ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ (Vidhan Sabha) ਵਿੱਚ ‘ਭਰਤੀ ਘਪਲੇ ਦੀ ਜਾਂਚ’ ਇੱਕ ਸਾਲ ਬਾਅਦ ਵੀ ਸ਼ੁਰੂ ਨਹੀਂ ਹੋਈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਇੱਕ ਸਾਲ ਪਹਿਲਾਂ ਇਸ ਮਾਮਲੇ ਵਿੱਚ ਜਾਂਚ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ ਅਤੇ ਨਾਲ ਹੀ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ’ਤੇ ਗੰਭੀਰ ਦੋਸ਼ ਵੀ ਲਾਏ ਸਨ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਮੰਨ ਰਹੇ ਹਨ ਕਿ ਜਾਂਚ ਸ਼ੁਰੂ ਹੋਣ ਵਿੱਚ ਦੇਰੀ ਹੋ ਰਹੀ ਹੈ ਪਰ ਜਲਦ ਹੀ ਜਾਣਕਾਰੀ ਅਨੁਸਾਰ ਪਿਛਲੀ ਕਾਂਗਰਸ ਸਰਕਾਰ ਦੌਰਾਨ ਸਪੀਕਰ ਰਹੇ ਰਾਣਾ ਕੇਪੀ ਸਿੰਘ ਵੱਲੋਂ ਆਪਣੇ ਕਾਰਜਕਾਲ ਦੌਰਾਨ ਵੱਡੇ ਪੱਧਰ ’ਤੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਭਰਤੀ ਵਿਧਾਨ ਸਭਾ ਵਿੱਚ ਕੀਤੀ ਸੀ।
ਹਾਲਾਂਕਿ ਇਸ ਭਰਤੀ ਅਮਲ ਦੌਰਾਨ ਉਨ੍ਹਾਂ ਵੱਲੋਂ ਅਖ਼ਬਾਰਾਂ ਵਿੱਚ ਨੋਟਿਸ ਜਾਰੀ ਕਰਨ ਦੇ ਨਾਲ ਹੀ ਬਕਾਇਦਾ ਪੇਪਰ ਵੀ ਲਏ ਗਏ ਸਨ ਅਤੇ ਮੈਰਿਟ ਲਿਸਟ ਅਨੁਸਾਰ ਹੀ ਨੌਕਰੀ ’ਤੇ ਰੱਖਿਆ ਗਿਆ ਸੀ ਪਰ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਆਮ ਆਦਮੀ ਪਾਰਟੀ ਦੇ ਮੌਜ਼ੂਦਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਸ ਭਰਤੀ ਕਾਰਵਾਈ ਨੂੰ ਹੀ ਫਰਜ਼ੀ ਕਰਾਰ ਦਿੰਦੇ ਹੋਏ ਭਰਤੀ ਘਪਲਾ ਹੋਣ ਦਾ ਗੰਭੀਰ ਦੋਸ਼ ਲਗਾਇਆ ਗਿਆ ਸੀ। ਇਸ ਭਰਤੀ ਕਾਰਵਾਈ ਵਿੱਚ ਸਭ ਤੋਂ ਜ਼ਿਆਦਾ ਗੰਭੀਰ ਗੱਲ ਇਹ ਸੀ ਕਿ ਵਿਧਾਨ ਸਭਾ ਵੱਲੋਂ ਕਿਸੇ ਤੀਜੀ ਧਿਰ ਨੂੰ ਭਰਤੀ ਦਾ ਕੰਮ ਦੇਣ ਦੀ ਥਾਂ ’ਤੇ ਖ਼ੁਦ ਹੀ ਵਿਧਾਨ ਸਭਾ ਵਿੱਚ ਪੇਪਰ ਲੈਣ ਤੋਂ ਲੈ ਕੇ ਪੇਪਰ ਚੈਕਿੰਗ ਤੱਕ ਦਾ ਕੰਮ ਖ਼ੁਦ ਕੀਤਾ ਗਿਆ ਸੀ ਅਤੇ ਸਾਰਾ ਕੁਝ ਵਿਧਾਨ ਸਭਾ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਹੱਥੋਂ ਹੀ ਗੁਜ਼ਰ ਰਿਹਾ ਸੀ। (Vidhan Sabha)
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਵੱਡਾ ਤੋਹਫ਼ਾ
ਜਿਸ ਕਾਰਨ ਇਸ ਵਿੱਚ ਵਿਧਾਨ ਸਭਾ ਦੇ ਸਾਬਕਾ ਸਪੀਕਰ ਵੱਲੋਂ ਘਪਲਾ ਕਰਨ ਦੇ ਦੋਸ਼ ਲਾਏ ਗਏ ਸਨ। ਇਸ ਭਰਤੀ ਦੌਰਾਨ ਵਿਧਾਨ ਸਭਾ ਦੇ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਰਕਾਰੀ ਨੌਕਰੀ ਮਿਲੀ ਸੀ ਅਤੇ ਉਨ੍ਹਾਂ ਦੀ ਮੈਰਿਟ ਲਿਸਟ ਵਿੱਚ ਸ਼ਾਮਲ ਹੋਣ ਤੋਂ ਲੈ ਕੇ ਉਨ੍ਹਾਂ ਦੇ ਪੇਪਰ ਦੇਣ ਤੱਕ ਦੀ ਭਰਤੀ ’ਤੇ ਉਂਗਲ ਚੁੱਕੀ ਗਈ ਸੀ। ਇਸ ਨਾਲ ਹੀ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ’ਤੇ ਇਹ ਵੀ ਦੋਸ਼ ਵੀ ਹਰਜੋਤ ਸਿੰਘ ਬੈਂਸ ਵੱਲੋਂ ਲਾਏ ਗਏ ਸਨ ਕਿ ਭਰਤੀ ਘਪਲੇ ਵਿੱਚ ਕਰੋੜਾਂ ਰੁਪਏ ਦੀ ਖੇਡ ਵੀ ਹੋਈ ਹੈ।
ਇਨ੍ਹਾਂ ਦੋਸ਼ਾਂ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਤਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੀ ਕੁਰਸੀ ਸੰਭਾਲਣ ਤੋਂ ਕੁਝ ਦਿਨਾਂ ਬਾਅਦ ਹੀ ਐਲਾਨ ਕਰ ਦਿੱਤਾ ਸੀ ਕਿ ਉਹ ‘ਭਰਤੀ ਘਪਲੇ ਦੀ ਜਾਂਚ’ ਕਰਵਾਉਣ ਦੇ ਆਦੇਸ਼ ਦੇਣ ਜਾ ਰਹੇ ਹਨ ਅਤੇ ਜਲਦ ਹੀ ਇਹ ਘਪਲਾ ਬਾਹਰ ਆ ਜਾਵੇਗਾ ਪਰ ਉਸ ਐਲਾਨ ਕੀਤੇ ਨੂੰ ਹੀ ਅੱਜ ਇੱਕ ਸਾਲ ਹੋ ਗਿਆ ਹੈ ਪਰ ਹੁਣ ਤੱਕ ਇਸ ਜਾਂਚ ਨੂੰ ਸ਼ੁਰੂ ਤੱਕ ਨਹੀਂ ਕੀਤਾ ਜਾ ਸਕਿਆ ।
ਕਾਨੂੰਨੀ ਸਲਾਹ ਲੈ ਲਈ ਗਈ ਐ, ਜਲਦ ਸ਼ੁਰੂ ਹੋਏਗੀ ਜਾਂਚ : ਕੁਲਤਾਰ ਸੰਧਵਾਂ
ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਪਿਛਲੀ ਸਰਕਾਰ ਦੌਰਾਨ ਹੋਏ ਭਰਤੀ ਘੁਟਾਲੇ ਦੀ ਜਾਂਚ ਲਈ ਕਾਨੂੰਨੀ ਸਲਾਹ ਲੈ ਲਈ ਗਈ ਹੈ ਅਤੇ ਜਲਦ ਹੀ ਜਾਂਚ ਨੂੰ ਸ਼ੁਰੂ ਕਰ ਦਿੱਤਾ ਜਾਏਗਾ। ਇਹ ਜਾਂਚ ਕਿਹੜੀ ਏਜੰਸੀ ਤੋਂ ਕਰਵਾਈ ਜਾਏਗੀ ? ਇਸ ਸਬੰਧੀ ਜਿਆਦਾ ਜਾਣਕਾਰੀ ਦੇਣ ਤੋਂ ਸਪੀਕਰ ਕੁਲਤਾਰ ਸਿੰਘ ਸੰਧਵਾ ਵਲੋਂ ਇਨਕਾਰ ਕਰਦੇ ਹੋਏ ਇਹ ਹੀ ਕਿਹਾ ਗਿਆ ਕਿ ਅਗਲੇ ਕੁਝ ਹੀ ਦਿਨਾਂ ਵਿੱਚ ਸਾਰੀ ਜਾਣਕਾਰੀ ਜਨਤਕ ਕਰ ਦਿੱਤੀ ਜਾਏਗੀ।