ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਸ਼ਰਾਬ ਨੀਤੀ ਕੇਸ ’ਚ ਪੁੱਛਗਿੱਛ ਲਈ ਅੱਜ ਜਾਂਚ ਏਜੰਸੀ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਇਸ ਦੇ ਬਦਲੇ ਕੇਜਰੀਵਾਲ ਨੇ ਈਡੀ ਨੂੰ ਇੱਕ ਪੱਤਰ ਭੇਜ ਕੇ ਸੰਮਨ ਨੂੰ ਵਾਪਸ ਲੈਣ ਨੂੰ ਕਿਹਾ। ਨਾਲ ਹੀ ਕੇਜਰੀਵਾਲ ਨੇ ਜਾਂਚ ਏਜੰਸੀ ਨੂੰ ਸਵਾਲ ਕੀਤਾ ਕਿ ਤੁਸੀਂ ਸੰਮਨ ’ਚ ਇਹ ਨਹੀਂ ਦੱਸਿਆ ਕਿ ਮੈਂ ਸ਼ੱਕੀ ਹਾਂ ਜਾਂ ਗਵਾਹ।
ਈਡੀ ਨੇ 30 ਅਕਤੂਬਰ ਨੂੰ ਕੇਜਰੀਵਾਲ (Arvind Kejriwal) ਨੂੰ ਪੁੱਛਗਿੱਛ ਲਈ ਆਉਣ ਦਾ ਸੰਮਨ ਭੇਜਿਆ ਸੀ। ਇਸ ਨੂੰ ਲੈ ਕੇ ਅੱਜ ਸਵੇਰੇ ਕਰੀਬ 9 ਵਜੇ ਕੇਜਰੀਵਾਲ ਨੇ ਈਡੀ ਨੂੰ ਜਵਾਬ ਭੇਜਿਆ ਸੀ ਕਿ ਇਹ ਨੋਟਿਸ ਗੈਰ ਕਾਨੂੰਨੀ ਤੇ ਰਾਜਨੀਤੀ ਤੋਂ ਪ੍ਰੇਰਿਤ ਹੈ। ਈਡੀ ਦੇ ਸੂਤਰਾਂ ਮੁਤਾਬਿਕ ਜਾਂਚ ਏਜੰਸੀ ਕੇਜਰੀਵਾਲ ਨੂੰ ਨਵਾਂ ਸੰਮਨ ਜਾਰੀ ਕਰ ਸਕਦੀ ਹੈ। ਵੀਰਵਾਰ ਨੂੰ ਈਡੀ ਦਫ਼ਤਰ ਨਾ ਜਾ ਕੇ ਦਿੱਲੀ ਸੀਐੱਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੱਧ ਪ੍ਰਦੇਸ਼ ਦੇ ਸਿੰਗਰੌਲੀ ’ਚ ਰੈਲੀ ਕਰਨਗੇ।
ਕੀ ਮੈਂ ਗਵਾਹ ਹਾਂ ਜਾਂ ਸ਼ੱਕੀ : Arvind Kejriwal
ਈਡੀ ਦੇ ਅਸਿਸਟੈਂਟ ਡਾਇਰੈਕਟਰ ਨੂੰ ਭੇਜੇ ਆਪਣੇ ਲੈਟਰ ’ਚ ਕੇਜਰੀਵਾਲ ਨੇ ਲਿਖਿਆ, ਸੰਮਨ ਤੋਂ ਇਹ ਕਲੀਅਰ ਨਹੀਂ ਹੈ ਕਿ ਮੈਨੂੰ ਕਿਸ ਹੈਸੀਅਤ ਨਾਲ ਬੁਲਾਇਆ ਜਾ ਰਿਹਾ ਹੈ ਭਾਵ ਇਸ ਮਾਮਲੇ ’ਚ ਮੈਨੂੰ ਤੁਸੀਂ ਗਵਾਹ ਮੰਨ ਰਹੇ ਹੋ ਜਾਂ ਸ਼ੱਕੀ। ਤੁਸੀਂ ਮੈਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਤੌਰ ’ਤੇ ਬੁਲਾ ਰਹੇ ਹੋ ਜਾਂ ਆਮ ਆਦਮੀ ਪਾਰਟੀ ਦੇ ਸੰਯੋਜਕ ਦੇ ਰੂਪ ’ਚ। ਅਜਿਹਾ ਲੱਗ ਰਿਹਾ ਹੈ ਕਿ ਇਹ ਮੱਛੀ ਫੜਨ ਲਈ ਵਿਛਾਏ ਜਾਲ ਵਾਂਗ ਹੈ।