ਅਮਨ ਅਰੋੜਾ ਵੱਲੋਂ ਪੀ.ਸੀ.ਐਸ ਜੂਡੀਸ਼ੀਅਲ ਪ੍ਰੀਖਿਆ ਪਾਸ ਕਰਨ ਲਈ ਸੁਨਾਮ ਵਾਸੀ ਪ੍ਰਿਯੰਕਾ ਦਾ ਵਿਸ਼ੇਸ਼ ਸਨਮਾਨ

Aman Arora
ਸੁਨਾਮ: ਪ੍ਰਿਯੰਕਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ।

ਕਾਬਲੀਅਤ ਤੇ ਦ੍ਰਿੜ ਇਰਾਦੇ ਨਾਲ ਕੋਈ ਵੀ ਉਪਲੱਬਧੀ ਹਾਸਲ ਕਰਨੀ ਸੰਭਵ: ਅਮਨ ਅਰੋੜਾ (Aman Arora)

ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਪੀ.ਸੀ.ਐਸ ਜੂਡੀਸ਼ੀਅਲ ਪ੍ਰੀਖਿਆ ਪਾਸ ਕਰਨ ਵਾਲੀ ਸੁਨਾਮ ਸ਼ਹਿਰ ਦੀ ਵਸਨੀਕ ਪ੍ਰਿਯੰਕਾ ਦਾ ਸਨਮਾਨ ਕਰਨ ਲਈ ਵਿਸ਼ੇਸ ਤੌਰ ’ਤੇ ਉਨ੍ਹਾਂ ਦੀ ਰਿਹਾਇਸ਼ ਵਿਖੇ ਪਹੁੰਚੇ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ (Aman Arora) ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਧੀਆਂ ਵੱਲੋਂ ਆਪਣੀ ਲਗਨ, ਮਿਹਨਤ, ਕਾਬਲੀਅਤ ਤੇ ਦ੍ਰਿੜ ਇਰਾਦੇ ਸਦਕਾ ਬੁਲੰਦੀਆਂ ਨੂੰ ਛੂਹਿਆ ਜਾ ਰਿਹਾ ਹੈ। ਪ੍ਰਿਯੰਕਾ ਅਤੇ ਪਰਿਵਾਰਕ ਮੈਂਬਰ ਨੂੰ ਮੁਬਾਰਕਬਾਦ ਭੇਂਟ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪ੍ਰਿਯੰਕਾ ਦੀ ਇਸ ਪ੍ਰਾਪਤੀ ਨਾਲ ਨਾ ਕੇਵਲ ਸੁਨਾਮ ਸਗੋਂ ਪੂਰੇ ਸੂਬੇ ਦਾ ਨਾਂਅ ਰੌਸ਼ਨ ਹੋਇਆ ਹੈ ਅਤੇ ਇਹ ਇੱਕ ਸ਼ਾਨਦਾਰ ਤੇ ਵੱਡੀ ਉਪਲੱਬਧੀ ਹੈ।

ਉਨ੍ਹਾਂ ਕਿਹਾ ਕਿ ਪ੍ਰਿਯੰਕਾ ਨੇ ਇਹ ਸਾਬਤ ਕਰ ਵਿਖਾਇਆ ਹੈ ਕਿ ਹੌਂਸਲੇ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਅੱਜ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲੋਂ ਪਿਛੇ ਨਹੀਂ ਰਹੀਆਂ ਬਲਕਿ ਹਰ ਖੇਤਰ ਵਿੱਚ ਹੀ ਆਪਣੇ ਮਾਪਿਆਂ ਤੇ ਸੂਬੇ ਦਾ ਨਾਂਅ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਰੌਸ਼ਨ ਕਰ ਰਹੀਆਂ ਹਨ।

Aman Arora

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਮੌਕੇ ਹਰੇਕ ਸਾਲ ਲਗਾਏ ਜਾਣਗੇ ਖੂਨਦਾਨ ਕੈਂਪ

ਕੈਬਨਿਟ ਮੰਤਰੀ ਅਮਨ ਅਰੋੜਾ (Aman Arora) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਮਹਿਜ਼ 18 ਮਹੀਨਿਆਂ ਦੇ ਸਮੇਂ ਅੰਦਰ ਹੀ 37 ਹਜ਼ਾਰ ਤੋਂ ਵਧੇਰੇ ਲੜਕੇ ਲੜਕੀਆਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕਰਕੇ ਇੱਕ ਮਿਸਾਲ ਕਾਇਮ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਘਰਾਂ ਵਿੱਚ ਅੱਜ ਅਜਿਹੀਆਂ ਬਹੁ ਗਿਣਤੀ ਉਦਾਹਰਣਾਂ ਦੇਖੀਆਂ ਜਾ ਸਕਦੀਆਂ ਹਨ ਜਿਨ੍ਹਾਂ ਵਿੱਚ ਪੰਜਾਬ ਦੇ ਨੌਜਵਾਨ ਬਿਨਾਂ ਕਿਸੇ ਸਿਫਾਰਸ਼ ਜਾਂ ਵਿੱਤੀ ਸ਼ੋਸ਼ਣ ਤੋਂ ਮੈਰਿਟ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਹਾਸਲ ਕਰ ਰਹੇ ਹਨ ਅਤੇ ਅਜਿਹੀ ਸਾਫ਼ ਸੁਥਰੀ ਤੇ ਪਾਰਦਰਸ਼ੀ ਪ੍ਰਣਾਲੀ ਨੂੰ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੇ ਹੀ ਸੰਭਵ ਕਰ ਵਿਖਾਇਆ ਹੈ। ਉਨ੍ਹਾਂ ਇਸ ਮੌਕੇ ਪ੍ਰਿਯੰਕਾ ਨੂੰ ਇਸ ਸ਼ਲਾਘਾਯੋਗ ਉਪਲੱਬਧੀ ਲਈ ਸਨਮਾਨਿਤ ਕਰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਇਸ ਮੌਕੇ ਬਲਾਕ ਪ੍ਰਧਾਨ ਸਾਹਿਬ ਸਿੰਘ, ਸੰਦੀਪ ਜਿੰਦਲ, ਹਰਮੀਤ ਵਿਰਕ, ਸੰਨੀ ਖਟਕ ਹਾਜ਼ਰ ਸਨ।