ਜ਼ਿਆਦਾਤਰ ਵਿਧਾਇਕਾਂ ਦਾ ਤਰਕ, ਜਦੋਂ ਸੈਸ਼ਨ ਹੀ ਗੈਰ ਕਾਨੂੰਨੀ ਤਾਂ ਕਿਉਂ ਲਈਏ ਭਾਗ | Congress
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦੇ 2 ਦਿਨਾਂ ਸੈਸ਼ਨ ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕ ਭਾਗ ਲੈਣਗੇ ਜਾਂ ਫਿਰ ਨਹੀਂ, ਇਸ ਨੂੰ ਲੈ ਕੇ ਹੀ ਕਾਂਗਰਸੀ ਵਿਧਾਇਕ ਇੱਕ ਮਤ ਨਹੀਂ ਹਨ, ਜਿਸ ਕਾਰਨ ਵੀਰਵਾਰ ਨੂੰ ਚੰਡੀਗੜ੍ਹ ਹੋਣ ਵਾਲੀ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਆਖਰੀ ਫੈਸਲਾ ਲਿਆ ਜਾਵੇਗਾ ਕਿ ਇਸ ਸੈਸ਼ਨ ਵਿੱਚ ਭਾਗ ਲਿਆ ਜਾਵੇ ਜਾਂ ਫਿਰ ਇਸ ਤੋਂ ਦੂਰੀ ਬਣਾ ਲਈ ਜਾਵੇ। (Congress)
ਕਾਂਗਰਸ ਪਾਰਟੀ ਦੇ ਕੁਝ ਵਿਧਾਇਕਾਂ ਦਾ ਤਰਕ ਹੈ ਕਿ ਜਦੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਹੀ ਇਸ ਸੈਸ਼ਨ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਗਿਆ ਹੈ ਤਾਂ ਉਨ੍ਹਾਂ ਨੂੰ ਇਸ ਸੈਸ਼ਨ ਵਿੱਚ ਭਾਗ ਨਹੀਂ ਲੈਣਾ ਚਾਹੀਦਾ ਹੈ ਤਾਂ ਕੁਝ ਵਿਧਾਇਕਾਂ ਦਾ ਤਰਕ ਹੈ ਕਿ ਸਰਕਾਰ ਹਰ ਹਾਲਤ ਵਿੱਚ ਇਹ ਸੈਸ਼ਨ ਕਰੇਗੀ ਤਾਂ ਬਾਹਰ ਬੈਠਣ ਦੀ ਥਾਂ ਸਦਨ ਵਿੱਚ ਐੱਸਵਾਈਐੱਲ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ ਜਾਵੇ। ਭਾਵੇਂ ਸੈਸ਼ਨ ਗੈਰ ਕਾਨੂੰਨੀ ਹੈ ਪਰ ਸਰਕਾਰ ਨੂੰ ਘੇਰਣ ਦਾ ਮੌਕਾ ਕਾਂਗਰਸ ਦੇ ਹੱਥ ਵਿੱਚ ਹੈ, ਜਿਸ ਨੂੰ ਖਤਮ ਨਹੀਂ ਕਰਨਾ ਚਾਹੀਦਾ ਹੈ। ਇਨ੍ਹਾਂ ਦੋਵੇਂ ਤਰਕ ’ਤੇ ਅੱਜ ਕਾਂਗਰਸ ਪਾਰਟੀ ਮੀਟਿੰਗ ਕਰਦੇ ਹੋਏ ਫੈਸਲਾ ਕਰੇਗੀ।
ਦੋ ਦਿਨ ਦਾ ਵਿਧਾਨ ਸਭਾ ਸੈਸ਼ਨ | Congress
ਜਾਣਕਾਰੀ ਅਨੁਸਾਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸ਼ੁੱਕਰਵਾਰ ਤੋਂ 2 ਦਿਨਾਂ ਦਾ ਵਿਧਾਨ ਸਭਾ ਸੈਸ਼ਨ ਸੱਦਿਆ ਗਿਆ ਹੈ। ਜਿਹੜਾ ਕਿ ਸ਼ਨਿੱਚਰਵਾਰ ਦੁਪਹਿਰ ਤੱਕ ਚੱਲਣ ਦੇ ਨਾਲ ਹੀ ਕੁੁੱਲ ਤਿੰਨ ਬੈਠਕਾਂ ਕਰਨ ਤੋਂ ਬਾਅਦ ਮੁੜ ਤੋਂ ਮੁਕੰਮਲ ਹੋ ਜਾਵੇਗਾ। ਇਸ ਵਿਧਾਨ ਸਭਾ ਸੈਸ਼ਨ ਨੂੰ ਸੱਦਣ ’ਤੇ ਪੰਜਾਬ ਦੇ ਰਾਜਪਾਲ ਦਫ਼ਤਰ ਵੱਲੋਂ ਵਿਧਾਨ ਸਭਾ ਦੇ ਸਕੱਤਰ ਨੂੰ ਪੱਤਰ ਲਿਖਦੇ ਹੋਏ ਇਸ ਸੈਸ਼ਨ ’ਤੇ ਇਤਰਾਜ਼ ਜ਼ਾਹਿਰ ਕੀਤਾ ਗਿਆ ਸੀ ਕਿ ਜਦੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪਿਛਲੇ 2 ਦਿਨਾਂ ਦੇ ਸੈਸ਼ਨ ਨੂੰ ਗੈਰ ਕਾਨੂੰਨੀ ਦੇ ਦਿੱਤਾ ਗਿਆ ਸੀ ਤਾਂ ਉਸੇ ਸੈਸ਼ਨ ਦੀ ਲੜੀ ਵਿੱਚ ਹੀ ਇਸ ਸੈਸ਼ਨ ਨੂੰ ਕੀਤਾ ਜਾ ਰਿਹਾ ਹੈ ਤਾਂ ਇਸ ਨੂੰ ਵੀ ਗੈਰ ਕਾਨੂੰਨੀ ਹੀ ਕਰਾਰ ਦਿੱਤਾ ਜਾਵੇਗਾ।
ਵਿਰੋਧੀ ਧਿਰਾਂ ਦੁਚਿੱਤੀ ’ਚ
ਰਾਜਪਾਲ ਦਫ਼ਤਰ ਵੱਲੋਂ ਆਏ ਇਸ ਪੱਤਰ ਸਬੰਧੀ ਜਿੱਥੇ ਸਰਕਾਰ ਨੇ ਚੁੱਪ ਵੱਟ ਲਈ ਹੈ, ਉਥੇ ਹੀ ਵਿਰੋਧੀ ਧਿਰਾਂ ਇਸ ਦੁਚਿੱਤੀ ਵਿੱਚ ਹਨ ਕਿ ਉਹ ਰਾਜਪਾਲ ਵੱਲੋਂ ਸੈਸ਼ਨ ਨੂੰ ਗੈਰ ਕਾਨੂੰਨੀ ਕਰਾਰ ਦਿੱਤੇ ਜਾਣ ਦੌਰਾਨ ਇਸ ਸੈਸ਼ਨ ਤੋਂ ਬਾਹਰ ਰਹਿਣ ਜਾਂ ਫਿਰ ਭਾਗ ਲੈਣ। ਇਸ ਵਿੱਚ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਵੀ ਕੋਈ ਫੈਸਲਾ ਨਹੀਂ ਲੈ ਪਾ ਰਹੀ ਕਿ ਇਸ ਮਾਮਲੇ ਵਿੱਚ ਕੀ ਕੀਤਾ ਜਾਵੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਸ ਸਬੰਧੀ ਇੱਕ ਮਤ ਬਣਾਉਣ ਲਈ ਹੀ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਸਾਰੇ ਵਿਧਾਇਕਾਂ ਦੀ ਮੀਟਿੰਗ ਸੱਦ ਲਈ ਗਈ ਹੈ। ਇਸ ਵਿੱਚ ਲਏ ਜਾਣ ਵਾਲੇ ਫੈਸਲੇ ਤੋਂ ਬਾਅਦ ਹੀ ਕਾਂਗਰਸ ਪਾਰਟੀ ਦੇ ਵਿਧਾਇਕ ਐਲਾਨ ਕਰਨਗੇ ਕਿ ਉਸ ਸੈਸ਼ਨ ਦੀ ਕਾਰਵਾਈ ਵਿੱਚ ਭਾਗ ਲੈਣਗੇ ਜਾਂ ਫਿਰ ਨਹੀਂ ਲੈਣਗੇ।