ਰਾਘਵ ਚੱਢਾ ਦੇ ਵਿਆਹ ’ਤੇ ਪੰਜਾਬ ਸਰਕਾਰ ਨੇ ਕੀਤਾ ਖਰਚਾ : ਸੁਖਬੀਰ ਬਾਦਲ

Raghav-Chadha-Marriage

ਸੁਖਬੀਰ ਬਾਦਲ ਜਾਂਚ ਦੀ ਕੀਤੀ ਮੰਗ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਕਿਹਾ ਹੈ ਕਿ ਰਾਜ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੇ ਵਿਆਹ ਦਾ ਖਰਚ ਤੇ ਪ੍ਰੰਬਧ ਪੰਜਾਬ ਸਰਕਾਰ ਨੇ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਚੱਢਾ ਨੇ ਰਾਜ ਸਭਾ ਚੋਣ ਮੌਕੇ ਭਰੇ ਫਾਰਮ ਵਿਚ ਆਮਦਨੀ ਢਾਈ ਲੱਖ ਰੁਪਏ ਦੱਸੀ ਸੀ, ਜਦ ਕਿ ਹੁਣ ਵਿਆਹ ਲਈ ਬੁੱਕ ਕੀਤੇ ਹੋਟਲਾਂ ਦਾ ਕਿਰਾਇਆ ਹੀ ਕਈ ਕਰੋੜ ਰੁਪਏ ਹੈ। ਬਾਦਲ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। (Raghav Chadha Marriage)

ਉਨ੍ਹਾਂ ਦੋਸ਼ ਲਾਏ ਕਿ ਵਿਆਹ ਵਿੱਚ ਜਿਥੇ ਪੰਜਾਬ ਸਰਕਾਰ ਦੇ ਅਧਿਕਾਰੀ ਪ੍ਰਬੰਧਕ ਸਨ, ਉਥੇ ਪੰਜਾਬ ਪੁਲਿਸ ਦੇ ਸੈਂਕੜੇ ਮੁਲਾਜ਼ਮ ਸੁਰੱਖਿਆ ਛੱਤਰੀ ਵਜੋਂ ਤਾਇਨਾਤ ਕੀਤੇ ਗਏ। ਬਾਦਲ ਅੱਜ ਇਥੇ ਸੰਨੀ ਐਨਕਲੇਵ ਵਿੱਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 50 ਹਜ਼ਾਰ ਕਰੋੜ ਦਾ ਕਰਜ਼ਾ ਢੇਡ ਸਾਲ ’ਚ ਹੀ ਚੁੱਕ ਲਿਆ ਹੈ ਜਦਕਿ ਪੰਜਾਬ ਅੰਦਰ ਵਿਕਾਸ ਕਾਰਜਾਂ ਤੇ ਧੇਲਾ ਖਰਚ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪੈਸਾ ਦਿੱਲੀ ਵਿਖੇ ਖਰਚ ਕੀਤਾ ਜਾ ਰਿਹਾ ਹੈ। ਖੁਦ ਪੰਜਾਬ ਦੇ ਰਾਜਪਾਲ ਵੱਲੋਂ ਇਸ 50 ਹਜਾਰ ਦੇ ਕਰਜ਼ੇ ਉੱਪਰ ਸੁਆਲ ਚੁੱਕੇ ਹਨ ਕਿ ਕਿੱਥੇ ਖਰਚ ਕੀਤਾ ਗਿਆ ਹੈ। (Raghav Chadha Marriage)

ਇਹ ਵੀ ਪੜ੍ਹੋ : ਕੁਸ਼ਤੀ ਦੰਗਲ : ਸੋਨੂੰ ਰਾਈਏਵਾਲ ਨੇ ਜਿੱਤੀ ਝੰਡੀ ਦੀ ਕੁਸ਼ਤੀ

ਬਾਦਲ ਨੇ ਕਿਹਾ ਕਿ ਭਾਰਤ-ਕੈਨੇਡਾ ਮਸਲੇ ‘ਤੇ ਪੰਜਾਬ ਦੇ ਲੋਕ ਚਿੰਤਤ ਹਨ ਅਤੇ ਉਨ੍ਹਾਂ ਦੀ ਕਈ ਅਜਿਹੇ ਲੋਕਾਂ ਨਾਲ ਗੱਲ ਹੋਈ ਹੈ, ਜੋਂ ਕਿ ਕੈਨੇਡਾ ਤੋਂ ਪੰਜਾਬ ਆਉਣਾ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਦੇ ਪਰਿਵਾਰ ਇੱਧਰ ਹਨ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਗੱਲਬਾਤ ਰਾਹੀਂ ਨਜਿੱਠਣਾ ਚਾਹੀਦਾ ਹੈ। ਬਾਦਲ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਮੇਂ ਹਾਲਤ ਬਹੁਤ ਖਰਾਬ ਕਰ ਦਿੱਤੀ ਹੈ ਅਤੇ ਲੋਕਾਂ ਵਿੱਚ ਇਸ ਸਰਕਾਰ ਤੋਂ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਭੂੰਦੜ, ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ, ਜਗਜੀਤ ਕੋਹਲੀ, ਸੁਖਬੀਰ ਅਬਲੋਵਾਲ ਅਤੇ ਜਤਿੰਦਰ ਸਿੰਘ ਪਹਾੜੀਪੁਰ ਮੌਜੂਦ ਸਨ।