ਫਾਜ਼ਿਲਕਾ ‘ਚ ਸ਼ਨਿੱਚਰਵਾਰ ਤੇ ਸੁਨਾਮ ‘ਚ ਐਤਵਾਰ ਨੂੰ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਵੱਲੋਂ ਓਬੀਸੀ ਫਰੰਟ ਪੰਜਾਬ ਦੀ ਅਗਵਾਈ ਹੇਠ ਸੱਦਿਆ ਵੱਡਾ ਇਕੱਠ
ਗੁਰੂਹਰਸਹਾਏ (ਸੱਤਪਾਲ ਥਿੰਦ)। ਫਾਜ਼ਿਲਕਾ ‘ਚ ਸ਼ਨਿੱਚਰਵਾਰ ਅਤੇ ਸੁਨਾਮ ਵਿੱਚ ਐਤਵਾਰ ਨੂੰ ਪੰਜਾਬ ਦਾ ਕੰਬੋਜ ਭਾਈਚਾਰਾ ਓਬੀਸੀ ਵੈਲਫੇਅਰ ਫਰੰਟ ਪੰਜਾਬ ਦੀ ਅਗਵਾਈ ਹੇਠ ਵੱਡੇ ਇਕੱਠ ਕਰਨ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਇੰਪਲਾਈਜ ਵਿੰਗ ਦੇ ਰਾਸ਼ਟਰੀ ਪ੍ਰਧਾਨ ਹਰਜਿੰਦਰ ਹਾਂਡਾ, ਉਪ ਪ੍ਰਧਾਨ ਜਸਪਾਲ ਹਾਂਡਾ, ਜਨਰਲ ਸਕੱਤਰ ਆਸ਼ੂਤੋਸ ਕੰਬੋਜ ਨੇ ਦੱਸਿਆ ਕਿ ਜੋ ਲੋਕ ਕੰਬੋਜ ਜਾਤੀ ਨੂੰ ਪੱਛੜੀਆਂ ਸ਼੍ਰੇਣੀਆਂ ਦੀ ਲਿਸਟ ਵਿੱਚੋਂ ਬਾਹਰ ਕੱਢਣ ਦੀ ਮੰਗ ਕਰ ਰਹੇ ਹਨ ਉਹਨਾਂ ਦੀ ਗਿਣਤੀ ਆਟੇ ਵਿੱਚ ਸਿਰਫ ਲੂਣ ਦੇ ਬਰਾਬਰ ਹੈ ਜਦੋਂਕਿ ਪੰਜਾਬ ਦਾ ਸਮੁੱਚਾ ਕੰਬੋਜ ਭਾਈਚਾਰਾ ਇੱਕਮੁੱਠ ਹੈ ਅਤੇ ਆਪਣੇ ਆਪ ਨੂੰ ਪੱਛੜੀਆਂ ਸ਼੍ਰੇਣੀਆਂ ਦੀ ਲਿਸਟ ਵਿੱਚ ਰੱਖਣਾ ਚਾਹੁੰਦਾ ਹੈ। (Kamboj community)
ਉਹਨਾਂ ਕਿਹਾ ਕਿ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਦੇ ਵੱਲੋਂ ਵੱਖ-ਵੱਖ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਕੰਬੋਜ ਜਾਤੀ ਦਾ ਜੋ ਇਹ ਸਰਵੇ ਕਰਵਾਇਆ ਜਾ ਰਿਹਾ ਹੈ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਪੰਜਾਬ ਵਿੱਚ ਪੱਛੜੀਆਂ ਸ਼੍ਰੇਣੀਆਂ ਨੂੰ ਤੁਰੰਤ 27 ਪ੍ਰਤੀਸ਼ਤ ਰਿਜਰਵੇਸ਼ਨ ਕੋਟਾ ਦਿੱਤਾ ਜਾਵੇ। ਹਰਜਿੰਦਰ ਹਾਂਡਾ, ਜਸਪਾਲ ਹਾਂਡਾ ਅਤੇ ਅਸ਼ੁਤੋਸ਼ ਕੰਬੋਜ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਕਈ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਕੰਬੋਜ ਜਾਤੀ ਦੇ ਸਰਵੇ ਦੇ ਨਾਂ ਤੇ ਕੰਬੋਜ ਭਾਈਚਾਰੇ ਦੇ ਵਿਰੁੱਧ ਫੇਕ ਰਿਪੋਰਟਾਂ ਤਿਆਰ ਕਰਕੇ ਉੱਪਰ ਉੱਚ ਅਧਿਕਾਰੀਆਂ ਨੂੰ ਭੇਜੀਆਂ ਜਾ ਰਹੀਆਂ ਹਨ। (Kamboj community)
ਇਹ ਵੀ ਪੜ੍ਹੋ : ਭੂਚਾਲ ਦੇ ਜਬਰਦਸਤ ਝਟਕੇ, ਲੋਕ ਘਰਾਂ ਤੋਂ ਨਿਕਲੇ ਬਾਹਰ
ਉਹਨਾਂ ਕਿਹਾ ਕਿ ਇਸ ਸਾਰੇ ਵਰਤਾਰੇ ਦੇ ਵਿਰੁੱਧ ਪੰਜਾਬ ਦੇ ਕੰਬੋਜ ਭਾਈਚਾਰੇ ਵੱਲੋਂ ਕੰਬੋਜ ਵੱਸੋ ਵਾਲੇ ਪੰਜਾਬ ਦੇ ਹਰ ਬਲਾਕ ਅਤੇ ਹਰ ਜਿਲੇ ਵਿੱਚ ਲਾਮਬੰਦੀ ਕਰਕੇ ਕੰਬੋਜ ਭਾਈਚਾਰੇ ਨੂੰ ਆਪਣੇ ਹੱਕਾਂ ਪ੍ਰਤੀ ਜਾਗਰਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਸਮੂਹ ਕੰਬੋਜ ਭਾਈਚਾਰੇ ਨੂੰ ਫਾਜਿਲਕਾ ਅਤੇ ਸੁਨਾਮ ਵਾਲੇ ਕੰਬੋਜ ਭਾਈਚਾਰੇ ਦੇ ਇਕੱਠਾਂ ਵਿੱਚ ਪਰਿਵਾਰਾਂ ਸਮੇਤ ਵੱਧ ਚੜ ਕੇ ਪਹੁੰਚਣ ਦੀ ਅਪੀਲ ਕੀਤੀ ਅਤੇ ਐਲਾਨ ਕੀਤਾ ਕਿ ਕੰਬੋਜ ਭਾਈਚਾਰੇ ਵੱਲੋਂ ਪੰਜਾਬ ਵਿੱਚ ਛੇਤੀ ਹੀ ਇੱਕ ਹਸਤਾਖਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੰਬੋਜ ਵਿਰੋਧੀ ਗੈਰ-ਵਾਜਿਬ ਸਰਵੇ ਤੁਰੰਤ ਬੰਦ ਕੀਤਾ ਜਾਵੇ ਅਤੇ ਪੰਜਾਬ ਵਿੱਚ ਪੱਛੜੀਆਂ ਸ਼੍ਰੇਣੀਆਂ ਨੂੰ ਤੁਰੰਤ 27 ਪ੍ਰਤੀਸ਼ਤ ਰਿਜਰਵੇਸ਼ਨ ਕੋਟਾ ਦਿੱਤਾ ਜਾਵੇ।