ਪੁਲਿਸ ਨੂੰ ਹੁਣ ਤੱਕ ਵਿਦੇਸ਼ੀ ਪਿਸਟਲ ਸਣੇ ਚਾਰ ਪਿਸਟਲ ਹੋਏ ਬਰਾਮਦ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋਂ ਨਸ਼ਾ ਤਸਕਰ ਅਮਰੀਕ ਸਿੰਘ ਅਤੇ ਫੌਜੀ ਮਨਪ੍ਰੀਤ ਸ਼ਰਮਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਸਾਥੀ ਬੱਬਰ ਖਾਲਸਾ ਨਾਲ ਸਬੰਧਿਤ ਅੱਤਵਾਦੀ ਨੰਦ ਸਿੰਘ ਪੁੱਤਰ ਖੁਸਹਾਲ ਸਿੰਘ ਵਾਸੀ ਪਿੰਡ ਸੂਹਰੋ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਅਤੇ ਉਸ ਪਾਸੋਂ ਇੱਕ ਪਿਸਟਲ 32 ਬੋਰ ਅਤੇ ਰੋਦ ਬਰਾਮਦ ਕੀਤੇ ਗਏ ਹਨ। ਪਟਿਆਲਾ ਪੁਲਿਸ ਵੱਲੋਂ ਨਸ਼ਾ ਤਸਕਰ ਅਮਰੀਕ ਸਿੰਘ ਦੀ ਗ੍ਰਿਫ਼ਤਾਰੀ ਤੇ ਪੁੱਛਗਿੱਛ ਤੋਂ ਬਾਅਦ ਫੌਜੀ ਮਨਪ੍ਰੀਤ ਸ਼ਰਮਾ ਵਾਸੀ ਪਿੰਡ ਬਲਬੇੜਾ ਨੂੰ ਭੋਪਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਰਿਮਾਂਡ ਦੌਰਾਨ ਫੌਜੀ ਮਨਪ੍ਰੀਤ ਸ਼ਰਮਾ ਤੋਂ ਭਾਰਤੀ ਫੌਜ ਦਾ ਅਹਿਮ ਡਾਟਾ ਬ੍ਰਾਮਦ ਹੋਇਆ ਅਤੇ ਨਸ਼ਾ ਤਸਕਰ ਅਮਰੀਕ ਸਿੰਘ ਤੋ 3 ਪਿਸਟਲ ਜਿਨ੍ਹਾਂ ਵਿੱਚ ਇੱਕ ਵਿਦੇਸ਼ੀ ਪਿਸਟਲ ਅਤੇ ਰੋਦ ਬ੍ਰਾਮਦ ਹੋਏ। (Babbar Khalsa)
ਇਸੇ ਦੌਰਾਨ ਹੀ ਅਮਰੀਕ ਸਿੰਘ ਦੇ ਸਾਥੀ ਬੱਬਰ ਖਾਲਸਾ ਨਾਲ ਸਬੰਧਤ ਰਹੇ ਨੰਦ ਸਿੰਘ ਨੂੰ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋ 1ਪਿਸਟਲ .32 ਬੋਰ ਸਮੇਤ 5 ਰੌਦ ਬ੍ਰਾਮਦ ਹੋਏ। ਉਨ੍ਹਾਂ ਦੱਸਿਆ ਕਿ ਨੰਦ ਸਿੰਘ ਬੱਬਰ ਖਾਲਸਾ ਦੇ ਅੱਤਵਾਦੀ ਜਗਤਾਰ ਤਾਰਾ ਅਤੇ ਜਗਤਾਰ ਹਵਾਰਾ ਦਾ ਬੁੜੈਲ ਜੇਲ ਚੰਡੀਗੜ੍ਹ (2004) ਦੇ ਫਰਾਰ ਹੋਣ ਵਾਲੇ ਕੇਸ ਵਿੱਚ ਸਹਿ ਦੋਸ਼ੀ ਰਿਹਾ ਹੈ। ਨੰਦ ਸਿੰਘ ਅਤੇ ਅਮਰੀਕ ਸਿੰਘ ਪਟਿਆਲਾ ਜੇਲ ਵਿੱਚ ਸਾਲ 2012 ਵਿੱਚ ਇਕੱਠੇ ਰਹੇ ਹਨ। ਇਸ ਤਰ੍ਹਾਂ ਅਮਰੀਕ ਸਿੰਘ ਤੋਂ ਤਿੰਨ ਪਿਸਟਲ ਅਤੇ ਇਸਦੇ ਸਾਥੀ ਨੰਦ ਸਿੰਘ ਤੋ ਇੱਕ ਹੋਰ ਪਿਸਟਲ ਬ੍ਰਾਮਦ ਕਰਕੇ ਕੁੱਲ ਚਾਰ ਪਿਸਟਲ ਬ੍ਰਾਮਦ ਕੀਤੇ ਗਏ ਹਨ।
ਫੌਜੀ ਮਨਪ੍ਰੀਤ ਸ਼ਰਮਾ ਨੇ ਕਈ ਵਾਰ ਸੌਂਪੇ ਸਨ ਅਮਰੀਕ ਸਿੰਘ ਨੂੰ ਫੌਜ ਦੇ ਖੂਫੀਆ ਦਸਤਾਵੇਜ਼ | Babbar Khalsa
ਤਫਤੀਸ਼ ਪਾਇਆ ਗਿਆ ਹੈ ਕਿ ਅਮਰੀਕ ਸਿੰਘ ਕੁੱਝ ਹੋਰ ਵਿਅਕਤੀਆਂ ਨਾਲ ਮਿਲ ਕੇ ਜਾਸੂਸੀ ਵਿੱਚ ਵੀ ਸ਼ਾਮਲ ਰਿਹਾ ਹੈ ਜੋ ਫੌਜੀ ਮਨਪ੍ਰੀਤ ਸ਼ਰਮਾ ਚੰਡੀ ਮੰਦਿਰ ਪੰਚਕੂਲਾ, ਪਠਾਨਕੋਟ, ਕੁੱਪਵਾੜਾ ਅਤੇ ਹੁਣ ਭੋਪਾਲ (ਮੱਧ ਪ੍ਰਦੇਸ਼) ਵਿਖੇ ਤਾਇਨਾਤ ਸੀ। ਅਮਰੀਕ ਸਿੰਘ ਦੀ ਫੌਜੀ ਮਨਪ੍ਰੀਤ ਸ਼ਰਮਾ ਦੇ ਪਿੰਡ ਰਿਸ਼ਤੇਦਾਰੀ ਹੋਣ ਕਰਕੇ ਅਪ੍ਰੈਲ 2021 ਵਿੱਚ ਸੰਪਰਕ ਵਿੱਚ ਆਏ। ਇਸ ਤੋ ਬਿਨ੍ਹਾਂ ਫੌਜੀ ਮਨਪ੍ਰੀਤ ਸ਼ਰਮਾ ਦੇ ਬਾਰੇ ਅਹਿਮ ਤੱਥ ਇਹ ਵੀ ਸਾਹਮਣੇ ਆਇਆ ਕਿ ਫੌਜੀ ਮਨਪ੍ਰੀਤ ਸ਼ਰਮਾ ਸਾਲ 2016 ਵਿੱਚ ਭਰਤੀ ਹੋਇਆ ਸੀ ਅਤੇ ਇਸਨੇ ਆਪਣੀ ਚੰਡੀ ਮੰਦਿਰ ਪੰਚਕੂਲਾ ਵਿਖੇ ਤਾਇਨਾਤੀ ਦੇ ਦੌਰਾਨ ਕਈ ਅਹਿਮ ਖੂਫੀਆ ਦਸਤਾਵੇਜ 4-5 ਵਾਰੀ ਅਮਰੀਕ ਸਿੰਘ ਨੂੰ ਸੌਪੇ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਹੋਰ ਪੁੱਛਗਿੱਛ ਜਾਰੀ ਹੈ।