ਮੈਨੇਜਰ ਸਮੇਤ 4 ਕਾਬੂ, 2 ਫਰਾਰ | Account
- ਬੈਂਕਾਂ ਦਾ ਡਾਟਾ ਚੋਰੀ ਕਰਕੇ ਸਾਇਬਰ ਠੱਗੀ ਮਾਰਨ ਵਾਲੇ 4 ਕਾਬੂ, 2 ਫਰਾਰ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਾਈਬਰ ਸੈੱਲ ਲੁਧਿਆਣਾ ਵੱਲੋਂ ਇੱਕ ਐਨਆਰਆਈ ਵਿਅਕਤੀ ਦੇ ਬੈਂਕ ਖਾਤੇ (Account) ਦਾ ਡਾਟਾ ਚੋਰੀ ਕਰਕੇ ਸਾਈਬਰ ਕ੍ਰਾਈਮ ਕਰਨ ਦੇ ਦੋਸ਼ ’ਚ 4 ਜਣਿਆਂ ਨੂੰ ਕਾਬੂ ਕੀਤਾ ਹੈ। ਜਦਕਿ ਦੋ ਹਾਲੇ ਫ਼ਰਾਰ ਦੱਸੇ ਜਾ ਰਹੇ ਹਨ। ਇਹ ਕਾਰਵਾਈ ਪੁਲਿਸ ਵੱਲੋਂ ਇੱਕ ਪ੍ਰਵਾਸੀ ਭਾਰਤੀ ਦੀ ਸ਼ਿਕਾਇਤ ’ਤੇ ਅਮਲ ਵਿੱਚ ਲਿਆਂਦੀ ਗਈ ਹੈ।
ਪੈ੍ਰਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਐਨਆਰਆਈ ਰਮਨਦੀਪ ਸਿੰਘ ਗਰੇਵਾਲ ਵੱਲੋਂ ਸ਼ਿਕਾਇਤ ਦਰਜ਼ ਕਰਵਾ ਕੇ ਆਪਣੇ ਬੈਂਕ ਖਾਤੇ ਵਿੱਚੋਂ 57 ਲੱਖ ਰੁਪਏ ਦੀ ਸਾਈਬਰ ਠੱਗੀ ਹੋਈ ਹੈ। ਉਨਾਂ ਦੱਸਿਆ ਕਿ ਸ਼ਿਕਾਇਤ ’ਤੇ ਤਫ਼ਤੀਸ ਤੋਂ ਬਾਅਦ ਦੌਰਾਨ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਵਿਅਕਤੀਆਂ ਸਮੇਤ ਕੁੱਲ ਛੇ ਜਣਿਆਂ ਨੇ ਜ਼ਾਅਲੀ ਈ- ਮੇਲ ਆਈ.ਡੀ. ਤਿਆਰ ਕਰਕੇ ਉਸ ਦੇ ਮੋਬਾਇਲ ਨੰਬਰ 79736 23550 ਜੋ ਬੈਂਕ ਖਾਤੇ ਨਾਲ ਲਿੰਕ ਸੀ, ਦੁਆਰਾ ਵਕੀਲ ਸਿੰਘ ਵਾਸੀ ਰਾਮੂਵਾਲਾ (ਫਰੀਦਕੋਟ) ਦੇ ਨਾਂਅ ’ਤੇ ਹਾਸਲ ਕੀਤਾ ਅਤੇ ਫ਼ਰਜੀ ਤਿਆਰ ਕੀਤੀ ਈ- ਮੇਲ ਨੂੰ ਖਾਤਾ ਲਿੰਕ ਕਰ ਲਿਆ ਗਿਆ।
ਇਹ ਵੀ ਪੜ੍ਹੋ : ਜਾਅਲੀ ਸਰਟੀਫਿਕੇਟ ਦੇ ਆਧਾਰ ’ਤੇ ਨੌਕਰੀ ਲੈਣ ਵਾਲਿਆਂ ਵਿਰੁੱਧ ਹੁਣ ਹੋਵੇਗੀ ਕਾਰਵਾਈ
ਜਿਸ ਤੋਂ ਬਾਅਦ ਵੱਖ ਵੱਖ ਟਰਾਂਜੈਕਸਨਾਂ ਕਰਕੇ ਐਨਆਰਆਈ ਰਮਨਦੀਪ ਸਿੰਘ ਗਰੇਵਾਲ ਦੇ ਖਾਤੇ ਵਿੱਚੋਂ ਕੁੱਲ 57 ਲੱਖ ਰੁਪਏ ਧੋਖੇ ਨਾਲ ਕਢਵਾਏ ਗਏ। ਉਨਾਂ ਦੱਸਿਆ ਕਿ ਪੁਲਿਸ ਨੇ ਉਕਤ ਮਾਮਲੇ ਵਿੱਚ ਤਫਤੀਸ ਉਪਰੰਤ ਕਾਰਵਾਈ ਅਮਲ ਵਿੱਚ ਲਿਆਉਂਦਿਆਂ 4 ਜਣਿਆਂ ਨੂੰ ਕਾਬੂ ਕਰ ਲਿਆ। ਜਦਕਿ 2 ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ’ਚੋਂ ਬਾਹਰ ਹਨ। ਉਨਾਂ ਦੱਸਿਆ ਕਿ ਪੁਲਿਸ ਨੇ ਗ੍ਰਿਫ਼ਤਾਰ ਵਿਅਕਤੀਆਂ ਪਾਸੋਂ 17 ਲੱਖ 35 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ। ਇਸ ਤੋਂ ਇਲਾਵਾ 1 ਐਪਲ ਮੈਕਬੁੱਕ, 4 ਮੋਬਾਇਲ, 3 ਚੈੱਕ ਬੁੱਕਾਂ, 8 ਏਟੀਐਮ ਕਾਰਡ ਤੇ 1 ਏਸੈਂਟ ਕਾਰ ਵੀ ਬਰਾਮਦ ਕੀਤੀ ਹੈ। ਮਾਮਲੇ ਵਿੱਚ ਸਾਈਬਰ ਠੱਗੀ ਮਾਰਨ ਵਾਲਿਆਂ ਨੂੰ ਐਚਡੀਐਫ਼ਸੀ ਬੈਂਕ ਮੈਨੇਜਰ ਸੁਖਜੀਤ ਸਿੰਘ ਨੇ ਬੈਂਕ ਦਾ ਡਾਟਾ 14 ਲੱਖ ਰੁਪਏ ਵਿੱਚ ਵੇਚਿਆ ਸੀ। ਜਿਸ ਸਮੇਤ ਪੁਲਿਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।