(ਸਤਪਾਲ ਥਿੰਦ) ਫਿਰੋਜ਼ਪੁਰ। ਫਿਰੋਜ਼ਪੁਰ ਪੁਲਿਸ ਵੱਲੋਂ ਦੋ ਕਥਿਤ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਦਿਆਂ ਦੋ ਕਿਲੋ ਹੈਰੋਇਨ (Heroin) ਅਤੇ ਇੱਕ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਦਕਿ ਉਹਨਾਂ ਦੇ ਇੱਕ ਸਾਥੀ ਦੀ ਗਿ੍ਰਫਤਾਰੀ ਬਾਕੀ ਹੈ। ਇਸ ਸਬੰਧੀ ਰਣਧੀਰ ਕੁਮਾਰ ਐੱਸ ਪੀ (ਇੰਨਵ:) ਫਿਰੋਜ਼ਪੁਰ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਪੂਰੀ ਤਰ੍ਹਾਂ ਠੱਲ੍ਹ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ।
ਇਸ ਮੁਹਿੰਮ ਤਹਿਤ ਬਲਕਾਰ ਸਿੰਘ ਡੀਐੱਸਪੀ (ਇਨਵੈਸਟੀਗੇਸਨ) ਫਿਰੋਜ਼ਪੁਰ ਦੀ ਨਿਗਰਾਨੀ ਹੇਠ ਇੰਸ: ਹਰਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ ਫਿਰੋਜ਼ਪੁਰ ਦੀ ਅਗਵਾਈ ਅਧੀਨ ਐੱਸਆਈ ਜੱਜਪਾਲ ਸਿੰਘ ਸੀ.ਆਈ.ਏ ਸਟਾਫ ਫਿਰੋਜ਼ਪੁਰ ਮੇਨ ਚੌਂਕ ਬਾਰੇ ਕੇ ਮੌਜੂਦ ਸੀ ਤਾਂ ਏ.ਐੱਸ.ਆਈ. ਗੁਰਮੀਤ ਸਿੰਘ ਨੇ ਉਸ ਨੂੰ ਸੂਚਨਾ ਦਿੱਤੀ ਕਿ ਰਾਜਦੀਪ ਸਿੰਘ ਉਰਫ ਰਾਜੂ ਪੁੱਤਰ ਬੱਗਾ ਸਿੰਘ ਵਾਸੀ ਪਿੰਡ ਅਲੀ ਕੇ ਹਾਲ ਨਿਹਾਲੇ ਵਾਲਾ ਫਿਰੋਜ਼ਪੁਰ, ਅਮਰੀਕ ਸਿੰਘ ਉਰਫ ਸੇਮਾ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਪੁਰਾਣਾ ਬਾਰੇ ਕੇ ਅਤੇ ਹਰਜਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਅਲੀ ਕੇ ਮਿਲ ਕੇ ਹੈਰੋਇਨ ਵੇਚਦੇ ਹਨ। Heroin
ਇਹ ਵੀ ਪੜ੍ਹੋ : ਵੱਡੀ ਲਾਪਰਵਾਹੀ : ਮੇਲੇ ’ਚ ਝੂਲਾ ਟੁੱਟਣ ਨਾਲ ਬੱਚੇ ਦੀ ਮੌਤ
ਜੋ ਅੱਜ ਵੀ ਰਾਜਦੀਪ ਸਿੰਘ ਰਾਜੂ ਅਤੇ ਅਮਰੀਕ ਸਿੰਘ ਹੈਰੋਇਨ ਲੈ ਕੇ ਵੇਚਣ ਲਈ ਮੋਟਰਸਾਇਕਲ ਹੀਰੋ ਸਪਲੈਂਡਰ ਰੰਗ ਕਾਲਾ ਬਿਨ੍ਹਾਂ ਨੰਬਰੀ ’ਤੇ ਸਵਾਰ ਹੋ ਕੇ ਬਾਰੇ ਕੇ ਰੋਡ ਨਹਿਰਾਂ ਕੋਲ ਆ ਰਹੇ ਹਨ, ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਇਹਨਾਂ ਦੋਹਾਂ ਨੂੰ ਹੈਰੋਇਨ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਜਾ ਸਕਦਾ ਹੈ। ਜਿਸ ’ਤੇ ਰਾਜਦੀਪ ਸਿੰਘ ਉਰਫ ਰਾਜੂ, ਅਮਰੀਕ ਸਿੰਘ ਉਰਫ ਸੇਮਾ ਅਤੇ ਹਰਜਿੰਦਰ ਸਿੰਘ ਉਕਤਾਨ ਖਿਲਾਫ਼ ਮੁਕੱਦਮਾ ਨੰਬਰ 185 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਫਿਰੋਜ਼ਪੁਰ ਦਰਜ ਰਜਿਸਟਰ ਕੀਤਾ ਗਿਆ ਅਤੇ ਮੁਖ਼ਬਰੀ ਦੇ ਅਧਾਰ ’ਤੇ ਬਾਰੇ ਕੇ ਪੁਲ ਨਹਿਰ ’ਤੇ ਨਾਕਾਬੰਦੀ ਕਰਕੇ ਰਾਜਦੀਪ ਸਿੰਘ ਅਤੇ ਅਮਰੀਕ ਸਿੰਘ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਵਿਚਲੇ ਕਿੱਟ ਬੈਗ ਰੰਗ ਕਾਲਾ ਵਿੱਚੋਂ 02 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਗੰਭੀਰਤਾ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।