ਪੰਜਾਬ ਸਰਕਾਰ ਬਾਰਾਂਦਰੀ ਦੀ ਸੰਭਾਲ ਲਈ ਜਲਦ ਸ਼ੁਰੂ ਕਰੇਗੀ ਪ੍ਰੋਜੈਕਟ : ਜਗਰੂਪ ਸਿੰਘ ਸੇਖਵਾਂ | Maharaja Ranjit Singh
ਗੁਰਦਾਸਪੁਰ (ਰਾਜਨ ਮਾਨ) ਦੀਨਾਨਗਰ ਸਥਿਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ (Maharaja Ranjit Singh) ਦੀ ਖੰਡਰ ਬਣ ਗਈ ਸ਼ਾਹੀ ਬਾਰਾਂਦਰੀ ਦੀ ਸੰਭਾਲ ਲਈ ਵਿਰਾਸਤੀ ਮੰਚ, ਬਟਾਲਾ ਅੱਗੇ ਆਇਆ ਹੈ। ਮੰਚ ਵਲੋਂ ਸ਼ੇਰੇ ਪੰਜਾਬ ਦੀਆਂ ਖੰਡਰ ਇਤਿਹਾਸ ਇਮਾਰਤਾਂ ਲਈ ਲੋਕਾਂ ਨੂੰ ਨਾਲ ਚੱਲਣ ਦਾ ਸੱਦਾ ਦਿੱਤਾ ਗਿਆ ਹੈ।
ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਅੱਜ ਪਿੰਡ ਸੇਖਵਾਂ ਵਿਖੇ ਵਿਰਾਸਤੀ ਮੰਚ, ਬਟਾਲਾ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਦਿਆਂ ਕਿਹਾ ਹੈ ਕਿ ਰਾਜ ਸਰਕਾਰ ਸੂਬੇ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ ਟੂਰਿਜ਼ਮ ਨੀਤੀ ਤਹਿਤ ਜਿਥੇ ਸੂਬੇ ਵਿੱਚ ਸੈਰ-ਸਪਾਟੇ ਦੀਆਂ ਨਵੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ ਓਥੇ ਨਾਲ ਹੀ ਆਪਣੀ ਵਿਰਾਸਤ ਦੀ ਸੰਭਾਲ ਕਰਕੇ ਉਸਦਾ ਪ੍ਰਚਾਰ-ਪਸਾਰ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਸੂਬੇ ਦੀ ਨੌਜਵਾਨ ਪੀੜ੍ਹੀ ਆਪਣੀਆਂ ਜੜ੍ਹਾਂ ਦੇ ਨਾਲ ਜੋੜਨ ਦੇ ਨਾਲ ਦੇਸ਼ ਅਤੇ ਵਿਦੇਸ਼ ਦੇ ਸੈਲਾਨੀਆਂ ਨੂੰ ਪੰਜਾਬ ਵੱਲ ਅਕਰਸ਼ਤ ਕੀਤਾ ਜਾ ਸਕੇ।
ਵਿਰਾਸਤੀ ਮੰਚ ਬਟਾਲਾ ਵੱਲੋਂ ਚੇਅਰਮੈਨ ਸੇਖਵਾਂ ਨਾਲ ਵਿਰਾਸਤਾਂ ਦੀ ਸੰਭਾਲ ਸਬੰਧੀ ਵਿਚਾਰਾਂ | Maharaja Ranjit Singh
ਦੀਨਾਨਗਰ ਸਥਿਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਬਾਰਾਂਦਰੀ ਦੀ ਸੰਭਾਲ ਸਬੰਧੀ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਉਹ ਬਾਰਾਂਦਰੀ ਦੀ ਮੁਰੰਮਤ ਦਾ ਸਾਰਾ ਮਾਮਲਾ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਉਣਗੇ। ਉਨ੍ਹਾਂ ਕਿਹਾ ਕਿ ਇਸ ਸ਼ਾਹੀ ਬਾਰਾਂਦਰੀ ਦੀ ਸੰਭਾਲ ਦੀ ਕਾਰਵਾਈ ਉਨ੍ਹਾਂ ਦੇ ਪਿਤਾ ਸਵਰਗਵਾਸੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਸ਼ੁਰੂ ਕੀਤੀ ਸੀ ਅਤੇ ਉਨ੍ਹਾਂ ਦੇ ਯਤਨਾ ਸਦਕਾ ਹੀ ਇਸ ਇਤਿਹਾਸਕ ਇਮਾਰਤ ਨੂੰ ਸੁਰੱਖਿਅਤ ਇਮਾਰਤ ਘੋਸ਼ਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਇਸ ਬਾਰਾਂਦਰੀ ਦੇ ਦੁਆਲੇ ਜ਼ਮੀਨ ਸਬੰਧੀ ਹਾਈਕੋਰਟ ਵਿੱਚ ਕੇਸ ਚੱਲ ਰਿਹਾ ਸੀ ਜੋ ਕਿ ਹੁਣ ਹੱਲ ਹੋ ਗਿਆ ਹੈ।
ਇਹ ਵੀ ਪੜ੍ਹੋ : ਪਿਛਲੇ ਸੈਸ਼ਨ ‘ਗੈਰ-ਕਾਨੂੰਨੀ’ ਸਨ ਤਾਂ ਹੁਣ ਬਿਨਾਂ ‘ਪ੍ਰੋਰੋਗੇਸ਼ਨ’ ਕਿਵੇਂ ਕਾਨੂੰਨੀ ਸੈਸ਼ਨ ਕਰ ਸਕਦੀ ਐ ‘ਆਪ ਸਰਕਾਰ’
ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਾਹੀ ਬਾਰਾਂਦਰੀ ਦੀ ਮੁਰੰਮਤ ਅਤੇ ਇਥੇ ਮਿਊਜ਼ੀਅਮ ਸਥਾਪਤ ਕਰਨ ਲਈ 1.60 ਕਰੋੜ ਰੁਪਏ ਦਾ ਟੈਂਡਰ ਕੀਤਾ ਗਿਆ ਹੈ ਅਤੇ ਜਲਦੀ ਹੀ ਇਸ ਬਾਰਾਂਦਰੀ ਦੀ ਸੰਭਾਲ ਦਾ ਪ੍ਰੋਜੈਕਟ ਸ਼ੁਰੂ ਹੋ ਜਾਵੇਗਾ। ਐਡਵੋਕੇਟ ਸੇਖਵਾਂ ਨੇ ਕਿਹਾ ਕਿ ਦੀਨਾਨਗਰ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਸੀ ਅਤੇ ਇਸ ਸ਼ਾਹੀ ਬਾਰਾਂਦਰੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਈ ਇਤਿਹਾਸਕ ਦਰਬਾਰ ਲੱਗੇ ਸਨ। ਉਨ੍ਹਾਂ ਕਿਹਾ ਕਿ ਬਾਰਾਂਦਰੀ ਦੀ ਇਸ ਇਤਿਹਾਸਕ ਮਹੱਤਤਾ ਨੂੰ ਦੇਖਦੇ ਹੋਏ ਉਹ ਨਿੱਜੀ ਤੌਰ ’ਤੇ ਇਸਦੀ ਸੰਭਾਲ ਲਈ ਯਤਨਸ਼ੀਲ ਹਨ।
ਇਸ ਮੌਕੇ ਵਿਰਾਸਤੀ ਮੰਚ, ਬਟਾਲਾ ਦੇ ਅਹੁਦੇਦਾਰਾਂ ਨੇ ਐਡਵੋਕੇਟ ਸ. ਜਗਰੂਪ ਸਿੰਘ ਸੇਖਵਾਂ ਦਾ ਵਿਰਾਸਤਾਂ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਬਟਾਲਾ ਸ਼ਹਿਰ ਵਿੱਚ ਸਰਦਾਰਨੀ ਸਦਾ ਕੌਰ, ਬਾਬਾ ਬੰਦਾ ਸਿੰਘ ਬਹਾਦਰ ਸਮੇਤ ਹੋਰ ਇਤਿਹਾਸਕ ਹਸਤੀਆਂ ਦੀਆਂ ਯਾਦਗਾਰਾਂ ਬਣਾਉਣ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਵਿਰਾਸਤੀ ਮੰਚ, ਬਟਾਲਾ ਦੇ ਚੇਅਰਮੈਨ ਐਡਵੋਕੇਟ ਐੱਚ.ਐੱਸ. ਮਾਂਗਟ, ਪ੍ਰਧਾਨ ਸ. ਬਲਦੇਵ ਸਿੰਘ ਰੰਧਾਵਾ, ਸੀਨੀਅਰ ਵਾਈਸ ਪ੍ਰਧਾਨ ਕੁਲਵਿੰਦਰ ਸਿੰਘ ਲਾਡੀ ਜੱਸਲ, ਵਾਈਸ ਪ੍ਰਧਾਨ ਸ਼ਮਸ਼ੇਰ ਸਿੰਘ ਮੱਲੀ, ਜਨਰਲ ਸਕੱਤਰ ਸ. ਇੰਦਰਜੀਤ ਸਿੰਘ ਹਰਪੁਰਾ, ਸਕੱਤਰ ਪ੍ਰੋ. ਜਸਬੀਰ ਸਿੰਘ ਅਤੇ ਮੈਂਬਰ ਸ. ਹਰਪ੍ਰੀਤ ਸਿੰਘ ਨਿਰਗੁਣ ਵੀ ਹਾਜ਼ਰ ਸਨ।