ਸਰਕਾਰ ਤੋਂ ਅੱਕੇ ਡਿੱਪੂ ਹੋਲਡਰਾਂ ਨੇ ਵਜਾਇਆ ਸੰਘਰਸ਼ ਦਾ ਵਿਗਲ
- ਡਿੱਪੂ ਹੋਲਡਰ 15 ਸਤੰਬਰ ਨੂੰ ਚੰਡੀਗੜ੍ਹ ਵਿਖੇ ਲਾਉਣਗੇ ਧਰਨਾ
(ਗੁਰਤੇਜ ਜੋਸ਼ੀ) ਮਲੇਰਕੋਟਲਾ। ਪੰਜਾਬ ਸਰਕਾਰ ਦੇ ਸਤਾਏ ਸੂਬੇ ਭਰ ਦੇ ਰਾਸ਼ਨ ਡਿਪੂ ਹੋਲਡਰਾਂ ਵੱਲੋ 15 ਸਤੰਬਰ ਨੂੰ ਅਨਾਜ ਭਵਨ ਸੈਕਟਰ 39 ਸੀ ਚੰਡੀਗੜ੍ਹ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਰਜਿ ਬਲਾਕ ਮਲੇਰਕੋਟਲਾ ਅਤੇ ਅਮਰਗੜ੍ਹ ਦੇ ਡਿੱਪੂ ਹੋਲਡਰਾਂ (Depot Holders) ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਦਿਨੀਂ ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਰਜਿ. ਦੇ ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਸਮੇਤ ਜਥੇਬੰਦੀ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਤ ਨੂੰ ਡਿਪੂ ਹੋਲਡਰਾਂ ਦੀਆਂ ਸਮੱਸਿਆ, ਤਕਲੀਫਾਂ ਬਾਰੇ ਜਾਣੂ ਕਰਵਾਇਆ ਸੀ ਅਤੇ ਮੈਮੋਰੰਡਮ ਵੀ ਦਿੱਤਾ ਗਿਆ ਸੀ ਜਿਸ ਬਾਰੇ ਰਾਜਪਾਲ ਨੇ ਸਾਰੇ ਮਸਲੇ ਹੱਲ ਕਰਨ ਵਾਰੇ ਪੂਰਨ ਭਰੋਸਾ ਦਿੱਤਾ ਸੀ। ਬਲਾਕ ਆਗੂਆਂ ਨੇ ਦੱਸਿਆ ਕਿ ਢਾਈ ਸਾਲ ਮਹਾਂਮਾਰੀ ਬਿਮਾਰੀ ਕਰੋਨਾ ਤੋਂ ਲੈ ਕੇ ਅੱਜ ਤੱਕ ਮੁਫ਼ਤ ਵਾਲੀ ਗਰੀਬ ਕਲਿਆਣ ਯੋਜਨਾ ਦਾ ਬਣਦਾ ਕਮਿਸ਼ਨ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਜੋ ਕਿ ਨਾ ਮਾਤਰ ਹੈ ਜਦੋਂ ਕਿ ਬਾਹਰਲੇ ਸੂਬਿਆਂ ’ਚ ਸਰਕਾਰ 200-250 ਰੁਪਏ ਪ੍ਰਤੀ ਕੁਇੰਟਲ ਕਮਿਸ਼ਨ ਦੇ ਰਹੀ ਹੈ।
ਕੁਝ ਸੁੂਬਿਆਂ ਵਿੱਚ ਡੀਸੀ ਰੇਟ ਤਨਖਾਹ ਦਿੱਤੀ ਜਾ ਰਹੀ ਹੈ, ਪੰਜਾਬ ਸਰਕਾਰ ਡਿੱਪੂ ਹੋਲਡਰਾਂ ਨੂੰ ਮਹਿਜ 47 ਰੁਪਏ ਕੁਇੰਟਲ ਕਮਿਸ਼ਨ ਹੀ ਦੇ ਰਹੀ ਹੈ, ਉਹ ਵੀ ਕਈ-ਕਈ ਸਾਲ ਲਮਕਾ ਕੇ। ਜਦੋਂ 2500 ਰੁਪਏ ਕੁਇੰਟਲ ਵਾਲੀ ਕਣਕ ਖਪਤਕਾਰਾਂ ਨੂੰ ਸਰਕਾਰ ਮੁਫ਼ਤ ਦੇ ਸਕਦੀ ਹੈ, ਤਾਂ ਡਿੱਪੂ ਹੋਲਡਰਾਂ ਨੂੰ 300 ਰੁਪਏ ਕੁਇੰਟਲ ਕਮਿਸ਼ਨ ਕਿਉਂ ਨਹੀਂ ਦੇ ਸਕਦੀ।
ਪ੍ਰਾਈਵੇਟ ਕੰਪਨੀਆਂ ਨੂੰ ਵੰਡੇ ਟੈਂਡਰ ਰੱਦ ਕੀਤੇ ਜਾਣ (Depot Holders)
ਡਿਪੂ ਹੋਲਡਰ ਫੈਡਰੇਸ਼ਨ ਰਜਿ: ਮੰਗ ਕਰ ਰਹੀ ਹੈ ਕਿ ਘਰ-ਘਰ ਆਟਾ ਵੰਡਣ ਲਈ ਪ੍ਰਾਈਵੇਟ ਕੰਪਨੀਆਂ ਨੂੰ ਵੰਡੇ ਟੈਂਡਰ ਰੱਦ ਕੀਤੇ ਜਾਣ ਅਤੇ ਡਿੱਪੂ ਹੋਲਡਰਾਂ ਦਾ ਰਹਿੰਦਾ ਕਮਿਸ਼ਨ ਜਲਦੀ ਪਾਇਆ ਜਾਵੇ, ਹਰੇਕ ਡਿਪੂ ਹੋਲਡਰ ਨੂੰ ਪਰਚੀਆਂ ਕੱਟਣ ਵਾਲੀ ਮਸ਼ੀਨ ਦਿੱਤੀ ਜਾਵੇ ਤਾਂ ਕਿ ਲੋਕਾਂ ਦੀਆ ਲੰਬੀਆਂ ਲਾਈਨਾਂ ਨਾ ਲੱਗਣ, ਹਰੇਕ ਪਿੰਡ ਡਿਪੂ ਹੋਲਡਰ ਨੂੰ ਵਾਈ ਫਾਈ ਕੁਨੈਕਸ਼ਨ ਮੁਫ਼ਤ ਦਿੱਤਾ ਜਾਵੇ ਤਾਂ ਕਿ ਮਸ਼ੀਨ ਦਾ ਸਰਵਰ ਡਾਊਨ ਨਾ ਹੋਵੇ, ਡਿਪੂ ਹੋਲਡਰਾਂ ਨੂੰ ਦੁਕਾਨ ਦਾ ਕਿਰਾਇਆ ਦਿੱਤਾ ਜਾਏ, ਪੰਜ ਲੱਖ ਵਾਲਾ ਇਲਾਜ ਕਾਰਡ ਬਣਾਇਆ ਜਾਵੇ, ਕੰਪਿਊਟਰ ਕੰਡੇ ਦਿੱਤੇ ਜਾਣ ਜਾਂ ਬਣਦੀ ਕੰਢੇ ਦੀ ਰਕਮ ਦਿੱਤੀ ਜਾਵੇ। ਜੇਕਰ ਕੋਈ ਡਿਪੂ ਹੋਲਡਰ ਵੱਲੋਂ ਕੁਤਾਹੀ ਕਰਨ ਦੀ ਸ਼ਿਕਾਇਤ ਆਉਂਦੀ ਹੈ ਤਾਂ ਪੂਰਨ ਇੰਨਕੁਆਰੀ ਕੀਤੇ ਬਗੈਰ ਕੋਈ ਸਪਲਾਈ ਸਸਪੈਂਡ ਨਾ ਕੀਤੀ ਜਾਵੇ।
ਇਹ ਵੀ ਪੜ੍ਹੋ : ਅਕਾਲੀ ਦਲ ਨੇ ਲਾਏ ਦਸ ਲੋਕ ਸਭਾ ਦੇ ਇੰਚਾਰਜ਼
ਡਿਪੂ ਹੋਲਡਰ ਦੀ ਮੌਤ ਹੋਣ ’ਤੇ ਤੁਰੰਤ ਪਰਿਵਾਰ ਦੇ ਜੀਅ ਨੂੰ ਡਿੱਪੂ ਅਲਾਟ ਕੀਤਾ ਜਾਵੇ। ਡਿੱਪੂ ਹੋਲਡਰ ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਧਰਨੇ ’ਤੇ ਵੱਧ ਤੋਂ ਵੱਧ ਡਿੱਪੂ ਹੋਲਡਰ ਵੀਰ ਅਤੇ ਭੈਣਾਂ ਪਹੁੰਚਣਗੇ। ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਮੁਹੰਮਦ ਸਲੀਮ ਨੌਸਹਿਰਾ, ਬਲਾਕ ਮਲੇਰਕੋਟਲਾ ਦੇ ਪ੍ਰਧਾਨ ਸੁਦਾਗਰ ਅਲੀ, ਸ਼ਹਿਰੀ ਪ੍ਰਧਾਨ ਮੁਹੰਮਦ ਸਦੀਕ ਅਤੇ ਅਮਰਗੜ੍ਹ ਦੇ ਪ੍ਰਧਾਨ ਵਜੀਰ ਸਿੰਘ ਬਿੱਲੂ, ਪ੍ਰਵੀਨ ਕੁਮਾਰ ਭੂਦਨ, ਤਰਸੇਮ ਚੰਦ ਭੂਦਨ, ਕਰਮਜੀਤ ਸਿੰਘ ਰਟੌਲਾਂ, ਸੁਰਜਦੀਨ ਕੇਲੋਂ, ਇਜਹਾਰ ਖਾਂ ਢੱਡੇਵਾੜਾ, ਬਿਕਰਮਜੀਤ ਸਿੰਘ ਲਸੋਈ, ਪਰਮਜੀਤ ਸਿੰਘ ਹਥਨ, ਚਰਨਜੀਤ ਸਿੰਘ ਹਥਨ, ਜੱਸੀ ਸਿੰਘ, ਰਾਮ ਸਰਨ ਗੁਆਰਾ ਜਿੰਦਰ ਸਿੰਘ ਸੇਹਕੇ, ਨਜੀਰ ਬਿਜੌਕੀ, ਬਿੱਕਰ ਸਿੰਘ ਰਾੜਵਾ ਭੁਪੇਸ਼ ਜੈਨ, ਪ੍ਰਵੀਨ ਪੁਰੀ, ਅਨਵਰ, ਲਵੀ ਤੋਂ ਇਲਾਵਾ ਹੋਰ ਵੀ ਡਿੱਪੂ ਹੋਲਡਰ ਹਾਜ਼ਰ ਸਨ। (Depot Holders)