ਸੁਖਮਿੰਦਰ ਸਿੰਘ ਗਰੇਵਾਲ ਵੱਲੋਂ ਦਿੱਤੀ ਗਈ ਭਾਜਪਾ ਪ੍ਰਧਾਨ ਨੂੰ ਚਿਤਾਵਨੀ, ਬਾਹਰੀਆਂ ਨੂੰ ਅਹੁਦੇ ਵੰਡਣਾ ਕਰੋ ਬੰਦ
- ਪੰਜਾਬ ਭਾਜਪਾ ਦਫ਼ਤਰ ਵਿੱਚ ਇਕੱਠੇ ਹੋਏ 100 ਤੋਂ ਜ਼ਿਆਦਾ ਭਾਜਪਾ ਆਗੂ | Sunil Jakhar
ਚੰਡੀਗੜ੍ਹ (ਅਸ਼ਵਨੀ ਚਾਵਲਾ)। ਭਾਜਪਾ ਪ੍ਰਧਾਨ ਸੁਨੀਲ ਜਾਖੜ (Sunil Jakhar ) ਨੂੰ ਆਪਣੀ ਹੀ ਪਾਰਟੀ ਵਿੱਚੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੁਣ ਪਾਰਟੀ ਦੇ ਉੱਘੇ ਲੀਡਰ ਸੁਖਮਿੰਦਰ ਸਿੰਘ ਗਰੇਵਾਲ ਵੱਲੋਂ ਸਿੱਧੀ ਚਿਤਾਵਨੀ ਦੇ ਦਿੱਤੀ ਹੈ ਕਿ ਪਾਰਟੀ ਦੇ ਅਹੁਦੇਦਾਰਾਂ ਵਿੱਚ ਬਾਹਰੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਸੁਨੀਲ ਜਾਖੜ ਬਾਹਰੀ ਹੋਣ ਦੇ ਬਾਵਜ਼ੂਦ ਉਨ੍ਹਾਂ ਨੂੰ ਪ੍ਰਧਾਨਗੀ ਲਈ ਸਵੀਕਾਰ ਕਰ ਲਿਆ ਗਿਆ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਹੁਣ ਸੁਨੀਲ ਜਾਖੜ ਵਰਗੇ ਬਾਹਰੀਆਂ ਨੂੰ ਵੱਡੇ-ਵੱਡੇ ਅਹੁਦੇ ਵੰਡਦੇ ਹੋਏ ਕਈ ਸਾਲਾਂ ਤੇ ਦਹਾਕਿਆਂ ਤੋਂ ਭਾਜਪਾ ਦੀ ਸੇਵਾ ਕਰਨ ਵਾਲਿਆਂ ਨੂੰ ਨੁੱਕਰੇ ਲਗਾਇਆ ਜਾਵੇ। ਇਸ ਲਈ ਪਾਰਟੀ ਵਿੱਚ ਵਿਰੋਧ ਵੀ ਹੋਵੇਗਾ ਅਤੇ ਹਾਈ ਕਮਾਨ ਤੱਕ ਸੁਨੀਲ ਜਾਖੜ ਦੀ ਸ਼ਿਕਾਇਤ ਵੀ ਕੀਤੀ ਜਾਵੇਗੀ।
ਕਿਹਾ Sunil Jakhar ਦੇ ਇਸ਼ਾਰੇ ’ਤੇ ਬੰਦ ਹੋਏ ਦਫ਼ਤਰ ਦੇ ਕਮਰੇ
ਇਸ ਲਈ ਭਾਵੇਂ ਉਨ੍ਹਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਵਰਗਾ ਫੈਸਲਾ ਹੀ ਸੁਨੀਲ ਜਾਖੜ ਕਿਉਂ ਨਾ ਲੈ ਲੈਣ ਪਰ ਉਹ ਹੁਣ ਪਿੱਛੇ ਨਹੀਂ ਹਟਣਗੇ। ਇਹ ਵੱਡਾ ਐਲਾਨ ਅਤੇ ਚਿਤਾਵਨੀ ਸੁਖਮਿੰਦਰ ਸਿੰਘ ਗਰੇਵਾਲ ਵੱਲੋਂ ਪੰਜਾਬ ਭਾਜਪਾ ਦੇ ਸੂਬਾ ਪੱਧਰੀ ਦਫ਼ਤਰ ਵਿਖੇ ਵੱਡਾ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਦਿੱਤੀ ਹੈ। ਸੁਖਮਿੰਦਰ ਸਿੰਘ ਗਰੇਵਾਲ ਆਪਣੇ ਨਾਲ 100 ਦੇ ਲਗਭਗ ਪੰਜਾਬ ਭਰ ਵਿੱਚੋਂ ਆਗੂ ਅਤੇ ਵਰਕਰ ਲੈ ਕੇ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਸੰਗਠਨ ਮੰਤਰੀ ਨੂੰ ਮਿਲਣ ਲਈ ਆਏ ਹੋਏ ਸਨ ਪਰ ਉਨ੍ਹਾਂ ਦੀ ਗੈਰ ਮੌਜ਼ੂਦਗੀ ਵਿੱਚ ਸੁਖਮਿੰਦਰ ਸਿੰਘ ਗਰੇਵਾਲ ਨੇ ਆਪਣੇ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ।
ਭਾਜਪਾ ਪ੍ਰਧਾਨ ਸੁਨੀਲ ਜਾਖੜ (Sunil Jakhar ) ਨੂੰ ਪਹਿਲੀ ਵਾਰ ਸ਼ਰ੍ਹੇਆਮ ਕਿਸੇ ਭਾਜਪਾ ਆਗੂ ਵੱਲੋਂ ਚੁਣੌਤੀ ਮਿਲੀ ਹੈ ਤੇ ਸੁਖਮਿੰਦਰ ਸਿੰਘ ਗਰੇਵਾਲ ਝੁਕਣ ਵਾਲੇ ਆਗੂਆਂ ਵਿੱਚ ਵੀ ਨਹੀਂ ਆਉਂਦੇ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਸੁਨੀਲ ਜਾਖੜ ਨੂੰ ਕਾਫ਼ੀ ਜ਼ਿਆਦਾ ਪਰੇਸ਼ਾਨੀ ਦੇ ਦੌਰ ਵਿੱਚੋਂ ਨਿਕਲਣਾ ਪੈ ਸਕਦਾ ਹੈ
ਸੁਖਮਿੰਦਰ ਸਿੰਘ ਗਰੇਵਾਲ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਜਪਾ ਹਾਈ ਕਮਾਨ ਨੇ ਕੁਝ ਮਹੀਨੇ ਪਹਿਲਾਂ ਹੀ ਪਾਰਟੀ ਵਿੱਚ ਆਏ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਇਆ ਤਾਂ ਉਨ੍ਹਾਂ ਸਣੇ ਸਾਰੀ ਪੰਜਾਬ ਭਾਜਪਾ ਨੇ ਦੋਵਾਂ ਹੱਥਾਂ ਨਾਲ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਦੀ ਅਗਵਾਈ ਨੂੰ ਵੀ ਕਬੂਲ ਕਰ ਲਿਆ ਗਿਆ। ਸੁਨੀਲ ਜਾਖੜ ਦੇ ਪ੍ਰਧਾਨ ਬਣਨ ਤੋਂ ਬਾਅਦ ਹਰ ਭਾਜਪਾ ਆਗੂ ਨੂੰ ਆਸ ਸੀ ਕਿ ਜਾਖੜ ਘੱਟ ਤੋਂ ਘੱਟ ਬਾਹਰੀ ਲੀਡਰਾਂ ਨਾਲ ਜ਼ਿਆਦਾ ਨਜਦੀਕੀ ਰੱਖਣ ਦੀ ਥਾਂ ’ਤੇ ਭਾਜਪਾ ਦੀ ਕੋਰ ਲੀਡਰਸ਼ਿਪ ਨੂੰ ਤਵਜੋਂ ਦੇਣਗੇ ਪਰ ਸੁਨੀਲ ਜਾਖੜ ਵੱਲੋਂ ਇਹੋ ਜਿਹਾ ਕਰਨ ਦੀ ਥਾਂ ’ਤੇ ਬਾਹਰੀ ਆਗੂਆਂ ਨੂੰ ਹੀ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ, ਇਸ ਲਈ ਹੁਣ ਤੋਂ ਬਾਅਦ ਲਗਾਤਾਰ ਇਸ ਤਰੀਕੇ ਦਾ ਵਿਰੋਧ ਜਾਰੀ ਰਹੇਗਾ ਅਤੇ ਉਹ ਇਸ ਦੇ ਹਰ ਅੰਜਾਮ ਨੂੰ ਭੁਗਤਣ ਲਈ ਵੀ ਤਿਆਰ ਹਨ।
ਭਾਜਪਾ ਵਿੱਚ ਆਉਂਦੇ ਹੀ ਕਿਉਂ ਪੈਦਾ ਹੁੰਦੈ ਖ਼ਤਰਾ, ਚਾਹੀਦੀ ਹੁੰਦੀ ਐ ਜੈੱਡ ਪਲਸ ਸੁਰੱਖਿਆ
ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਆਗੂਆਂ ’ਤੇ ਵੀ ਹਮਲਾ ਬੋਲਦੇ ਹੋਏ ਸੁਖਮਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜਦੋਂ ਇਹ ਆਗੂ ਭਾਜਪਾ ਵਿੱਚ ਸ਼ਾਮਲ ਨਹੀਂ ਹੋਏ ਸਨ, ਉਸ ਸਮੇਂ ਤੱਕ ਇਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਸੀ ਪਰ ਜਿਉਂ ਹੀ ਭਾਜਪਾ ਵਿੱਚ ਸ਼ਾਮਲ ਹੋ ਗਏ ਤਾਂ ਪਤਾ ਨਹੀਂ ਕਿਹੜਾ ਖ਼ਤਰਾ ਪੈਦਾ ਹੋ ਗਿਆ, ਜਿਹੜਾ ਕਿ ਉਨ੍ਹਾਂ ਨੂੰ ਵਾਈ ਤੇ ਜੈੱਡ ਪਲੱਸ ਸੁਰੱਖਿਆ ਤੱਕ ਦੀ ਲੋੜ ਪੈ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਕਾਲੇ ਦੌਰ ਵਿੱਚ ਉਨ੍ਹਾਂ ਨੇ ਸੰਘਰਸ਼ ਕੀਤੇ ਹਨ ਪਰ ਕਦੇ ਵੀ ਵੱਡੀ ਸੁਰੱਖਿਆ ਨਹੀਂ ਲਈ ਪਰ ਚੰਦ ਦਿਨ ਪਹਿਲਾਂ ਭਾਜਪਾ ਵਿੱਚ ਆਏ ਆਗੂਆਂ ਨੂੰ ਪਤਾ ਨਹੀਂ ਕਿਉਂ ਸੁਰੱਖਿਆ ਦੀ ਲੋੜ ਪੈ ਰਹੀ ਹੈ।
ਅਸੀਂ ਹੱਕ-ਹਲਾਲ ਦੀ ਕਮਾਈ ਨਾਲ ਬਣਵਾਇਆ ਦਫ਼ਤਰ, ਸਾਰੇ ਹੀ ਬੰਦ ਕਰ ਦਿੱਤੇ ਦਰਵਾਜੇ
ਸੁਖਮਿੰਦਰ ਸਿੰਘ ਗਰੇਵਾਲ ਨੇ ਇਥੇ ਹੀ ਦੋਸ਼ ਲਗਾਇਆ ਕਿ ਪੰਜਾਬ ਭਾਜਪਾ ਦਾ ਮੁੱਖ ਦਫ਼ਤਰ ਜਦੋਂ ਬਣਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਆਪਣੇ ਹੱਕ-ਹਲਾਲ ਦੀ ਕਮਾਈ ਵਿੱਚੋਂ ਵੱਡਾ ਹਿੱਸਾ ਇਸ ਦਫ਼ਤਰ ਨੂੰ ਬਣਾਉਣ ਲਈ ਦਿੱਤਾ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਤੋਂ ਪੈਸੇ ਵੀ ਇਕੱਠੇ ਕਰਕੇ ਦਿੱਤੇ ਪਰ ਹੁਣ ਸੁਨੀਲ ਜਾਖੜ ਨੇ ਉਸੇ ਦਫ਼ਤਰ ਲਈ ਦਰਵਾਜੇ ਤੱਕ ਬੰਦ ਕਰ ਦਿੱਤੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸੁਨੀਲ ਜਾਖੜ ਨੇ ਅੱਜ ਦੇ ਪ੍ਰੋਗਰਾਮ ਨੂੰ ਦੇਖਦੇ ਹੋਏ ਪਾਰਟੀ ਦਫ਼ਤਰ ਵਿੱਚ ਕਈ ਕਮਰੇ ਬੰਦ ਕਰਵਾ ਦਿੱਤੇ ਤਾਂ ਕਿ ਸਾਨੂੰ ਬੈਠਣ ਤੱਕ ਲਈ ਥਾਂ ਨਾ ਮਿਲੇ।