਦ ਨਾਲ ਸ਼ਹਿਰਾਂ ਅੰਦਰ ਮਿੱਟੀ ਦੇ ਦੀਵਿਆਂ ਦੀ ਮੰਗ ਤੇਜ਼ੀ ਨਾਲ ਘੱਟ ਰਹੀ ਹੈ, ਪਰ ਹੁਣ ਵੀ ਪਿੰਡਾਂ ਦੇ ਜ਼ਿਆਦਾਤਰ ਲੋਕਾਂ ਵਿੱਚ ਰਵਾਇਤੀ ਮਿੱਟੀ ਦੇ ਦੀਵਿਆਂ ਦੀ ਖਰੀਦਦਾਰੀ ਕਰਨ ਵਿੱਚ ਉਤਸ਼ਾਹ ਨਜ਼ਰ ਆ ਰਿਹਾ ਹੈ। ਸਿਆਣੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਅਗਰ ਅਪਣੀ ਮਿੱਟੀ ਨਾਲ ਜੁੜੇ ਰਹਿਣਾ ਹੈ ਤਾਂ ਸਾਨੂੰ ਆਪਣੀ ਮਿੱਟੀ ਦੇ ਬਣੇ ਦੀਵਿਆਂ ਅਤੇ ਭਾਂਡਿਆਂ ਨੂੰ ਵਰਤਣਾ ਚਾਹੀਦਾ ਹੈ। (Clay Lamps )
ਇਹ ਵੀ ਪੜ੍ਹੋ : ਚੇਤਨ ਸਿੰਘ ਜੌੜਾਮਾਜਰਾ ਨੇ ਦਿੱਤਾ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਦਾ ਸੱਦਾ
ਰੇਹੜੀ ਵਿਚ ਮਿੱਟੀ ਦੇ ਬਣੇ ਦੀਵਿਆਂ ਅਤੇ ਭਾਂਡਿਆਂ ਨੂੰ ਰੱਖਕੇ ਘਰਾਂ ਵਿਚ ਵੰਡਣ ਵਾਲੇ ਸ੍ਰੀ ਫ਼ਕੀਰ ਮੁਹੰਮਦ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਉਹ ਆਪਣੇ ਮਾਮੇ/ ਪਿਤਾ ਪੁਰਖੀ ਕਿੱਤੇ ਨੂੰ ਅੱਗੇ ਤੋਰਦੇ ਹੋਏ ਹਰ ਸਾਲ ਦੀਵੇ ਬਣਾ ਕੇ ਦੀਵਾਲੀ ਤੋਂ ਪਹਿਲਾਂ ਆਪਣੀ ਪਤਨੀ ਰਾਂਣੀ ਨਾਲ ਲੋਕਾਂ ਦੇ ਘਰਾਂ ਵਿਚ ਵੰਡਣ ਦਾ ਕੰਮ ਕਰਦੇ ਹਨ ਅਤੇ ਵਰਤਾਂ ਦੇ ਸਮੇਂ ਕਰੂਏ ਯਾਨੀ ਕੁੱਜੀਆਂ ਆਦਿ ਵੀ ਘਰਾਂ ਵਿਚ ਫੇਰਦੇ ਹਾਂ ।
ਉਨ੍ਹਾਂ ਕਿਹਾ ਕਿ ਅੱਜ ਵੀ ਲੋਕਾਂ ਵਿਚ ਮੁੜ ਮਿੱਟੀ ਦੇ ਬਣਾਏ ਦੀਵਿਆਂ ਦਾ ਰੁਝਾਨ ਵੱਧ ਰਿਹਾ ਹੈ, ਕਿਉਕਿ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਦੇ ਬਣਾਏ ਮਿੱਟੀ ਦੇ ਦੀਵਿਆਂ ਤੋਂ ਪਿਆਰ ਅਤੇ ਆਪਸੀ ਸਾਂਝ ਦੀ ਝਲਕ ਪੈਂਦੀ ਹੈ ਜੋ ਬਾਜ਼ਾਰੋਂ ਖਰੀਦੀਆਂ ਲੜੀਆਂ ’ਚੋਂ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਸਾਰੀ ਸਾਰੀ ਰਾਤ ਕੰਮ ਕਰ ਕੇ ਆਪਣੀ ਕਲਾ ਰਾਹੀਂ ਬਣਾਏ ਘਰੂੰਡੀਆਂ, ਕਰੂਏ, ਮਿਸਾਲਾ, ਦੀਵਿਆਂ ਆਦਿ ਨੂੰ ਲੋਕ ਪੈਸੇ ਦੇ ਕੇ ਬੜ੍ਹੇ ਚਾਅ ਨਾਲ ਲੈਂਦੇ ਹਨ ਅਤੇ ਲੋਕ ਸ਼ਗਨ ਵਜੋਂ ਘਰਾਂ ਵਿਚੋਂ ਕਣਕ ਦਾਣੇ ਪਾਉਦੇ ਹਨ, ਜੋ ਸਾਡੀ ਆਰਥਿਕ ਮੱਦਦ ਹੁੰਦੀ ਹੈ ਅਤੇ ਪੂਰੇ ਸਾਲ ਭਰ ਦੀ ਰੋਜ਼ੀ ਰੋਟੀ ਦਾ ਸਾਧਨ ਵੀ ਹੁੰਦਾ ਹੈ। (Clay Lamps )